ਭਾਜਪਾ ਯੁਵਾ ਮੋਰਚਾ ਵੱਲੋਂ ਅਨੋਖਾ ਪ੍ਰਦਰਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਮਈ
ਭਾਜਪਾ ਯੁਵਾ ਮੋਰਚਾ ਨੇ ਅੱਜ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਚੰਡੀਗੜ੍ਹ ਆਉਣ ’ਤੇ ਅਨੋਖੇ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕੀਤਾ। ਸਵਾਤੀ ਮਾਲੀਵਾਲ ਦੇ ਭੇਸ ਵਿੱਚ ਪਾਰਟੀ ਵਰਕਰਾਂ ਨੇ ਅੱਜ ਕੇਜਰੀਵਾਲ ਅੱਗੇ ਆਪਣੇ ਕੁਝ ਸੁਆਲ ਰੱਖੇ। ਉਨ੍ਹਾਂ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਮਹਿਕਵੀਰ ਸਿੰਘ ਦੀ ਅਗਵਾਈ ਹੇਠ ਭਾਜਪਾਈ ਯੁਵਾ ਮੋਰਚਾ ਨੇ ਅੱਜ ਦਾ ਧਰਨਾ ਸੈਕਟਰ-28 ਸਥਿਤ ਪਾਲ ਢਾਬੇ ਦੇ ਸਾਹਮਣੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇਹ ਕਿਉਂ ਨਹੀਂ ਦੱਸਦੇ ਕਿ ਉਨ੍ਹਾਂ ਦੇ ਨਿੱਜੀ ਸਕੱਤਰ ਵਿਭਵ ਨੇ ਆਪਣੀ ਹੀ ਪਾਰਟੀ ਦੀ ਮਹਿਲਾ ਸੰਸਦ ਮੈਂਬਰ ਨਾਲ ਅਪਸ਼ਬਦ, ਦੁਰਵਿਵਹਾਰ ਅਤੇ ਅਪਮਾਨ ਕਿਉਂ ਕੀਤਾ ਹੈ। ਆਖ਼ਰਕਾਰ, ਕੇਜਰੀਵਾਲ ਨੇ ਵਿਭਵ ਵਿਰੁੱਧ ਕੁਝ ਕਿਉਂ ਨਹੀਂ ਕਿਹਾ ਅਤੇ ਚੁੱਪ ਕਿਉਂ ਧਾਰੀ ਹੋਈ ਹੈ। ਉਸ ਕੋਲ ਅਜਿਹਾ ਕੀ ਰਾਜ਼ ਹੈ ਕਿ ਇਸ ਸਭ ਦੇ ਬਾਵਜੂਦ ਉਹ ਉਸ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਕੇਜਰੀਵਾਲ ਅਤੇ ਉਸ ਦੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਦੋਗਲੇ ਵਿਅਕਤੀ ਕੇਜਰੀਵਾਲ ਦੀ ਪਾਰਟੀ ਨੂੰ ਕਦੇ ਵੀ ਮੁਆਫ਼ ਨਹੀਂ ਕਰਨੀ ਚਾਹੀਦਾ ਅਤੇ ਭਾਜਪਾ ਨੂੰ ਜਿਤਾ ਕੇ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ।