ਸਿਲਵਰ ਓਕਸ ਸਕੂਲ ਦੇ ਵਿਦਿਆਰਥੀਆਂ ਵੱਲੋਂ ‘ਪਿੰਕ ਸਿਟੀ’ ਦਾ ਦੌਰਾ
ਪੱਤਰ ਪ੍ਰੇਰਕ
ਜੈਤੋ, 17 ਅਕਤੂਬਰ
ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਦੇ 8ਵੀਂ ਤੋਂ 11ਵੀਂ ਜਮਾਤ ਦੇ 45 ਵਿਦਿਆਰਥੀ ਸੈਰ ਸਪਾਟਾ ਪ੍ਰੋਗਰਾਮ ਅਧੀਨ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਦੀ ਅਗਵਾਈ ਹੇਠ ਚਾਰ-ਰੋਜ਼ਾ ਯਾਤਰਾ ’ਤੇ ਜੈਪੁਰ (ਪਿੰਕ ਸਿਟੀ) ਗਏ।
ਵਿਦਿਆਰਥੀਆਂ ਨੇ ਜੈਪੁਰ ਸਥਿਤ ਜੈਗੜ੍ਹ ਕਿਲਾ, ਆਮਰ ਕਿਲਾ, ਜਲ ਮਹਿਲ, ਹਵਾ ਮਹਿਲ, ਜੰਤਰ ਮੰਤਰ, ਬਿਰਲਾ ਮੰਦਰ, ਰਾਜਸਥਾਨ ਹੈਂਡੀਕਰਾਫਟ ਇੰਪੋਰੀਅਮ, ਬਾਪੂ ਬਾਜ਼ਾਰ ਅਤੇ ਵਿਸ਼ਵ ਵਪਾਰ ਕੇਂਦਰ ਦਾ ਦੌਰਾ ਕੀਤਾ। ਅਮਰ ਕਿਲੇ ਅਤੇ ਜੰਤਰ-ਮੰਤਰ ਦੇ ਦੌਰੇ ਦੌਰਾਨ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਯਾਤਰਾ ਦੌਰਾਨ ਬਹੁਤ ਸਾਰੀ ਇਤਿਹਾਸਕ ਅਤੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ। ਜੰਤਰ-ਮੰਤਰ ਜਾ ਕੇ ਵਿਦਿਆਰਥੀਆਂ ਨੇ ਰਾਜਾ ਜੈ ਸਿੰਘ ਵੱਲੋਂ ਲਾਈ ਗਈ ਟਾਈਮ ਮਸ਼ੀਨ ਬਾਰੇ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਕਿਵੇਂ, ਪਹਿਲੇ ਸਮਿਆਂ ਵਿਚ ਵੀ ਸਮਾਂ ਮਾਪਿਆ ਜਾਂਦਾ ਸੀ ਅਤੇ ਲੋਕ ਤਾਰਿਆਂ ਅਤੇ ਗ੍ਰਹਿਆਂ ਬਾਰੇ ਅਧਿਐਨ ਕਰਦੇ ਸਨ। ਬੱਚਿਆਂ ਨੂੰ ਬਿਰਲਾ ਮੰਦਿਰ ਅਤੇ ਉਸ ਦੇ ਹੇਠਾਂ ਦਾ ਅਜਾਇਬ ਘਰ ਦੇਖਣ ਲਈ ਲਿਜਾਇਆ ਗਿਆ। ਇਹ ਸੁੰਦਰਤਾ ਅਤੇ ਸ਼ਾਨ ਦੀ ਇੱਕ ਵੱਡੀ ਮਿਸਾਲ ਹੈ। ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਮੰਦਿਰ ਨੂੰ ਲਕਸ਼ਮੀ ਨਰਾਇਣ ਮੰਦਰ ਵਜੋਂ ਵੀ ਜਾਣਿਆ ਜਾਂਦਾ ਹੈ। ਮੰਦਰ ਦਾ ਮੁੱਖ ਆਕਰਸ਼ਣ ਸੰਗਮਰਮਰ ਦੇ ਇੱਕ ਟੁਕੜੇ ਤੋਂ ਉੱਕਰੀਆਂ ਦੇਵੀ ਲਕਸ਼ਮੀ ਅਤੇ ਭਗਵਾਨ ਵਿਸ਼ਨੂੰ ਦੀਆਂ ਮੂਰਤੀਆਂ ਹਨ। ਇਹ ਪੂਰੀ ਤਰ੍ਹਾਂ ਮਨਮੋਹਕ ਸੀ। ਇਹ ਯਾਤਰਾ ਵਿਦਿਆਰਥੀਆਂ ਲਈ ਯਾਦਗਾਰੀ ਹੋ ਨਿੱਬੜੀ।