ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀਆਂ ਵੱਲੋਂ ਗੁਰਦਾਸ ਨੰਗਲ ਦਾ ਦੌਰਾ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 25 ਜੁਲਾਈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਗੁਰਦਾਸ ਨੰਗਲ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਂਕੜੇ ਸਿੰਘਾਂ ਸਣੇ ਗ੍ਰਿਫ਼ਤਾਰੀ ਦੇ ਅਦੁੱਤੀ ਇਤਿਹਾਸ ਨੂੰ ਦਰਸਾਉਂਦੀ ਪੁਰਾਤਨ ਗੜ੍ਹੀ ਦੀ ਉਸਾਰੀ ਦੇ ਪ੍ਰਾਜੈਕਟ ਸਬੰਧੀ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ ਦੀ ਅਗਵਾਈ ਹੇਠ ਉੱਚ ਅਧਿਕਾਰੀਆਂ ਨੇ ਗੁਰਦਾਸ ਨੰਗਲ ਵਿਖੇ ਪਹੁੰਚ ਕੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਗੁਰਦੁਆਰਾ ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੁੱਚੇ ਪ੍ਰਬੰਧਾਂ ਦਾ ਨਿਰੀਖਣ ਵੀ ਕੀਤਾ।
ਸ੍ਰੀ ਧੰਗੇੜਾ ਨੇ ਦੱਸਿਆ ਕਿ ਬਹੁਤ ਜਲਦ ਇਸ ਕਾਰ ਸੇਵਾ ਦੀ ਆਰੰਭਤਾ ਪ੍ਰਧਾਨ ਧਾਮੀ ਅਤੇ ਪੰਥ ਦੀਆਂ ਸਨਮਾਨਯੋਗ ਸ਼ਖਸੀਅਤਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮਨਜੀਤ ਸਿੰਘ ਤਲਵੰਡੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਧੀਕ ਮੈਨੇਜਰ ਜਾਇਦਾਦਾਂ ਸਤਨਾਮ ਸਿੰਘ ਰਿਆੜ, ਗੜ੍ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਇੰਚਾਰਜ ਰਛਪਾਲ ਸਿੰਘ, ਭਾਈ ਹਰਮੀਤ ਸਿੰਘ ਖੁੰਡੀ ਵੀ ਹਾਜ਼ਰ ਸਨ।