For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ਵਿੱਚ ‘ਬਦਲਦਾ ਦ੍ਰਿਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਦੋ ਰੋਜ਼ਾ ਕਾਨਫ਼ਰੰਸ

08:11 AM Apr 28, 2024 IST
ਲੁਧਿਆਣਾ ਵਿੱਚ ‘ਬਦਲਦਾ ਦ੍ਰਿਸ਼  ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਦੋ ਰੋਜ਼ਾ ਕਾਨਫ਼ਰੰਸ
ਲੁਧਿਆਣਾ ’ਚ ਸ਼ਨਿਚਰਵਾਰ ਨੂੰ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਡਾ. ਐੱਸਐੱਸ ਜੌਹਲ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 27 ਅਪਰੈਲ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਬਦਲਦਾ ਦ੍ਰਿਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਅੱਜ ਪੰਜਾਬੀ ਭਵਨ, ਲੁਧਿਆਣਾ ਵਿੱਚ ਸ਼ੁਰੂ ਹੋ ਗਈ ਹੈ। ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ’ਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀਆਂ ਦੇ ਚੋਣ ਪ੍ਰਚਾਰ ਵਿਚੋਂ ਭਾਸ਼ਾ, ਸਾਹਿਤ, ਸਿੱਖਿਆ ਵਰਗੇ ਮਸਲੇ ਲੋਪ ਹਨ। ਉਨ੍ਹਾਂ ਕਿਹਾ ਕਿ ਤੁਹਾਡੀ ਆਮਦ ਭਾਸ਼ਾ ਦੀ ਫ਼ਿਕਰਮੰਦੀ ਬਾਰੇ ਗਵਾਹੀ ਭਰਦੀ ਹੈ। ਕਾਨਫਰੰਸ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਐੱਸਐੱਸ ਜੌਹਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਪਾਤਰ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿੱਚ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਜੋਗਾ ਸਿੰਘ ਸ਼ਾਮਲ ਸਨ। ਡਾ. ਜੋਗਾ ਸਿੰਘ ਨੇ ਆਪਣੇ ਭਾਸ਼ਣ ’ਚ ਵਿਦਿਆ, ਰਾਜਸੀ ਤੰਤਰ ਅਤੇ ਸੰਚਾਰ ਰਾਹੀਂ ਇੱਕ ਭਾਸ਼ਾ ਦੇ ਦੂਜੀ ਭਾਸ਼ਾ ’ਤੇ ਭਾਰੂ ਹੋਣ ਦੀਆਂ ਮਿਸਾਲਾਂ ਦਿੰਦੇ ਹੋਏ ਪੰਜਾਬੀ ਭਾਸ਼ਾ ਦੇ ਅਤੀਤ ਅਤੇ ਸਮਕਾਲ ’ਤੇ ਚਰਚਾ ਕੀਤੀ। ਡਾ. ਜੌਹਲ ਨੇ ਸੌੜੀ ਰਾਜਨੀਤੀ ਤੇ ਪੰਜਾਬ ਦੀ ਵੰਡ ਵੱਲ ਇਸ਼ਾਰਾ ਕਰਦੇ ਹੋਏ ਭਾਸ਼ਾ ਦੇ ਨੁਕਸਾਨ ਬਾਰੇ ਚਰਚਾ ਕੀਤੀ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸਕੂਲਾਂ ਵਿੱਚ ਹੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਦੀ ਅੰਗਰੇਜ਼ੀ ਪ੍ਰਤੀ ਉਲਾਰ ਬਿਰਤੀ ਤੇ ਭਰਮ ਚੇਤਨਾ ਨੂੰ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਸੈਸ਼ਨ ਦਾ ਮੰਚ ਸੰਚਾਲਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤਾ ਅਤੇ ਰਿਪੋਰਟ ਪ੍ਰੋ. ਬਲਵਿੰਦਰ ਸਿੰਘ ਚਾਹਿਲ ਨੇ ਕੀਤੀ।
ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸਵਰਾਜਬੀਰ ਨੇ ਕੀਤੀ। ਡਾ. ਸੁਖਦੇਵ ਸਿੰਘ ਸਿਰਸਾ ਨੇ ‘ਸਮਕਾਲ ਅਤੇ ਭਾਰਤੀ ਭਾਸ਼ਾਵਾਂ ਦੀ ਸਥਿਤੀ’ ਬਾਰੇ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਜਨਜਾਤੀ ਅਤੇ ਕਬੀਲਾਈ ਭਾਸ਼ਾਵਾਂ ਪ੍ਰਤੀ ਸਰਕਾਰਾਂ ਦੀ ਅਵਿਗਿਆਨਕ, ਨਸਲੀ ਅਤੇ ਪ੍ਰਸ਼ਾਸਨਮੁਖ ਪਹੁੰਚ ਕਰਕੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਭਾਸ਼ਾਵਾਂ ਮਰ ਚੁੱਕੀਆਂ ਹਨ ਜਾਂ ਮਰਨ ਕਿਨਾਰੇ ਹਨ। ਡਾ. ਸੁਰਜੀਤ ਸਿੰਘ ਨੇ ‘ਉਪਭੋਗੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ’ ਬਾਰੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਉਪਭੋਗੀ ਸੱਭਿਆਚਾਰ ਨੂੰ ਨਾਕਾਰਾਤਮਕ ਵਰਤਾਰੇ ਦੀ ਥਾਂ ਜ਼ਰੂਰੀ ਇਤਿਹਾਸਕ ਸਥਿਤੀ ਵਜੋਂ ਸਮਝਣਾ ਚਾਹੀਦਾ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਟਿੱਪਣੀ ’ਤੇ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਬਦੀਸ਼ ਹੋਰਾਂ ਨੇ ਕੀਤਾ ਅਤੇ ਰਿਪੋਰਟ ਵਾਹਿਦ ਨੇ ਪੇਸ਼ ਕੀਤੀ। ਡਾ. ਸਵਰਾਜਬੀਰ ਨੇ ਪੱਛਮੀ ਵਿਦਵਾਨਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਿਰਫ਼ ਪੰਜਾਬੀ ਸਾਹਿਤਕਾਰ ਹੀ ਨਹੀਂ ਸਗੋਂ ਸਾਰੇ ਰਲ ਮਿਲ ਕੇ ਇਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਤਿਆਰ ਕਰ ਸਕਦੇ ਹਨ। ਤੀਸਰੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਅਰਵਿੰਦ ਨੇ ਕੀਤੀ। ‘ਮਸਨੂਈ ਬੌਧਿਕਤਾ ਅਤੇ ਪੰਜਾਬੀ ਭਾਸ਼ਾ’ ਬਾਰੇ ਅਮਰਜੀਤ ਗਰੇਵਾਲ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਸਾਨੂੰ ਓਪਨ ਸੋਰਸ ਅਪਣਾਉਣਾ ਪਵੇਗਾ ਤਾਂ ਜੋ ਅਸੀਂ ਸਾਫ਼ਟਵੇਅਰ ਕੰਪਨੀਆਂ ਦੀ ਨਿਰਭਰਤਾ ਤੋਂ ਬਚ ਸਕੀਏ। ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਵਿਸ਼ਵ-ਨੇੜਤਾ ਅਤੇ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ’ ਬਾਰੇ ਦੂਜੀਆਂ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦੇ ਆਦਾਨ ਪ੍ਰਦਾਨ ਬਾਰੇ ਵਿਗਿਆਨਕ ਟਿੱਪਣੀਆਂ ਕੀਤੀਆਂ। ‘ਤਕਨਾਲੋਜੀ ਅਤੇ ਪੰਜਾਬੀ ਭਾਸ਼ਾ’ ਬਾਰੇ ਡਾ. ਧਰਮਵੀਰ ਸ਼ਰਮਾ ਨੇ ਖੋਜ-ਪੱਤਰ ਪੇਸ਼ ਕੀਤਾ। ‘ਡਿਜੀਟਲ ਯੁੱਗ ਅਤੇ ਪੰਜਾਬੀ ਭਾਸ਼ਾ’ ਬਾਰੇ ਪੇਪਰ ਪੇਸ਼ ਕਰਦਿਆਂ ਡਾ. ਸੀਪੀ ਕੰਬੋਜ ਨੇ ਪੰਜਾਬੀ ਭਾਸ਼ਾ ਨਾਲ ਸਬੰਧਤ ਜਿੰਨੇ ਵੀ ਸਾਫ਼ਟਵੇਅਰ ਬਣ ਚੁੱਕੇ ਹਨ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ। ਖੋਜ-ਪੱਤਰਾਂ ’ਤੇ ਟਿੱਪਣੀ ਅਤੇ ਧੰਨਵਾਦ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਕਾਨਫ਼ਰੰਸ ਦੇ ਚੌਥੇ ਸੈਸ਼ਨ ਵਿਚ ‘ਆਤੂ ਖੋਜੀ’ ਫ਼ਿਲਮ ਜਿਸ ਦੇ ਲੇਖਕ ਗੁਰਮੀਤ ਕੜਿਆਲਵੀ ਹਨ ਅਤੇ ਮੁੱਖ ਕਿਰਦਾਰ ਸੈਮੂਅਲ ਜੌਹਨ, ਨਿਰਦੇਸ਼ਕ ਡਾ. ਰਾਜੀਵ ਕੁਮਾਰ ਹਨ, ਦਿਖਾਈ ਗਈ। ਟਿੱਪਣੀ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤਾ ਅਤੇ ਰਿਪੋਰਟ ਕਰਮਜੀਤ ਸਿੰਘ ਗਰੇਵਾਲ ਨੇ ਪੇਸ਼ ਕੀਤੀ। ਕਾਨਫ਼ਰੰਸ ਦੇ ਪਹਿਲੇ ਦਿਨ ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਕੈਲੇ, ਡਾ. ਸੁਰਜੀਤ ਬਰਾੜ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ ਆਦਿ ਸਮੇਤ ਵੱਡੀ ਗਿਣਤੀ ’ਚ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×