ਇਤਿਹਾਸ ਖੋਜੀਆਂ ਲਈ ਮੁੱਲਵਾਨ ਪੁਸਤਕ
ਤੇਜਾ ਸਿੰਘ ਤਿਲਕ
ਪੁਸਤਕ ਚਰਚਾ
ਸੁਨਾਮ ਦਾ ਜੰਮਪਲ ਰਾਕੇਸ਼ ਕੁਮਾਰ (ਲੇਖਕ) ਰੇਲ ਵਿਭਾਗ ਦਾ ਸੀਨੀਅਰ ਇੰਜੀਨੀਅਰ ਰਿਹਾ ਹੈ। ਉਸ ਨੇ ਫਿਰੋਜ਼ਪੁਰ ਡਿਵੀਜ਼ਨ ਵਿੱਚ ਰੇਲਵੇ ਦੀ ਕਰੋੜਾਂ ਰੁਪਏ ਦੀ ਜ਼ਮੀਨ, ਮਾਫ਼ੀਏ ਤੇ ਨਿੱਜੀ ਕਬਜ਼ਿਆਂ ਤੋਂ ਛੁਡਵਾ ਕੇ ਕੌਮੀ ਪੱਧਰ ਦੇ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਹੋਏ ਹਨ। ਇਸ ਤੋਂ ਇਲਾਵਾ ਲੇਖਕ ਨੇ ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਇਤਿਹਾਸਕ ਖੋਜ ਪੁਸਤਕ ਲਿਖੀ ਤੇ ਇੱਕ ਨਾਵਲ ਵੀ ਲਿਖਿਆ। ਸ਼ਹੀਦ ਭਗਤ ਸਿੰਘ ਦੇ ਫਿਰੋਜ਼ਪੁਰ ਵਾਲੇ ਗੁਪਤ ਟਿਕਾਣੇ ਬਾਰੇ ਪੁਸਤਕ ਲਿਖ ਕੇ 2018 ਵਿੱਚ ਭਾਸ਼ਾ ਵਿਭਾਗ ਦਾ ਪੁਰਸਕਾਰ ਪ੍ਰਾਪਤ ਕੀਤਾ। ਅਜਿਹੇ ਖੋਜੀ ਇਤਿਹਾਸਕਾਰ ਦੀ ਹਥਲੀ ਪੁਸਤਕ ‘ਗ਼ਦਰੀ ਕਿਰਪਾ ਸਿੰਘ ਲੰਗਮਜਾਰੀ ਮੀਰਪੁਰ’ (ਕੀਮਤ: 250 ਰੁਪਏ; ਚਿੰਤਨ ਪ੍ਰਕਾਸ਼ਨ, ਲੁਧਿਆਣਾ) ਇੱਕ ਹੋਰ ਮੁੱਲਵਾਨ ਖੋਜ ਰਚਨਾ ਹੈ।
ਪੁਸਤਕ ਗ਼ਦਰੀ ਕਿਰਪਾ ਸਿੰਘ ਲੰਗ ਮਜਾਰੀ ਮੀਰਪੁਰ ਦੀ ਜੀਵਨੀ ਹੈ। ਇਹ ਉਨ੍ਹਾਂ ਗ਼ਦਰੀ ਯੋਧਿਆਂ ਵਿੱਚੋਂ ਇੱਕ ਸੀ ਜੋ ਝੁਕੇ ਨਹੀਂ। ਪੁਸਤਕ ਵਿੱਚ ਅੱਠ ਸਫ਼ੇ ਰੰਗੀਨ ਦੁਰਲੱਭ ਚਿੱਤਰਾਂ ਦੇ ਵੀ ਹਨ। ਪੁਸਤਕ ਦੇ 11 ਅਧਿਆਇ ਤੇ ਚਾਰ ਅੰਤਿਕਾਵਾਂ ਹਨ। ਅਖੀਰ ’ਤੇ ਸਹਾਇਕ ਪੁਸਤਕ ਸੂਚੀ ਹੈ ਜੋ ਪੁਸਤਕ ਦੀ ਤਿਆਰੀ ਲਈ ਕੀਤੀ ਗੰਭੀਰ ਤੇ ਭਰਪੂਰ ਖੋਜ ਦਾ ਪ੍ਰਮਾਣ ਹੈ।
ਪੁਸਤਕ ਵਿੱਚ ਕਿਰਪਾ ਸਿੰਘ ਦੇ 1888 ਈਸਵੀ ਵਿੱਚ ਲੰਗ ਮਜਾਰੀ ਮੀਰਪੁਰ ਵਿਖੇ ਸਾਧਾਰਨ ਕਿਸਾਨ ਪਰਿਵਾਰ ਵਿੱਚ ਜਨਮ ਲੈਣ, ਅੱਠ ਪੜ੍ਹ ਕੇ ਪਟਵਾਰੀ ਲੱਗਣ, 1905 ਈ. ਵਿੱਚ ਫ਼ੌਜ ’ਚ ਭਰਤੀ ਹੋਣ ਤੋਂ ਸ਼ੁਰੂ ਹੋ ਕੇ 1974 ਵਿੱਚ ਚਲਾਣੇ ਤੱਕ ਦਾ ਸਫ਼ਰ ਹੈ ਜਿਸ ਦੌਰਾਨ ਗ਼ਦਰ ਪਾਰਟੀ ਨਾਲ ਸੰਬੰਧ, ਫਿਰੋਜ਼ਪੁਰ ਛਾਉਣੀ ’ਤੇ ਕਬਜ਼ੇ ਦੀ ਕੋਸ਼ਿਸ਼, ਗ੍ਰਿਫ਼ਤਾਰੀ ਤੇ ਸਜ਼ਾ, ਰਿਹਾਈ, ਅਦਾਲਤੀ ਕਾਰਵਾਈ ਦਾ ਵੇਰਵਾ, ਬਾਬਾ ਕਿਰਪਾ ਸਿੰਘ ਦਾ ਬਿਆਨ, ਕਰਤਾਰ ਸਿੰਘ ਸਰਾਭਾ ਬਾਰੇ ਬਿਆਨ ਸ਼ਾਮਿਲ ਹਨ। ਅੰਤਿਕਾਵਾਂ ਵਿੱਚ ਬਾਬਾ ਹਰਨਾਮ ਸਿੰਘ ਕਾਲਾਸੰਘਾ, ਬਾਬਾ ਫੁੰਮਣ ਸਿੰਘ ਅਜੀਤ, ਪਹਿਲਾ ਲਾਹੌਰ ਸਾਜ਼ਿਸ਼ ਕੇਸ, 1919 ਸੀ.ਆਈ.ਡੀ. ਰਿਪੋਰਟ ਦਰਜ ਹਨ। ਗ਼ਦਰ ਤੇ ਹਿੰਦੁਸਤਾਨ ਗ਼ਦਰ ਅਖ਼ਬਾਰ ਦੇ ਬੈਂਤ, ਕੋਰੜੇ ਛੰਦਾਂ ਦੇ ਦੁਰਲੱਭ ਅਖ਼ਬਾਰਾਂ ਦੇ ਨਮੂਨੇ ਥਾਂ ਥਾਂ ਦਰਜ ਹਨ ਜਿਨ੍ਹਾਂ ਵਿੱਚੋਂ ਆਜ਼ਾਦੀ ਦੀ ਤਾਂਘ ਤੇ ਜੋਸ਼ ਝਲਕਦਾ ਹੈ। ਬਾਬਾ ਕਿਰਪਾ ਸਿੰਘ ਦਾ ਕੁਰਸੀਨਾਮਾ ਵੀ ਹੈ। ਅਮਰੀਕਾ ਵਿੱਚ ਗ਼ਦਰ ਪਾਰਟੀ ਦੀ ਸਥਾਪਨਾ ਤੇ 21-04-1943 ਦਾ ਇਤਿਹਾਸਕ ਚੋਣ ਮਤਾ ਹੈ। ਗ਼ਦਰ ਪਰਚੇ ਦੀਆਂ ਇਤਿਹਾਸਕ ਲਿਖਤਾਂ ਹਨ। ਕਿਰਪਾ ਸਿੰਘ ਦੁਆਰਾ ਫ਼ੌਜੀ ਪਲਟਨ ਵਿੱਚ ਗ਼ਦਰ ਅਖ਼ਬਾਰ ਵੰਡਣ ਦਾ ਹਾਲ ਹੈ। 1915 ਦੇ ਵਿਦਰੋਹ ਦਾ ਖੋਜੀ ਹਵਾਲਾ ਹੈ। ਫ਼ੌਜ ਵਿੱਚੋਂ ਕੱਢ ਦਿੱਤੇ ਬਾਬਾ ਕਿਰਪਾ ਸਿੰਘ ਦੇ ਮੁਕੱਦਮੇ ਤੇ ਸਜ਼ਾ ਦਾ ਵਿਸਥਾਰ ਹੈ। ਆਜ਼ਾਦੀ ਪਿੱਛੋਂ ਪਿੰਡ ਰਹਿਣ ਤੇ 1974 ਵਿੱਚ ਚਲਾਣਾ ਕਰ ਜਾਣ ਤੱਕ ਦਾ ਸੰਖੇਪ ਹਾਲ ਹੈ। ਅਦਾਲਤੀ ਕਾਰਵਾਈ ਅੰਗਰੇਜ਼ੀ ਵਿੱਚ ਸੱਤ ਸਫ਼ਿਆਂ ’ਤੇ ਸ਼ਾਮਿਲ ਹੈ। ਹਰ ਅਧਿਆਇ ਵਿੱਚ ਇਤਿਹਾਸਕ ਪੁਸਤਕਾਂ ਦੇ ਹਵਾਲੇ ਤੇ ਗ਼ਦਰ ਅਖ਼ਬਾਰ ਦੀਆਂ ਕਵਿਤਾਵਾਂ ਦੇ ਦੁਰਲੱਭ ਨਮੂਨੇ ਦਿੱਤੇ ਗਏ ਹਨ ਜੋ ਸਾਂਭਣਯੋਗ ਵਿਰਾਸਤ ਹਨ। ਆਪਣੇ ਜੀਵਨ ਤੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਬਾਬਾ ਜੀ ਦੇ ਬਿਆਨ ਇਤਿਹਾਸ ਦੇ ਕੀਮਤੀ ਦਸਤਾਵੇਜ਼ ਹਨ। ਲੇਖਕ ਦਾ ਇਹ ਕਾਰਜ ਵੱਡੀ ਘਾਲਣਾ ਦਾ ਸਿੱਟਾ ਹੈ। ਪੁਸਤਕ ਮੁੱਲਵਾਨ, ਪੜ੍ਹਨਯੋਗ ਤੇ ਇਤਿਹਾਸ ਖੋਜੀਆਂ ਲਈ ਜ਼ਰੂਰੀ ਹੈ।
ਸੰਪਰਕ: 98766-36159