ਪੰਜਾਬ ਦੀ ਮੌਜੂਦਾ ਸਥਿਤੀ ਬਾਰੇ ਦੋ-ਰੋਜ਼ਾ ਕਾਨਫਰੰਸ
ਕੁਲਦੀਪ ਸਿੰਘ
ਨਵੀਂ ਦਿੱਲੀ, 22 ਨਵੰਬਰ
ਨੈਸ਼ਨਲ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਅਤੇ ਰਾਜਨੀਤੀ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਦੋ-ਰੋਜ਼ਾ ਕਾਨਫਰੰਸ ਕਰਵਾਈ ਗਈ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਪ੍ਰੋਫੈਸਰ ਅਮੈਰਿਟਸ ਪ੍ਰੋ. ਭੁਪਿੰਦਰ ਸਿੰਘ ਬਰਾੜ ਨੇ ਕੀਤੀ। ‘ਪੰਜਾਬ ਦੀ ਸ਼ਾਸਨ ਪ੍ਰਣਾਲੀ ਅਤੇ ਰਾਜਨੀਤੀ’ ਤੇ ਹੋਏ ਇਸ ਸੈਸ਼ਨ ’ਚ ਪ੍ਰੋ. ਆਸ਼ੂਤੋਸ਼ ਕੁਮਾਰ, ਪ੍ਰੋ. ਕੁਲਦੀਪ ਸਿੰਘ, ਡਾ. ਹਰਜੇਸ਼ਵਰ ਸਿੰਘ ਅਤੇ ਪ੍ਰੋ. ਮਨਿੰਦਰ ਠਾਕੁਰ ਨੇ ਪੰਜਾਬ ਦੀਆਂ ਆਮ ਚੋਣਾਂ ਦੇ ਨਤੀਜਿਆਂ ਬਾਰੇ, ਅਤਿਵਾਦ, ਸਰਕਾਰ ਦੀਆਂ ਚੁਣੌਤੀਆਂ ਅਤੇ ਉਭਰਨ ਲਈ ਕਾਰਨ, ਪੂੰਜੀਵਾਦ ਅਤੇ ਤਕਨਾਲੋਜੀ ਦਾ ਪ੍ਰਭਾਵ ਆਦਿ ਮੁੱਦਿਆਂ ’ਤੇ ਚਰਚਾ ਕੀਤੀ। ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਿੱਖਿਆ ਵਿਭਾਗ ਤੋਂ ਪ੍ਰੋ. ਸਤਵਿੰਦਰਪਾਲ ਕੌਰ ਨੇ ਕੀਤੀ। ‘ਪੰਜਾਬ ਵਿਚ ਸਿੱਖਿਆ’ ਵਿਸ਼ੇ ’ਤੇ ਹੋਏ ਇਸ ਸੈਸ਼ਨ ’ਚ ਪ੍ਰੋ. ਕੁਲਦੀਪ ਪੁਰੀ ਤੇ ਡਾ. ਕੁਲਦੀਪ ਸਿੰਘ ਨੇ ਸਿੱਖਿਆ ਅਤੇ ਪੰਜਾਬ ’ਚ ਸਿਖਿਆ ਦੀ ਸਥਿਤੀ ਦੇ ਬਾਰੇ ਵਿਚਾਰ ਰੱਖੇ। ਤੀਜਾ ਸੈਸ਼ਨ ਪੰਜਾਬ ਵਿੱਚ ਡੇਰੇ ਅਤੇ ਰਾਜਨੀਤੀ ਤੇ ਕੇਂਦਰਿਤ ਸੀ, ਇਸ ਦੀ ਪ੍ਰਧਾਨਗੀ ਯੂਨੀਵਰਸਿਟੀ ਆਫ ਕੈਲੀਫ਼ੋਰਨੀਆ, ਸ਼ਾਂਤਾ ਬਾਰਬਰਾ ਤੋਂ ਪ੍ਰੋ. ਜੁਰਗਨਜ਼ਮੇਅਰ ਨੇ ਕੀਤੀ। ਇਸ ਸੈਸ਼ਨ ’ਚ ਪ੍ਰੋ. ਰੌਣਕੀ ਰਾਮ, ਡਾ. ਸੰਤੋਸ਼ ਕੁਮਾਰ ਅਤੇ ਡਾ. ਵਰੁਣ ਵਿਗਮਲ ਨੇ ਆਪਣੇ ਪਰਚੇ ਪੇਸ਼ ਕੀਤੇ। ਦੂਜੇ ਦਿਨ ਦੇ ਪਹਿਲੇ ਤੇ ਸੈਮੀਨਾਰ ਦੇ ਚੌਥੇ ਸੈਸ਼ਨ ਦੀ ਦੀ ਪ੍ਰਧਾਨਗੀ ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਦੇ ਵਾਈਸ ਚਾਂਸਲਰ ਪ੍ਰੋ. ਜਸਵਿੰਦਰ ਸਿੰਘ ਨੇ ਕੀਤੀ। ਇਸ ਵਿਚ ਬਰੈਂਪਟਨ ਤੋਂ ਉਘੇ ਅਰਥਸ਼ਾਸਤਰੀ ਪ੍ਰੋ. ਸੁੱਚਾ ਸਿੰਘ ਗਿੱੱਲ, ਗੁਰਪ੍ਰੀਤ ਸਿੰਘ ਤੂਰ ਅਤੇ ਪ੍ਰੋ. ਸ਼ਾਲਿਨੀ ਸ਼ਰਮਾ ਨੇ ਕੌਮਾਂਤਰੀ ਪਰਵਾਸ ਅਤੇ ਇਸ ਦੇ ਕਾਰਨਾਂ ਬੇਰੁਜ਼ਗਾਰੀ, ਬਾਰਡਰ ਸਟੇਟ ਹੋਣਾ, ਆਈਲੈਟਸ ਪ੍ਰਕਰਣ, ਵਾਹੀਯੋਗ ਜ਼ਮੀਨਾਂ ਦਾ ਘਟਣਾ ਆਦਿ ਦਾ ਉਲੇਖ ਕੀਤਾ। ਪੰਜਵਾਂ ਸੈਸ਼ਨ ਸਾਬਕਾ ਆਈਏਐੱਸ ਅਧਿਕਾਰੀ ਜਤਿੰਦਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਦਾ ਵਿਸ਼ਾ ਸੀ- ‘ਪੰਜਾਬ ਦੀ ਬਦਲਦੀ ਸੁਸਾਇਟੀ’। ਅਖੀਰਲੇ ਤਕਨੀਕੀ ਸੈਸ਼ਨ ਮੀਡੀਆ ਦੀ ਭੂਮਿਕਾ ਬਾਰੇ ਸੀ। ਇਸ ਦੀ ਪ੍ਰਧਾਨਗੀ ਟ੍ਰਿਬਿਊਨ ਦੇ ਸਾਬਕਾ ਸੀਨੀਅਰ ਐਸੋਸੀਏਟ ਐਡੀਟਰ ਰੁਪਿੰਦਰ ਸਿੰਘ ਨੇ ਕੀਤੀ। ਇਸ ਵਿਚ ਹਮੀਰ ਸਿੰਘ, ਅਮਨਦੀਪ ਸਿੰਘ ਸੰਧੂ, ਮਨਰਾਜ ਗਰੇਵਾਲ ਸ਼ਰਮਾ ਨੇ ਮੀਡੀਆ ਦੀ ਭੂਮਿਕਾ, ਮੀਡੀਆ ’ਤੇ ਰਾਜਨੀਤਕ ਪ੍ਰਭਾਵ, ਪੱਤਰਕਾਰ ਤੇ ਪਾਠਕਾਂ ਦੀ ਭੂਮਿਕਾ ਆਦਿ ਬਾਰੇ ਚਰਚਾ ਕੀਤੀ। ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਉਘੇ ਅਰਥਸ਼ਾਸਤਰੀ ਤੇ ਸਿੱਖਿਆ ਪ੍ਰਬੰਧਕ ਪ੍ਰੋ. ਐੱਸਐੱਸ ਜੌਹਲ ਨੇ ਕੀਤੀ। ਇਸ ਵਿਚ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਅਤੇ ਨਾਟਕਕਾਰ ਡਾ. ਸਵਰਾਜਬੀਰ ਸਿੰਘ ਨੇ ਪੰਜਾਬ ਦੇ ਇਤਿਹਾਸਕ ਪਰਿਪੇਖ ’ਚੋਂ ਇਸ ਦੇ ਮੌਜੂਦਾ ਹਾਲਾਤਾਂ ਦਾ ਸਰਵੇਖਣ ਕੀਤਾ। ਪ੍ਰੋ. ਐੱਸਐੱਸ. ਜੌਹਲ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਪੰਜਾਬ ਦੇ ਆਰਥਿਕ ਤੇ ਸਮਾਜਿਕ ਹਾਲਤਾਂ ਦਾ ਖੁਲਾਸਾ ਕਰਦਿਆਂ ਇਸ ਸਬੰਧੀ ਚਿੰਤਨ ਤੇ ਅਮਲ ’ਤੇ ਜ਼ੋਰ ਦਿੱਤਾ।