ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਬੰਨ੍ਹ ਦਾ ਦੌਰਾ
ਪੱਤਰ ਪ੍ਰੇਰਕ
ਜਗਰਾਉਂ, 9 ਜੁਲਾਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੀ ਸਥਿਤੀ ’ਚ ਸਤਲੁਜ ਦਰਿਆ ਦੀ ਮਾਰ ਹੇਠ ਆਉਣ ਵਾਲੇ ਇਲਾਕੇ ਅਤੇ ਪਿੰਡਾਂ ਨਾਲ ਲੱਗਦੇ ਦਰਿਆ ਦੇ ਬੰਨ੍ਹ ਦਾ ਦੌਰਾ ਕੀਤਾ। ਪ੍ਰਸ਼ਾਸਨਿਕ ਅਧਿਕਾਰੀ ਏ.ਡੀ.ਸੀ ਅਮਿਤ ਸਰੀਨ, ਉਪ-ਮੰਡਲ ਮੈਜਿਸਟਰੇਟ ਮਨਜੀਤ ਕੌਰ ਅਤੇ ਪ੍ਰਸ਼ਾਸਨ ਦੇ ਅਮਲੇ ਨਾਲ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਵੀ ਹਾਲਾਤ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲ ਕਰਦਿਆਂ ਏ.ਡੀ.ਸੀ ਅਮਿਤ ਸਰੀਨ, ਉਪ-ਮੰਡਲ ਮੈਜਿਸਟਰੇਟ ਮਨਜੀਤ ਕੌਰ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਉਨ੍ਹਾਂ ਬੇਟ ਇਲਾਕੇ ਦੇ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ ਸਮਾਂ ਘਬਰਾਉਣ ਦਾ ਨਹੀਂ ਹੈ ਸਗੋਂ ਸਾਵਧਾਨੀ ਵਰਤਣ ਦਾ ਹੈ। ਸੂਬੇ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਚੋਂ ਬਾਰਸ਼ਾਂ ਦਾ ਪਾਣੀ ਆਉਣ ਨਾਲ ਦਰਿਆਂਵਾਂ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ।
ਰੋਪੜ ਹੇੱਡਵਰਕਸ ਤੋਂ ਛੱਡਿਆ ਪਾਣੀ ਅੱਜ ਬਾਅਦ ਦੁਪਹਿਰ ਸਤਲੁਜ ਦਰਿਆ ’ਚ ਆਉਣ ਪਹੁੰਚਣ ਦੀ ਸੰਭਾਵਨਾ ਹੈ। ਲੋਕ ਦਰਿਆ ਦੇ ਕਿਨਾਰਿਆਂ ’ਤੇ ਜਾਣ ਤੋਂ ਗੁਰੇਜ਼ ਕਰਨ। ਦਰਿਆ ’ਚ ਵਧਿਆ ਪਾਣੀ ਦਾ ਵਹਾਅ ਨੀਵੇਂ ਇਲਾਕਿਆਂ ‘ਚ ਬਣੇ ਘਰਾਂ, ਝੁੱਗੀਆਂ ਆਦਿ’ਚ ਪ੍ਰਵੇਸ਼ ਕਰ ਸਕਦਾ ਹੈ ਜਿਸ ਕਰਕੇ ਚੌਕਸੀ ਵਧਾਈ ਗਈ ਹੈ। ਪ੍ਰਸ਼ਾਸਨ ਸਾਰੀਆਂ ਰਾਹਤ ਏਜੰਸੀਆਂ ਨਾਲ ਤਾਲਮੇਲ ’ਚ ਹੈ ਇਸ ਤੋਂ ਇਲਾਵਾ ਗੁਰਦੁਆਰਿਆਂ, ਉਦਯੋਗਿਕ ਐਸੋਸੀਏਸ਼ਨਾਂ, ਸਰਕਾਰੀ ਗੈਰ ਸਰਕਾਰੀ ਸਗੰਠਨਾਂ ਨਾਲ ਵੀ ਰਾਬਤਾ ਜਾਰੀ ਹੈ। ਨਹਿਰੀ ਵਿਭਾਗ, ਡਰੇਨ ਵਿਭਾਗ, ਪੀ.ਡਬਲਿਊ.ਡੀ, ਨੈਸ਼ਨਲ ਹਾਈਵੇ ਅਥਾਰਟੀ ਤੋਂ ਇਲਾਵਾ ਨਗਰ ਕੌਂਸਲ ਲੁਧਿਆਣਾ ਦੇ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਸਥਿਤੀ ’ਚ ਪ੍ਰਸ਼ਾਸਨ ਨਾਲ ਰਾਬਤਾ ਕਰ ਹਰ ਤਰ੍ਹਾਂ ਦੀ ਮੱਦਦ ਲਈ ਅੱਗੇ ਆਉਣ। ਇਸ ਸਬੰਧੀ ਇਲਾਕੇ ਦੇ ਪਿੰਡਾਂ ਦੇ ਸਰਪੰਚਾਂ ਨੇ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਨਾਲ ਮਦਦ ਦਾ ਭਰੋਸਾ ਦਿੱਤਾ।