For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਤੋਂ ਲਾਸ਼ ਮੰਗਵਾਉਣ ਬਦਲੇ ਮੰਗਿਆ ਵਿਧਵਾ ਦਾ ਘਰ

08:39 AM Aug 27, 2024 IST
ਵਿਦੇਸ਼ ਤੋਂ ਲਾਸ਼ ਮੰਗਵਾਉਣ ਬਦਲੇ ਮੰਗਿਆ ਵਿਧਵਾ ਦਾ ਘਰ
Advertisement

ਹਤਿੰਦਰ ਮਹਿਤਾ
ਜਲੰਧਰ, 26 ਅਗਸਤ
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇੱਕ ਵਿਅਕਤੀ ਦੀ ਮਨੀਲਾ ਵਿੱਚ ਭੇਤ-ਭਰੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਲਾਲ ਵਜੋਂ ਹੋਈ ਹੈ। ਕੁਲਦੀਪ ਲਾਲ ਦੀ ਪਤਨੀ ਭਜਨ ਕੌਰ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸ ਦਾ ਪਤੀ ਮਨੀਲਾ ਗਿਆ ਸੀ। ਉਹ ਉੱਥੇ ਪਿੰਡ ਦੇ ਹੀ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੱਲੋਂ ਖੋਲ੍ਹੇ ਰੈਸਤਰਾਂ ਵਿੱਚ ਕੰਮ ਕਰਦਾ ਸੀ। ਭਜਨ ਕੌਰ ਨੇ ਕਿਹਾ ਕਿ ਉਸ ਦਾ ਪਤੀ ਹਲਵਾਈ ਦੇ ਕੰਮ ਵਿੱਚ ਮਾਹਿਰ ਸੀ ਇਸੇ ਕਰਕੇ ਹੀ ਬਲਦੇਵ ਸਿੰਘ ਨੇ ਉਸ ਨੂੰ ਫਿਲਪੀਨਜ਼ ਲਿਜਾਣ ਦਾ ਫੈਸਲਾ ਕੀਤਾ ਸੀ। ਭਜਨ ਕੌਰ ਦੀ ਧੀ ਕੁਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਮਨੀਲਾ ਵਿੱਚ 15 ਅਗਸਤ 2024 ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਵਾਪਸ ਭੇਜਣ ਬਦਲੇ ਬਲਦੇਵ ਸਿੰਘ ਉਨ੍ਹਾਂ ਕੋਲੋਂ ਪਿੰਡ ਵਿਚਲਾ 2 ਮਰਲੇ ਦਾ ਘਰ ਆਪਣੇ ਨਾਂ ਕਰਨ ਲਈ ਦਬਾਅ ਪਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੁਲਦੀਪ ਲਾਲ ਦਸੰਬਰ 2022 ਵਿੱਚ ਘਰ ਦੀਆਂ ਲੋੜਾਂ ਪੂਰਾ ਕਰਨ ਲਈ ਬਲਦੇਵ ਸਿੰਘ ਰਾਹੀਂ ਵਿਦੇਸ਼ ਗਿਆ ਸੀ। ਆਪਣੇ ਸਾਥੀ ਪਿੰਡ ਵਾਸੀ ਦੇ ਕਹਿਣ ’ਤੇ ਉਹ ਉਥੇ ਇੱਕ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਸੀ। ਬਲਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਚੰਗੀ ਤਨਖਾਹ ਅਤੇ ਚੰਗੇ ਭਵਿੱਖ ਦਾ ਵਾਅਦਾ ਕਰਦੇ ਹੋਏ ਕੁਲਦੀਪ ਲਾਲ ਨੂੰ ਉਨ੍ਹਾਂ ਨਾਲ ਲਿਜਾਣ ਲਈ ਮਨਾ ਲਿਆ ਪਰ ਜਦੋਂ ਉਹ ਵਿਦੇਸ਼ ਪਹੁੰਚਿਆ ਤਾਂ ਹਾਲਾਤ ਬਦਤਰ ਹੋ ਗਏ। ਭਜਨ ਕੌਰ ਅਨੁਸਾਰ ਰੈਸਤਰਾਂ ਮਾਲਕ ਉਸ ਨੂੰ ਆਪਣੇ ਪਤੀ ਨਾਲ ਗੱਲ ਕਰਨ ਨਹੀਂ ਦਿੰਦਾ ਸੀ, ਜਿਸ ਕਾਰਨ ਉਨ੍ਹਾਂ ਦਾ ਕੁਲਦੀਪ ਲਾਲ ਨਾਲ ਸੰਪਰਕ ਟੁੱਟ ਗਿਆ। ਭਜਨ ਕੌਰ ਨੇ ਦੱਸਿਆ ਕਿ ਪਿਛਲੇ 19 ਮਹੀਨਿਆਂ ਵਿੱਚ ਕੁਲਦੀਪ ਲਾਲ ਨੇ ਉਨ੍ਹਾਂ ਨੂੰ ਸਿਰਫ 40,000 ਰੁਪਏ ਭੇਜੇ ਹਨ ਜੋ ਵਾਅਦਾ ਕੀਤੀ ਕਮਾਈ ਤੋਂ ਬਹੁਤ ਦੂਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਦਾ ਮਾਲਕ ਉਸ ਦੇ ਪਤੀ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਦੀ ਸੁਰੱਖਿਆ ਦੇ ਡਰੋਂ ਚੁੱਪ ਰਹੀ। ਕਿਉਂਕਿ ਉਹ ਆਪਣੇ ਪਤੀ ਦੀ ਘਰ ਵਾਪਸੀ ਨੂੰ ਤਰਜੀਹ ਦੇ ਰਹੀ ਸੀ ਪਰ ਮੌਤ ਦੀ ਖਬਰ ਨੇ ਉਨ੍ਹਾਂ ਦਾ ਸਭ ਕੁੱਝ ਖੋਹ ਲਿਆ। ਭਜਨ ਕੌਰ ਨੇ ਮੰਗ ਕੀਤੀ ਕਿ ਕੁਲਦੀਪ ਲਾਲ ਦੀ ਲਾਸ਼ ਸਸਕਾਰ ਲਈ ਪਿੰਡ ਲਿਆਂਦੀ ਜਾਵੇ।
ਇਸ ਦੌਰਾਨ ਭਜਨ ਕੌਰ ਨੇ ਪਰਿਵਾਰ ਸਮੇਤ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਕੋਲ ਆਪਣੇ ਪਤੀ ਦੀ ਲਾਸ਼ ਵਾਪਸ ਮੰਗਵਾਉਣ ਦੀ ਮੰਗ ਕੀਤੀ ਜਿਸ ’ਤੇ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਲਿਖਤੀ ਪੱਤਰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਨੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

joginder kumar

View all posts

Advertisement