ਸਹੁਰਿਆਂ ਤੋਂ ਤੰਗ ਔਰਤ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਤਰਨ ਤਾਰਨ, 26 ਜੁਲਾਈ
ਇਲਾਕੇ ਦੇ ਪਿੰਡ ਸਰਹਾਲੀ ’ਚ ਸਹੁਰਿਆਂ ਤੋਂ ਤੰਗ ਇੱਕ ਵਿਆਹੁਤਾ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਸ਼ਨਾਖਤ ਅਮਨਦੀਪ ਕੌਰ (45) ਵਜੋਂ ਹੋਈ ਹੈ। ਉਸ ਦਾ ਦੋ ਕੁ ਸਾਲ ਪਹਿਲਾਂ ਬਲਵਿੰਦਰ ਸਿੰਘ ਵਾਸੀ ਨਾਰੰਗ ਸਿੰਘ ਵਾਲਾ (ਫਿਰੋਜ਼ਪੁਰ) ਨਾਲ ਦੂਸਰਾ ਵਿਆਹ ਹੋਇਆ ਸੀ|
ਜਾਣਕਾਰੀ ਮੁਤਾਬਕ ਅਮਨਦੀਪ ਕੌਰ ਦਾ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਉਸ ਦੀ ਕੁੱਟਮਾਰ ਕੁੱਟ ਕਰਦੇ ਸਨ ਤੇ ਕੁਝ ਚਿਰ ਪਹਿਲਾਂ ਉਸ ਨੂੰ ਪੇਕੇ ਪਿੰਡ ਸਰਹਾਲੀ ਉਸ ਦੇ ਭਰਾ ਦੇ ਘਰ ਛੱਡ ਗਏ ਸਨ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਕਰਕੇ 23 ਜੁਲਾਈ ਨੂੰ ਉਸ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ| ਅਮਨਦੀਪ ਦੇ ਭਰਾ ਅੰਗਰੇਜ਼ ਸਿੰਘ ਸ਼ੇਰਦਿਲ ਨੇ ਦੱਸਿਆ ਕਿ ਜ਼ਹਿਰੀਲੀ ਵਸਤੂ ਨਿਗਲਣ ਮਗਰੋਂ ਅਮਨਦੀਪ ਨੂੰ ਹਸਪਤਾਲ ਸਰਹਾਲੀ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਠੀਕ ਹੋਣ ’ਤੇ ਡਾਕਟਰਾਂ ਨੇ ਉਸ ਨੂੰ ਘਰ ਭੇਜ ਦਿੱਤਾ ਪਰ ਫਿਰ ਸਿਹਤ ਵਿਗੜਨ ਕਾਰਨ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਥਾਣਾ ਸਰਹਾਲੀ ਦੇ ਪੁਲੀਸ ਅਧਿਕਾਰੀ ਏਐੱਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।