ਸਿਹਤ ਵਿਭਾਗ ਦੀ ਟੀਮ ਵੱਲੋਂ ਗੜੋਲੀਆਂ ਦਾ ਦੌਰਾ
ਪੱਤਰ ਪ੍ਰੇਰਕ
ਬਨੂੜ, 10 ਅਕਤੂਬਰ
ਇੱਥੋਂ ਨੇੜਲੇ ਪਿੰਡ ਗੜੋਲੀਆਂ ਵਿੱਚ ਦੋ ਹਫ਼ਤਿਆਂ ਦੌਰਾਨ ਬੁਖ਼ਾਰ ਨਾਲ ਚਾਰ ਵਿਅਕਤੀਆਂ ਦੀ ਮੌਤ ਮਗਰੋਂ ਹਰਕਤ ਵਿੱਚ ਆਏ ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਲਗਾਤਾਰ ਵਿਭਾਗੀ ਟੀਮਾਂ ਭੇਜੀਆਂ ਜਾ ਰਹੀਆਂ ਹਨ। ਐੱਸਐੱਮਓ ਡਾ. ਰਾਕੇਸ਼ ਬਾਲੀ ਦੀ ਨਿਗਰਾਨੀ ਹੇਠ ਪਿੰਡ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਫੋਗਿੰਗ ਕਰਾਈ ਗਈ ਹੈ। ਬੁਖ਼ਾਰ ਤੋਂ ਪੀੜਤ ਲੋਕਾਂ ਦੇ ਖੂਨ ਦੇ ਸੈਂਪਲ ਹਾਸਲ ਕੀਤੇ ਗਏ ਹਨ ਅਤੇ ਵੱਖ-ਵੱਖ ਘਰਾਂ ਵਿੱਚੋਂ ਮਿਲੇ ਮੱਛਰ ਦੇ ਲਾਰਵੇ ਨੂੰ ਨਸ਼ਟ ਕੀਤਾ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਗੜੋਲੀਆਂ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਹਾਲੇ ਤੱਕ ਮਰਨ ਵਾਲਿਆਂ ਨੂੰ ਡੇਂਗੂ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਨੇ ਵੀ ਦੋ ਹਫ਼ਤਿਆਂ ਵਿੱਚ ਬੁਖ਼ਾਰ ਨਾਲ ਹੋਈਆਂ ਚਾਰ ਮੌਤਾਂ ਦਾ ਨੋੋਟਿਸ ਲੈਂਦਿਆਂ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਸਿਹਤ ਵਿਭਾਗ ਦੇ ਚੰਡੀਗੜ੍ਹ ਤੋਂ ਆਈ ਟੀਮ ਨੇ ਵੀ ਪਿੰਡ ਵਾਸੀਆਂ ਦੀ ਸਿਹਤ ਦੀ ਜਾਂਚ ਕੀਤੀ। ਐਸਆਈ ਰਾਮ ਸਰੂਪ ਸ਼ਰਮਾ, ਪਰਮਜੀਤ ਸਿੰਘ ਤੇ ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠਲੀ ਟੀਮ ਪਿੰਡ ਦੇ ਪੰਜਾਹ ਤੋਂ ਵੱਧ ਘਰਾਂ ਦਾ ਸਰਵੇ ਕੀਤਾ। ਟੀਮ ਨੇ ਮ੍ਰਿਤਕ ਪਰਿਵਾਰਾਂ ਦੀ ਸਿਹਤ ਦੀ ਜਾਂਚ ਵੀ ਕੀਤੀ। ਉਨ੍ਹਾਂ ਪਿੰਡ ਵਾਸੀਆਂ ਨੂੰ ਮਲੇਰੀਆ ਅਤੇ ਡੇਂਗੂ ਪ੍ਰਤੀ ਜਾਗਰੂਕ ਵੀ ਕੀਤਾ ਤੇ ਬੁਖ਼ਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਤੋਂ ਮੁਫ਼ਤ ਇਲਾਜ ਅਤੇ ਟੈਸਟ ਕਰਾਉਣ ਦੀ ਸਲਾਹ ਦਿੱਤੀ।
ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਪਿੰਡ ਗੜੌਲੀਆਂ ਵਿੱਚ ਬੁਖ਼ਾਰ ਕਾਰਨ ਚਾਰ ਮੌਤਾਂ ਹੋਣ ਨਾਲ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਉਹ ਪਿੰਡ ਵਾਸੀਆਂ ਨਾਲ ਦੁੱਖ ਸਾਂਝਾ ਕਰਨ ਲਈ ਗੜੋਲੀਆਂ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਪਿੰਡਾਂ ਦੇ ਲੋਕਾਂ ਨੂੰ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ਮੁਹੱਲਾ ਕਲੀਨਿਕ ਖੋਲ੍ਹ ਰਹੀ ਹੈ ਜਦੋਂਕਿ ਦੂਸਰੇ ਪਾਸੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਮੌਤਾਂ ਹੋ ਰਹੀਆਂ ਹਨ। ਇਸ ਮੌਕੇ ਹਰਨੇਕ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਗੁਰਮੁਖ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਪਰਮਿੰਦਰ ਸਿੰਘ, ਮਨਜੀਤ ਸਿੰਘ ਸੁਖਬੀਰ ਸਿੰਘ, ਗੁਰਦੀਪ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਕਮਲਜੀਤ ਸਿੰਘ ਗੁਰਪ੍ਰੀਤ ਸਿੰਘ, ਸੋਹਨ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।