ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵਾਗਤਯੋਗ ਫ਼ੈਸਲਾ

06:18 AM Jan 02, 2024 IST
ਗੋਇੰਦਵਾਲ ਥਰਮਲ ਪਲਾਂਟ ਦੀ ਤਸਵੀਰ।

ਪੰਜਾਬ ਸਰਕਾਰ ਦਾ ਨਿੱਜੀ ਖੇਤਰ ਦੇ ਥਰਮਲ ਪਲਾਂਟ ਨੂੰ ਖਰੀਦਣ ਦਾ ਫ਼ੈਸਲਾ ਅਤਿਅੰਤ ਸਵਾਗਤਯੋਗ ਹੈ। ਗੋਇੰਦਵਾਲ ਸਾਹਿਬ ਸਥਿਤ ਇਹ ਥਰਮਲ ਪਲਾਂਟ ਜੀਵੀਕੇ ਕੰਪਨੀ ਚਲਾ ਰਹੀ ਹੈ। ਪੰਜਾਬ ਅਤੇ ਹੋਰ ਸੂਬਿਆਂ ਦੇ ਇਤਿਹਾਸ ਵਿਚ ਇਹ ਪਹਿਲਾ ਮਾਮਲਾ ਹੈ ਜਿਸ ਵਿਚ ਕਿਸੇ ਰਾਜ ਸਰਕਾਰ ਨੇ ਨਿੱਜੀ ਖੇਤਰ ਦਾ ਥਰਮਲ ਪਲਾਂਟ ਖਰੀਦਿਆ ਹੋਵੇ। ਇਹ ਫ਼ੈਸਲਾ ਨਾ ਸਿਰਫ਼ ਪੰਜਾਬ ਦੇ ਲੋਕਾਂ ਦੇ ਹਿੱਤ ਵਿਚ ਹੈ ਸਗੋਂ ਹੋਰ ਸੂਬਿਆਂ ਦੀ ਵੀ ਅਗਵਾਈ ਕਰਨ ਵਾਲਾ ਹੈ ਕਿ ਬੁਨਿਆਦੀ ਢਾਂਚੇ ਦੇ ਪ੍ਰਾਜੈਕਟ ਨਿੱਜੀ ਖੇਤਰ ਦੇ ਹੱਥਾਂ ਵਿਚ ਸੌਂਪਣ ਦੀ ਥਾਂ ਆਪ ਚਲਾਉਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਫ਼ੈਸਲੇ ਨੂੰ ਇਤਿਹਾਸਕ ਦੱਸਦਿਆਂ ਇਸ ਦਾ ਨਾਮ ਤੀਜੇ ਗੁਰੂ ਸਾਹਿਬ ਦੇ ਨਾਮ ਉੱਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਣ ਦਾ ਐਲਾਨ ਕੀਤਾ ਹੈ।
ਇਸ ਖਰੀਦ ਨਾਲ ਪੰਜਾਬ ਨੂੰ ਸਾਲਾਨਾ 300-350 ਕਰੋੜ ਦੀ ਸਾਲਾਨਾ ਬੱਚਤ ਹੋਵੇਗੀ ਜਿਸ ਦਾ ਫ਼ਾਇਦਾ ਖ਼ਪਤਕਾਰਾਂ ਨੂੰ ਮਿਲੇਗਾ। ਇਕ ਅਨੁਮਾਨ ਅਨੁਸਾਰ ਨਵੇਂ ਥਰਮਲ ਪਲਾਂਟ ਲਗਾਉਣ ਦੀ ਲਾਗਤ 8.50 ਕਰੋੜ ਰੁਪਏ ਪ੍ਰਤੀ ਮੈਗਾਵਾਟ ਹੈ ਅਤੇ ਨਿੱਜੀ ਖੇਤਰ ਦੇ ਕੁਝ ਪੁਰਾਣੇ ਪਾਵਰ ਪਲਾਂਟ ਆਪਸ ਵਿਚ ਹੋਈ ਖਰੀਦੋ ਫ਼ਰੋਖਤ ਤੇ ਕੇਂਦਰ ਸਰਕਾਰ ਨੂੰ 3 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਹਿਸਾਬ ਨਾਲ ਵੇਚੇ ਗਏ ਸਨ। ਪੰਜਾਬ ਨੇ 540 ਮੈਗਾਵਾਟ ਦਾ ਇਹ ਥਰਮਲ ਪਲਾਂਟ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੀ ਲਾਗਤ ਨਾਲ ਖਰੀਦਿਆ ਹੈ ਅਤੇ ਇਸ ਤਰ੍ਹਾਂ ਇਹ ਖਰੀਦ ਕਾਫ਼ੀ ਸੂਝ-ਬੂਝ ਨਾਲ ਕੀਤੀ ਗਈ ਹੈ। ਇਹ ਵੀ ਧਿਆਨ ਦੇਣ ਯੋਗ ਹੈ ਕਿ ਜੀਵੀਕੇ ਨੂੰ ਕਰਜ਼ਾ ਦੇਣ ਵਾਲੇ ਸਾਰੇ ਬੈਂਕਾਂ ਤੇ ਹੋਰ ਰਿਣਦਾਤਿਆਂ ਨੇ ਇਸ ਪਲਾਂਟ ਬਾਰੇ ਪੀਐੱਸਪੀਸੀਐਲ (Punjab State Power Corporation Limited) ਦੀ ਤਜਵੀਜ਼ ਨਾਲ ਸਹਿਮਤੀ ਜਤਾਈ। ਇਸ ਮਾਮਲੇ ਵਿਚ ਦਿਖਾਈ ਗਈ ਪਾਰਦਰਸ਼ਤਾ ਸਲਾਹੁਣਯੋਗ ਹੈ।
ਇਹ ਪਲਾਂਟ ਖਰੀਦਣ ਨਾਲ ਪੰਜਾਬ ਪਛਵਾੜਾ ਕੋਲਾ ਖਾਣ ਜਿਸ ਦੀ ਮਾਲਕੀ ਪੰਜਾਬ ਕੋਲ ਹੈ, ਤੋਂ ਜ਼ਿਆਦਾ ਕੋਲਾ ਵਰਤ ਸਕੇਗਾ। ਹੁਣ ਤਕ ਪਲਾਂਟ ਦੀ ਵਰਤੋਂ ਔਸਤਨ 34 ਫ਼ੀਸਦੀ ਰਹੀ ਹੈ; ਪੰਜਾਬ ਸਰਕਾਰ ਇਸ ਸਮਰੱਥਾ ਨੂੰ 75 ਤੋਂ 80 ਫ਼ੀਸਦੀ ਤਕ ਵਧਾ ਸਕਦੀ ਹੈ। ਇਹ ਸਮਝੌਤਾ ਹੋਣ ਨਾਲ ਸਾਰੇ ਅਦਾਲਤੀ ਕੇਸ ਖ਼ਤਮ ਹੋ ਜਾਣਗੇ ਤੇ ਭਵਿੱਖ ਵਿਚ ਕੋਈ ਹੋਰ ਮੁਕੱਦਮੇਬਾਜ਼ੀ ਨਹੀਂ ਹੋਵੇਗੀ। ਪਲਾਂਟ ਕੋਲ 1100 ਏਕੜ ਜ਼ਮੀਨ ਹੈ ਜਿਸ ਵਿਚੋਂ 700 ਏਕੜ ਪਲਾਂਟ ਲਈ ਵਰਤੀ ਗਈ ਹੈ ਅਤੇ ਲਗਭਗ 400 ਏਕੜ ਭਵਿੱਖ ਵਿਚ ਵਰਤੀ ਜਾ ਸਕਦੀ ਹੈ। ਸਰਕਾਰ ਦੁਆਰਾ ਪਲਾਂਟ ਖਰੀਦਣ ਨਾਲ ਨਾ ਸਿਰਫ਼ ਸੂਬੇ ਨੂੰ ਫ਼ਾਇਦਾ ਹੋਵੇਗਾ ਸਗੋਂ ਗੋਇੰਦਵਾਲ ਸਾਹਿਬ ਤੇ ਨਜ਼ਦੀਕੀ ਇਲਾਕਿਆਂ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇੱਥੇ ਇਹ ਯਾਦ ਕਰਨਾ ਬਣਦਾ ਹੈ ਕਿ ਪੰਜਾਬ ਦੇ ਬਿਜਲੀ ਖੇਤਰ ਦੇ ਇੰਜਨੀਅਰਾਂ ਨੇ ਜਨਤਕ ਖੇਤਰ ਵਿਚ ਥਰਮਲ ਪਲਾਂਟ ਲਗਾ ਕੇ ਅਤੇ ਉਨ੍ਹਾਂ ਨੂੰ ਸਫ਼ਲਤਾ ਨਾਲ ਚਲਾ ਕੇ ਪੰਜਾਬ ਨੂੰ ਬਿਜਲੀ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਬਣਾਇਆ ਸੀ। ਜਦੋਂ ਤਤਕਾਲੀ ਸਰਕਾਰ ਨੇ ਦੋ ਥਰਮਲ ਪਲਾਂਟ ਨਿੱਜੀ ਖੇਤਰ ਵਿਚ ਲਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਪੰਜਾਬ ਦੇ ਬਿਜਲੀ ਇੰਜਨੀਅਰਾਂ ਦੀ ਰਾਏ ਇਹ ਸੀ ਕਿ ਸਰਕਾਰ ਘੱਟੋ-ਘੱਟ ਇਕ ਥਰਮਲ ਪਲਾਂਟ ਜਨਤਕ ਖੇਤਰ ਵਿਚ ਲਗਾਏ। ਕਾਰਪੋਰੇਟ ਅਦਾਰਿਆਂ ਦੇ ਦਬਾਅ ਹੇਠ ਭਾਵੇਂ ਸਾਰੀ ਦੁਨੀਆ ਵਿਚ ਰੁਝਾਨ ਨਿੱਜੀਕਰਨ ਵੱਲ ਹੈ ਪਰ ਨਿੱਜੀਕਰਨ ਤੋਂ ਹੋਏ ਤਲਖ਼ ਤਜਰਬੇ ਦੱਸਦੇ ਹਨ ਕਿ ਸਿਹਤ, ਸਿੱਖਿਆ, ਰੇਲ, ਬਿਜਲੀ ਅਤੇ ਬੁਨਿਆਦੀ ਢਾਂਚੇ ਦੇ ਹੋਰ ਖੇਤਰਾਂ ਵਿਚ ਹੋਏ ਨਿੱਜੀਕਰਨ ਨੇ ਇਨ੍ਹਾਂ ਖੇਤਰਾਂ ਵਿਚ ਸੁਧਾਰ ਕਰਨ ਦੀ ਥਾਂ ਲੋਕਾਂ ਦੀਆਂ ਤਕਲੀਫ਼ਾਂ ਨੂੰ ਵਧਾਇਆ ਹੈ। ਤੀਸਰੀ ਦੁਨੀਆ ਦੇ ਦੇਸ਼ਾਂ ਨੂੰ ਪੱਛਮ ਵਿਚ ਪ੍ਰਚੱਲਿਤ ਨਿੱਜੀਕਰਨ ਦੇ ਰੁਝਾਨ ਦੀ ਅੰਨ੍ਹੇਵਾਹ ਨਕਲ ਕਰਨ ਦੀ ਬਜਾਇ ਜਨਤਕ ਖੇਤਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।

Advertisement

Advertisement
Advertisement