ਅਨੋਖੀ ਪਰੰਪਰਾ: ਦੀਵਾਲੀ ਤੋਂ ਅਗਲੇ ਦਿਨ ਤਿਉਹਾਰ ਮਨਾਉਂਦੇ ਨੇ ਚਿੱਲਾ ਵਾਸੀ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 29 ਅਕਤੂਬਰ
ਮੁਹਾਲੀ ਸ਼ਹਿਰ ਦੇ ਸੈਕਟਰ 81 ਵਿੱਚ ਆ ਚੁੱਕੇ ਪਿੰਡ ਚਿੱਲਾ ਦੇ ਵਸਨੀਕ 31 ਅਕਤੂਬਰ ਥਾਂ ਪਹਿਲੀ ਨਵੰਬਰ ਸ਼ੁੱਕਰਵਾਰ ਨੂੰ ਦੀਵਾਲੀ ਦਾ ਤਿਉਹਾਰ ਮਨਾਉਣਗੇ। ਪਿੰਡ ਵਿੱਚ ਇਹ ਪਰੰਪਰਾ ਸਦੀਆਂ ਪੁਰਾਣੀ ਹੈ ਤੇ ਪਿੰਡ ਵਾਸੀ ਇਸ ਨੂੰ ਛੱਡਣ ਲਈ ਤਿਆਰ ਨਹੀਂ ਹਨ। ਸਮੁੱਚੇ ਪਿੰਡ ਵਿੱਚ ਪਹਿਲੀ ਨਵੰਬਰ ਨੂੰ ਦੀਵਾਲੀ ਮਨਾਉਣ ਲਈ ਤਿਆਰੀਆਂ ਜ਼ੋਰਾਂ ਤੇ ਹਨ।
ਪਿੰਡ ਚਿੱਲਾ ਦੇ ਪਤਵੰਤਿਆਂ ਸਰਪੰਚ ਅਮਰੀਕ ਸਿੰਘ, ਕਿਸਾਨ ਆਗੂ ਕੁਲਵੰਤ ਸਿੰਘ, ਅਜੈਬ ਸਿੰਘ ਗਿੱਲ, ਨੰਬਰਦਾਰ ਸੰਤ ਸਿੰਘ ਤੇ ਨੰਬਰਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਚਿੱਲਾ ਪਿੰਡ ਦੀ ਦੀਵਾਲੀ ਤੋਂ ਦੂਜੇ ਦਿਨ ਦੀਵਾਲੀ ਮਨਾਉਣ ਦੀ ਅਨੋਖੀ ਪਿਰਤ ਸਦੀਆਂ ਪੁਰਾਣੀ ਹੈ।
ਉਨ੍ਹਾਂ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਜਦੋਂ ਪਿੰਡ ਦੇ ਸਾਰੇ ਪਸ਼ੂ ਪਿੰਡੋਂ ਬਾਹਰ ਇੱਕੋ ਥਾਂ ਰੱਖੇ ਜਾਂਦੇ ਸਨ, ਉਦੋਂ ਦੀਵਾਲੀ ਵਾਲੀ ਰਾਤ ਨੂੰ ਜਦੋਂ ਪਿੰਡ ਵਾਸੀ ਦੀਵਾਲੀ ਦਾ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਸਨ ਤਾਂ ਮੱਝਾਂ ਤੇ ਹੋਰ ਪਸ਼ੂਆਂ ਦਾ ਸਮੁੱਚਾ ਵੱਗ ਆਪ-ਮੁਹਾਰੇ ਕਿਧਰੇ ਨਿਕਲ ਗਿਆ ਸੀ। ਪਿੰਡ ਵਾਸੀਆਂ ਨੂੰ ਪਤਾ ਲੱਗਣ ’ਤੇ ਸਾਰੇ ਪੁਰਸ਼ ਪਸ਼ੂਆਂ ਦੀ ਭਾਲ ਲਈ ਚਲੇ ਗਏ। ਪੁਰਸ਼ ਮੈਂਬਰਾਂ ਦੀ ਗੈਰਹਾਜ਼ਰੀ ਵਿੱਚ ਪਿੱਛੇ ਘਰਾਂ ਵਿੱਚ ਰਹਿ ਗਈਆਂ ਔਰਤਾਂ ਨੇ ਵੀ ਦੀਵਾਲੀ ਦਾ ਮੱਥਾ ਟੇਕਣਾ ਚੰਗਾ ਨਹੀਂ ਸਮਝਿਆ। ਦੇਰ ਰਾਤੀਂ ਪਿੰਡ ਵਾਸੀ ਪਸ਼ੂਆਂ ਦੇ ਵੱਗ ਨੂੰ ਮੋੜ ਕੇ ਵਾਪਸ ਲਿਆਏ ਉਦੋਂ ਪਹਿਰ ਰਾਤ ਗੁਜ਼ਰ ਗਈ ਸੀ। ਥੱਕੇ ਟੁੱਟੇ ਪਿੰਡ ਵਾਸੀਆਂ ਨੇ ਪਸ਼ੂਆਂ ਦੇ ਆਪ ਮੁਹਾਰੇ ਚਲੇ ਜਾਣ ਨੂੰ ਅਸ਼ੁੱਭ ਮੰਨਦਿਆਂ ਦੂਜੇ ਦਿਨ ਦੀਵਾਲੀ ਦਾ ਮੱਥਾ ਟੇਕਣ ਦਾ ਫ਼ੈਸਲਾ ਕਰ ਲਿਆ। ਸਦੀਆਂ ਪੁਰਾਣੀ ਇਸ ਘਟਨਾ ਤੋਂ ਲੈ ਕੇ ਅੱਜ ਤੱਕ ਪਿੰਡ ਚਿੱਲਾ ਦੇ ਸਮੁੱਚੇ ਵਸਨੀਕ ਦੀਵਾਲੀ ਤੋਂ ਦੂਜੇ ਦਿਨ ਦੀਵਾਲੀ ਮਨਾਉਂਦੇ ਆ ਰਹੇ ਹਨ। ਨਵੀਂ ਪੀਹੜੀ ਵੀ ਆਪਣੀ ਪਿਤਾ-ਪੁਰਖੀ ਪਰੰਪਰਾ ਨੂੰ ਛੱਡਣ ਦੇ ਰੌਂਅ ਵਿੱਚ ਨਹੀਂ ਹੈ। ਦੀਵਾਲੀ ਵਾਲੀ ਰਾਤ ਨੂੰ ਪਿੰਡ ਦੇ ਬਹੁਤੇ ਵਸਨੀਕ ਰਿਸ਼ਤੇਦਾਰਾਂ ਦੇ ਘਰ ਦੀਵਾਲੀ ਮਨਾਉਣ ਚਲੇ ਜਾਂਦੇ ਹਨ ਤੇ ਚਿੱਲਾ ਦੀ ਦੀਵਾਲੀ ਵਾਲੇ ਦਿਨ ਪਿੰਡ ਵਿੱਚ ਮੇਲੇ ਵਰਗਾ ਮਾਹੌਲ ਬਣਿਆਂ ਹੁੰਦਾ ਹੈ। ਹਰ ਘਰ ਵਿੱਚ ਦਰਜਨਾਂ ਮਹਿਮਾਨ ਦੀਵਾਲੀ ਮਨਾਉਣ ਆਉਂਦੇ ਹਨ। ਬਾਹਰਲੇ ਕਸਬਿਆਂ ਤੋਂ ਆਕੇ ਦੁਕਾਨਦਾਰ ਪਿੰਡ ਵਿੱਚ ਦੁਕਾਨਾਂ ਸਜਾਕੇ ਆਪਣੀਆਂ ਵਸਤਾਂ ਵੇਚਦੇ ਹਨ। ਪਿੰਡ ਵਿੱਚ ਦੀਵਾਲੀ ਵਾਲੇ ਦਿਨ ਖੇੜੇ ਉੱਤੇ ਮੀਂਢੇ (ਬੱਕਰੇ) ਦੀ ਬਲੀ ਦਿੱਤੀ ਜਾਂਦੀ ਸੀ ਹਾਲਾਂਕਿ ਕਈ ਦਹਾਕੇ ਪਹਿਲਾਂ ਤੋਂ ਪਿਰਤ ਬੰਦ ਕਰ ਦਿੱਤੀ ਗਈ ਹੈ ਪਰ ਦੀਵਾਲੀ ਤੋਂ ਦੂਜੇ ਦਿਨ ਦੀਵਾਲੀ ਮਨਾਏ ਜਾਣ ਦੀ ਪਰੰਪਰਾ ਬਾਦਸਤੂਰ ਜਾਰੀ ਹੈ।