ਰਾਸ਼ਟਰਪਤੀ ਪੁਰਸਕਾਰ ਜੇਤੂ ਅਧਿਆਪਕ ਦਾ ਭਰਵਾਂ ਸਵਾਗਤ
ਮਨੋਜ ਸ਼ਰਮਾ
ਬਠਿੰਡਾ, 7 ਸਤੰਬਰ
ਅਧਿਆਪਕ ਦਿਵਸ ਮੌਕੇ ਮਾਸਟਰ ਰਾਜਿੰਦਰ ਸਿੰਘ ਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੌਮੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਰਾਜਿੰਦਰ ਸਿੰਘ ਅੱਜ ਪੁਰਸਕਾਰ ਮਿਲਣ ਤੋਂ ਬਾਅਦ ਪਹਿਲੀ ਵਾਰ ਗੋਨਿਆਣਾ ਮੰਡੀ ਪੁੱਜਿਆ, ਜਿਸ ਦਾ ਭਾਈ ਜਗਤਾ ਜੀ ਸਟੇਸ਼ਨ ’ਤੇ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਸਿਆਸੀ ਆਗੂਆਂ ਵੱਲੋਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ।
ਇੱਕ ਖੁੱਲ੍ਹੀ ਗੱਡੀ ਵਿੱਚ ਰਾਜਿੰਦਰ ਸਿੰਘ ਨੂੰ ਲੋਕਾਂ ਦੇ ਕਾਫਲੇ ਨਾਲ ਗੋਨਿਆਣਾ ਤੋਂ ਪਿੰਡ ਕੋਠੇ ਇੰਦਰ ਸਿੰਘ ਵਾਲੇ ਤੱਕ ਉਸ ਦੇ ਸਕੂਲ ਤੱਕ ਲਿਜਾਇਆ ਗਿਆ। ਅੱਜ ਜਿਥੇ ਗੋਨਿਆਣਾ ਸਟੇਸ਼ਨ ’ਤੇ ਅਧਿਆਪਕ ਦਾ ਸ਼ਾਹੀ ਸ਼ਾਹੀ ਸਵਾਗਤ ਕੀਤਾ ਗਿਆ। ਉਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਭੰਗੜੇ ਪਾ ਕੇ ਉਸ ਦਾ ਸਵਾਗਤ ਕੀਤਾ ਗਿਆ। ਰਾਜਿੰਦਰ ਸਿੰਘ ਨੇ ਇਹ ਕੌਮੀ ਐਵਾਰਡ ਸਕੂਲੀ ਬੱਚਿਆਂ, ਸਟਾਫ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਪਿੰਡ ਦੇ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ ਇਸ ਕੌਮੀ ਮਾਣ ਦਾ ਸਿਹਰਾ ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਉਹ ਇਸ ਪੁਰਸਕਾਰ ਨੂੰ ਆਪਣੇ ਸਟਾਫ ਅਤੇ ਮਿੱਡ-ਡੇਅ ਮੀਲ ਬਣਾਉਣ ਵਾਲੀਆਂ ਕੁੱਕ ਬੀਬੀਆਂ ਨੂੰ ਸਮਰਪਿਤ ਕਰਦੇ ਹਨ। ਅੱਜ ਦੇ ਸ਼ਾਹੀ ਸਵਾਗਤ ਮੌਕੇ ਗੋਨਿਆਣਾ ਮੰਡੀ ਦੇ ਨਗਰ ਕੌਂਸਲ ਪ੍ਰਧਾਨ ਕਸ਼ਮੀਰੀ ਲਾਲ ਗਰਗ ਅਤੇ ਆਪ ਆਗੂ ਰਜਨੀਸ਼ ਰਾਜੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ, ਉੱਘੇ ਸਮਾਜ ਸੇਵੀ ਅਤੇ ਪੰਜਾਬ ਸਟੇਟ ਹਿੰਦੂ ਮਹਾਂਸਭਾ ਦੇ ਪ੍ਰਧਾਨ ਵਿਪਨ ਕੁਮਾਰ ਤੇ ਅਮਰਜੀਤ ਸਿੰਘ ਸਾਬਕਾ ਸਰਪੰਚ ਕੋਠੇ ਇੰਦਰ ਸਿੰਘ ਵਾਲੇ, ਗੋਨਿਆਣਾ ਮੰਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਮੌਜੂਦ ਰਹੇ ਪ੍ਰੇਮੀ ਸੇਵਕ ਸਿੰਘ ਗੋਨਿਆਣੇ ਮੌਜੂਦ ਸੀ।