ਐੱਸਡੀਐੱਮ ਵੱਲੋਂ ਗਊਸ਼ਾਲਾ ਦਾ ਦੌਰਾ
ਪੱਤਰ ਪ੍ਰੇਰਕ
ਰਤੀਆ, 6 ਜੂਨ
ਇੱਥੇ ਐੱਸਡੀਐੱਮ ਜਗਦੀਸ਼ ਚੰਦਰ ਨੇ ਪਸ਼ੂਆਂ ਵਿੱਚ ਗੋਲਘੋਟੂ ਅਤੇ ਮੂੰਹ ਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਸ਼ਿਵ ਭੋਲੇ ਗਊਸ਼ਾਲਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ਨੂੰ ਗੋਲਘੋਟੂ ਅਤੇ ਮੂੰਹ ਖੁਰ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਤੀਆ ਖੇਤਰ ਵਿੱਚ 80 ਹਜ਼ਾਰ ਡੋਜ਼ ਆਈਆਂ ਹਨ। ਇਸ ਮੁਹਿੰਮ ਤਹਿਤ ਅੱਜ ਸ਼ਿਵ ਭੋਲੇ ਗਊਸ਼ਾਲਾ ਵਿੱਚ ਵੈਟਰਨਰੀ ਹਸਪਤਾਲ ਰਤੀਆ ਦੀ ਟੀਮ ਨੇ ਪਸ਼ੂਆਂ ਦੇ ਕੰਨਾਂ ਵਿੱਚ ਟੈਗ ਲਗਾਉਣ ਦਾ ਕੰਮ ਵੀ ਸ਼ੁਰੂ ਵਿੱਚ ਕੀਤਾ।
ਉਨ੍ਹਾਂ ਸਬ-ਡਿਵੀਜ਼ਨ ਦੇ ਸਮੂਹ ਪਸ਼ੂ ਪਾਲਕਾਂ ਨੂੰ ਹਦਾਇਤ ਕੀਤੀ ਕਿ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਇਆ ਜਾਵੇ। ਪਸ਼ੂ ਹਸਪਤਾਲ ਰਤੀਆ ਦੀ ਟੀਮ ਵੱਲੋਂ ਡਾ. ਸੁਨੀਲ ਬਿਸ਼ਨੋਈ ਦੀ ਅਗਵਾਈ ਵਿਚ ਟੀਕਾਕਰਨ ਮੁਹਿੰਮ ਉਪ ਨਿਰਦੇਸ਼ਕ ਡਾ. ਸੁਖਵਿੰਦਰ ਸਿੰਘ ਅਤੇ ਡਾ. ਰਾਜੇਸ਼ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ਹੈ। ਇਸ ਮੌਕੇ ਗਿਰਦਾਰੀ ਲਾਲ, ਅਸ਼ੋਕ ਕੁਮਾਰ, ਸੁਰੇਸ਼ ਕੁਮਾਰ, ਬਲਦੇਵ ਸਿੰਘ, ਮਨੀ ਸਿੰਘ ਹਾਜ਼ਰ ਸਨ।
ਐੱਸਡੀਐੱਮ ਨੇ ਮਿਨੀ ਸਕੱਤਰੇਤ ਦੇ ਵਿਹੜੇ ਵਿੱਚ ਬੂਟੇ ਲਾਏ
ਰਤੀਆ (ਪੱਤਰ ਪ੍ਰੇਰਕ): ਵਿਸ਼ਵ ਵਾਤਾਵਰਨ ਦਿਵਸ ਮੌਕੇ ਐੱਸਡੀਐੱਮ ਜਗਦੀਸ਼ ਚੰਦਰ ਨੇ ਮਿਨੀ ਸਕੱਤਰੇਤ ਦੇ ਵਿਹੜੇ ਵਿਚ ਬੂਟਾ ਲਗਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਤਾਪਮਾਨ ਨੂੰ ਘਟਾਉਣ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਤਹਿਸੀਲਦਾਰ ਵਿਜੇ ਕੁਮਾਰ ਅਤੇ ਨਾਇਬ ਤਹਿਸੀਲਦਾਰ ਅਚਿਨ ਕੁਮਾਰ ਨੇ ਵੀ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦਿੱਤਾ।