ਆਤਿਸ਼ੀ ਵੱਲੋਂ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ ਦਾ ਦੌਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਨਵੰਬਰ
ਸਿੱਖਿਆ ਮੰਤਰੀ ਆਤਿਸ਼ੀ ਨੇ ਅੱਜ ਸਵੇਰੇ ਡਾ. ਬੀ. ਆਰ. ਅੰਬੇਡਕਰ ਸਕੂਲ ਆਫ ਸਪੈਸ਼ਲਾਈਜ਼ਡ ਐਕਸੀਲੈਂਸ, ਹਿਊਮੈਨਟੀਜ਼, ਗਾਂਧੀ ਨਗਰ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਨਾਲ ਉਨ੍ਹਾਂ ਦੀ ਪੜ੍ਹਾਈ ਬਾਰੇ ਚਰਚਾ ਕੀਤੀ। ਸਕੂਲ ਦੇ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ ਮੰਤਰੀ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਹਾ ਕਿ ਹੁਣ ਇਮਤਿਹਾਨਾਂ ਵਿੱਚ ਸਵਾਲਾਂ ਦੇ ਜਵਾਬ ਕਿਤਾਬਾਂ ’ਚੋਂ ਨਹੀਂ ਸਗੋਂ ਜੀਵਨ ਦੇ ਤਜ਼ਰਬਿਆਂ ’ਚੋਂ ਮੰਗੇ ਜਾਂਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਵੱਲੋਂ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਰਾਹੀਂ ਉਨ੍ਹਾਂ ਨੂੰ ਕਿਤਾਬਾਂ ਤੋਂ ਇਲਾਵਾ ਸਮਾਜ, ਦੇਸ਼ ਅਤੇ ਦੁਨੀਆ ਦੇ ਪ੍ਰਮੁੱਖ ਮੁੱਦਿਆਂ ਬਾਰੇ ਜਾਣਨ ਅਤੇ ਸਮਝਣ ਦਾ ਮੌਕਾ ਮਿਲ ਰਿਹਾ ਹੈ।
ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਭਵਿੱਖ ਦੇ ਆਈਏਐਸ ਅਫਸਰ, ਪੱਤਰਕਾਰ, ਇਤਿਹਾਸਕਾਰ, ਵਕੀਲ, ਜੱਜ ਅਤੇ ਸ਼ਾਨਦਾਰ ਪੇਸ਼ੇਵਰ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਤਸ਼ਾਹ ਅਤੇ ਆਤਮਵਿਸ਼ਵਾਸ ਨੂੰ ਦੇਖ ਕੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੇ ਅਧਿਆਪਕ ਹਰ ਬੱਚੇ ਦਾ ਸਫਲ ਭਵਿੱਖ ਯਕੀਨੀ ਬਣਾ ਰਹੇ ਹਨ। ਵਿਦਿਆਰਥੀਆਂ ਨੂੰ ਬੁਨਿਆਦੀ ਵਿਸ਼ਿਆਂ ਦੇ ਨਾਲ-ਨਾਲ ਵਿਅਕਤੀਗਤ ਅਤੇ ਸਮਾਜਿਕ ਵਿਸ਼ਿਆਂ ਰਾਹੀਂ ਭਵਿੱਖ ਲਈ ਤਿਆਰ ਕੀਤਾ ਜਾ ਰਿਹਾ ਹੈ। ਕਿਤਾਬਾਂ ਤੋਂ ਪਰੇ ‘ਮੂਟ ਕੋਰਟ’, ਮਾਡਲ ਯੂਨਾਈਟਿਡ ਨੇਸ਼ਨ, ਯੂਥ ਪਾਰਲੀਮੈਂਟ, ਡਬਿੇਟ ਆਦਿ ਵਰਗੀਆਂ ਗਤੀਵਿਧੀਆਂ ਬੱਚਿਆਂ ਲਈ ਸਿੱਖਣ ਦੇ ਸਾਥੀ ਬਣ ਰਹੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਨਾ ਸਿਰਫ ਲੋਕਤੰਤਰ ਬਾਰੇ ਅਧਿਐਨ ਕਰ ਰਹੇ ਹਾਂ ਬਲਕਿ ਸਕੂਲ ਅਤੇ ਰੋਜ਼ਾਨਾ ਜੀਵਨ ਵਿੱਚ ਇਸ ਦਾ ਅਭਿਆਸ ਵੀ ਕਰਵਾ ਰਹੇ ਹਾਂ।’’