ਇੰਗਲੈਂਡ ’ਚ ਪੜ੍ਹਾਉਂਦੀ ਭਾਰਤੀ ਮੂਲ ਦੀ ਅਧਿਆਪਕਾ ’ਤੇ ਦੋ ਸਾਲ ਦੀ ਪਾਬੰਦੀ
ਲੰਡਨ, 5 ਜੂਨ
ਇੰਗਲੈਂਡ ਦੇ ਉੱਤਰ-ਪੱਛਮ ਨਾਲ ਸਬੰਧਿਤ ਭਾਰਤੀ ਮੂਲ ਦੀ ਸਕੂਲ ਅਧਿਆਪਕ ‘ਤੇ ਘੱਟੋ-ਘੱਟ ਦੋ ਸਾਲ ਲਈ ਪੜ੍ਹਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੇਸ਼ੇਵਰ ਪੈਨਲ ਵੱਲੋਂ ਕੀਤੀ ਗਈ ਜਾਂਚ ਵਿੱਚ ਪਤਾ ਲੱਗਿਆ ਕਿ ਇਸ ਅਧਿਆਪਕ ਨੇ ਆਪਣੇ ਮਾਲਕ ਤੋਂ ਠੱਗੀ ਦੇ ਦੋਸ਼ ਹੇਠ ਉਸ ਨੂੰ ਹੋਈ ਸਜ਼ਾ ਬਾਰੇ ਪਰਦਾ ਰੱਖਿਆ। ਇਸ ਦੇ ਮੱਦੇਨਜ਼ਰ ਉਸ ਉੱਤੇ ਇਹ ਪਾਬੰਦੀ ਲਗਾਈ ਗਈ ਹੈ। ਦੀਪਤੀ ਪਟੇਲ ਮੈਨਚੈਸਟਰ ਅਕੈਡਮੀ ਵਿੱਚ ਅਧਿਆਪਕ ਸੀ ਅਤੇ ਉਸ ਨੇ ਇਹ ਗੱਲ ਛੁਪਾਈ ਕਿ ਉਸ ਨੂੰ ਸੇਂਟ ਐਲਬੇਂਜ਼ ਕ੍ਰਾਊਨ ਕੋਰਟ ਵੱਲੋਂ ਸਤੰਬਰ 2020 ‘ਚ ਸਜ਼ਾ ਸੁਣਾਈ ਗਈ ਸੀ। ਉਸ ‘ਤੇ ਅਜਿਹਾ ਰਵੱਈਆ ਅਪਣਾ ਕੇ ਪੇਸ਼ੇ ਨੂੰ ਬਦਨਾਮ ਕਰਨ ਦਾ ਦੋਸ਼ ਲੱਗਿਆ ਹੈ। ਪ੍ਰੋਫੈਸ਼ਨਲ ਕੰਡਕਟ ਪੈਨਲ ਨੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਹਫ਼ਤੇ ਕੀਤੇ ਗਏ ਫ਼ੈਸਲੇ ਸਬੰਧੀ ਕਿਹਾ,’ਪੈਨਲ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬੀਬੀ ਪਟੇਲ ਪੇਸ਼ੇਵਰ ਮਾਪਦੰਡਾਂ ‘ਤੇ ਖਰੀ ਨਹੀਂ ਉਤਰੀ। ਪੈਨਲ ਨੇ ਕਿਹਾ,’ਸਾਨੂੰ ਲੱਗਦਾ ਹੈ ਕਿ ਇਸ ਪੇਸ਼ੇ ਵਿੱਚ ਜਨਤਾ ਦਾ ਵਿਸ਼ਵਾਸ ਬਣਾਈ ਰੱਖਣ ਲਈ ਪਟੇਲ ਦੇ ਅਧਿਆਪਨ ਕਾਰਜ ‘ਤੇ ਘੱਟ ਤੋਂ ਘੱਟ ਦੋ ਸਾਲ ਦੀ ਪਾਬੰਦੀ ਲਗਾਏ ਜਾਣ ਦੀ ਲੋੜ ਹੈ। ਇਸ ਤਹਿਤ ਦੀਪਤੀ ਪਟੇਲ ਦੇ ਪੜ੍ਹਾਉਣ ‘ਤੇ ਰੋਕ ਲਾਈ ਜਾਂਦੀ ਹੈ। ਉਹ ਅਗਲੇ ਦੋ ਸਾਲਾਂ ਤੱਕ ਕਿਸੇ ਵੀ ਸਕੂਲ ਵਿੱਚ ਪੜ੍ਹਾ ਨਹੀਂ ਸਕੇਗੀ। -ਪੀਟੀਆਈ