ਸਾਬਕਾ ਕੌਂਸਲਰ ਵੱਲੋਂ ਮਹਿੰਗਾਈ ਖ਼ਿਲਾਫ਼ ਅਨੋਖਾ ਪ੍ਰਦਰਸ਼ਨ
ਮਨੋਜ ਸ਼ਰਮਾ
ਬਠਿੰਡਾ, 29 ਜੂਨ
ਇੱਥੇ ਅੱਜ ਸ਼ਹਿਰ ਦੀਆਂ ਸੜਕਾਂ ਤੇ ਅਨੋਖਾ ਰੱਥ ਦੋੜਿਆ ਜਿਸ ਨੂੰ ਟਮਾਟਰਾਂ ਨਾਲ ਸ਼ਿੰਗਾਰਿਆ ਹੋਇਆ ਸੀ। ਰੱਥ ਦੀ ਸਵਾਰੀ ਬਠਿੰਡਾ ਦੇ ਸਾਬਕਾ ਅਕਾਲੀ ਕੌਂਸਲਰ ਵਿਜੇ ਕੁਮਾਰ ਵੱਲੋਂ ਕੀਤੀ ਗਈ। ਅਜਿਹਾ ਕਰਕੇ ਅੱਜ ਉਨ੍ਹਾਂ ਨੇ ਸਮੇਂ ਦੀ ਸੂਬਾ ਸਰਕਾਰ ‘ਤੇ ਤਨਜ਼ ਕੱਸਦਿਆਂ ਵਧ ਰਹੀ ਮਹਿੰਗਾਈ ਬਾਰੇ ਪੰਜਾਬ ਦੀ ਆਪ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਵਿਜੇ ਕੁਮਾਰ ਨੂੰ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਆਪਣੇ ਤਰੀਕੇ ਨਾਲ ਚੁੱਕਣ ਦੀ ਮੁਹਾਰਤ ਹੈ। ਅੱਜ ਉਨ੍ਹਾਂ ਵੱਲੋਂ ਰੱਥ ਨੂੰ ਜਿੱਥੇ ਟਮਾਟਰਾਂ ਨਾਲ ਸ਼ਿੰਗਾਰਿਆ ਗਿਆ ਉੱਥੇ ਉਨ੍ਹਾਂ ਆਪਣੇ ਗੱਲ ਅਤੇ ਹੱਥਾਂ ਵਿਚ ਟਮਾਟਰਾਂ ਦੀ ਮਾਲਾ ਪਾ ਕੇ ਇੱਕ ਲਾੜੇ ਦੇ ਰੂਪ ਵਿਚ ਸਿਰ ‘ਤੇ ਸਿਹਰਾ ਸਜਾਉਂਦੇ ਹੋਏ ਰੱਥ ਦੀ ਸਵਾਰੀ ਕੀਤੀ ਗਈ। ਕੌਂਸਲਰ ਵੱਲੋਂ ਰੱਥ ਲੁੱਟਣ ਵਾਲਿਆਂ ਨੂੰ ਲਲਕਾਰਿਆ ਵੀ ਗਿਆ। ਸਾਬਕਾ ਕੌਂਸਲਰ ਨੇ ਪੰਜਾਬ ਸਰਕਾਰ ਨੂੰ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ ਕਿ ਕਿਸਾਨ ਤੋਂ ਨਿਗੂਣੀ ਕੀਮਤ ‘ਤੇ ਟਮਾਟਰ ਖ਼ਰੀਦ ਕੇ ਜਮ੍ਹਾਂਖ਼ੋਰ ਟਮਾਟਰਾਂ ਦੇ ਭਾਅ ਵਿਚ ਵਾਧਾ ਕਰ ਰਹੇ ਹਨ। ਇਸ ਕਾਰਨ ਆਮ ਘਰਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਉਨ੍ਹਾਂ ਜਿੱਥੇ ਬਠਿੰਡਾ ਦੇ ਜਮ੍ਹਾਂਖੋਰਾਂ ‘ਤੇ ਕਰਵਾਈ ਮੰਗੀ ਉੱਥੇ ਪੰਜਾਬ ਸਰਕਾਰ ‘ਤੇ ਵੀ ਅਸਿੱਧੇ ਤੌਰ ‘ਤੇ ਨਿਸ਼ਾਨੇ ਸਾਧੇ। ਗੌਰਤਲਬ ਹੈ ਕਿ ਬਠਿੰਡਾ ਵਿਚ ਟਮਾਟਰ 90 ਤੋਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੌਰਾਨ ਬਠਿੰਡਾ ਵਿਚ ਇਸ ਅਨੋਖੇ ਡਰਾਮੇ ਨੂੰ ਦੇਖ ਬੱਚੇ ਅਤੇ ਸ਼ਹਿਰ ਵਾਸੀ ਦੰਗ ਦੇਖੇ ਗਏ।