ਹੌਜ਼ਰੀ ਦੇ ਸਾਮਾਨ ਨਾਲ ਭਰੇ ਟਰੱਕ ਨੂੰ ਅੱਗ ਲੱਗੀ
ਗਗਨ ਅਰੋੜਾ
ਲੁਧਿਆਣਾ, 29 ਅਕਤੂਬਰ
ਸ਼ਿਵਪੁਰੀ ਕਾਕੋਵਾਲ ਰੋਡ ’ਤੇ ਮੰਗਲਵਾਰ ਸਵੇਰੇ ਕਰੀਬ 3 ਵਜੇ ਹੌਜ਼ਰੀ ਦੇ ਮਾਲ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਦਾ ਪਹਿਲਾਂ ਪਤਾ ਨਹੀਂ ਲੱਗਾ ਅਤੇ ਟਰੱਕ ਡਰਾਈਵਰ ਟਰੱਕ ਨੂੰ ਲੈ ਕੇ ਜਾ ਰਿਹਾ ਸੀ ਕਿ ਹਵਾ ਕਾਰਨ ਅੱਗ ਹੋਰ ਫੈਲ ਗਈ ਅਤੇ ਰਾਹਗੀਰਾਂ ਨੇ ਟਰੱਕ ਡਰਾਈਵਰ ਨੂੰ ਅੱਗ ਲੱਗਣ ਬਾਰੇ ਦੱਸਿਆ। ਜਦੋਂ ਤੱਕ ਉਹ ਕੁਝ ਸਕਦਾ, ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ। ਡਰਾਈਵਰ ਨੇ ਤੁਰੰਤ ਟਰੱਕ ਨੂੰ ਰੋਕਿਆ ਅਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਉਸ ਨੇ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਨਾਲ-ਨਾਲ ਸਬੰਧਤ ਪਾਰਟੀ ਨੂੰ ਵੀ ਦਿੱਤੀ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਨੇ ਕਰੀਬ ਅੱਧੇ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਟਰੱਕ ਨੂੰ ਮੁੱਖ ਸੜਕ ’ਤੇ ਲਿਆਉਂਦੇ ਸਮੇਂ ਟਰੱਕ ਕਿਸੇ ਤਾਰ ਨਾਲ ਟਕਰਾ ਗਿਆ ਅਤੇ ਚੰਗਿਆੜੀ ਹੌਜ਼ਰੀ ਦੇ ਸਾਮਾਨ ’ਤੇ ਡਿੱਗ ਗਈ ਅਤੇ ਅੱਗ ਲੱਗ ਗਈ। ਇਸ ਸਬੰਧੀ ਡਰਾਈਵਰ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਸ਼ਿਵਪੁਰੀ ਤੋਂ ਮਾਲ ਲੋਡ ਕਰਕੇ ਤੜਕੇ ਪੌਣੇ ਤਿੰਨ ਵਜੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਉਸ ਨੂੰ ਅੱਗ ਲੱਗਣ ਬਾਰੇ ਪਤਾ ਵੀ ਨਹੀਂ ਲੱਗਾ। ਇੱਕ ਕਾਰ ਸਵਾਰ ਨੇ ਉਸ ਨੂੰ ਦੱਸਿਆ ਕਿ ਟਰੱਕ ਵਿੱਚ ਅੱਗ ਲੱਗ ਗਈ ਹੈ। ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਟਰੱਕ ਤੋਂ ਛਾਲ ਮਾਰ ਕੇ ਉਤਰ ਗਿਆ ਅਤੇ ਫਾਇਰ ਬ੍ਰਿਗੇਡ ਤੇ ਟਰੱਕ ਮਾਲਕ ਨੂੰ ਸੂਚਿਤ ਕੀਤਾ। ਮੌਕੇ ’ਤੇ ਜਿਸ ਫੈਕਟਰੀ ਦਾ ਮਾਲ ਸੀ, ਉਸ ਦਾ ਮਾਲਕ ਵੀ ਉੱਥੇ ਪਹੁੰਚ ਗਿਆ।
ਸੱਤ ਲੱਖ ਰੁਪਏ ਦਾ ਨੁਕਸਾਨ ਹੋਇਆ: ਫੈਕਟਰੀ ਮਾਲਕ
ਫੈਕਟਰੀ ਮਾਲਕ ਤੇਜ ਪ੍ਰਕਾਸ਼ ਨੇ ਦੱਸਿਆ ਕਿ ਟਰੱਕ ਵਿੱਚ ਕਰੀਬ 7 ਲੱਖ ਰੁਪਏ ਦਾ ਸਾਮਾਨ ਸੀ। ਉਸ ਦੀ ਸੁਨੀਤਾ ਨਿੱਟਵੇਅਰ ਨਾਂ ਦੀ ਫੈਕਟਰੀ ਹੈ। ਉਸ ਦਾ ਊਨੀ ਕੱਪੜੇ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜਿਸ ਪਾਰਟੀ ਨੂੰ ਸਾਮਾਨ ਭੇਜਿਆ ਗਿਆ ਸੀ, ਉਨ੍ਹਾਂ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਹੈ। ਤੇਜ ਪ੍ਰਕਾਸ਼ ਨੇ ਕਿਹਾ ਕਿ ਜੇਕਰ ਟਰੱਕ ਨੂੰ ਅੱਗ ਲੱਗ ਗਈ ਸੀ ਤਾਂ ਡਰਾਈਵਰ ਨੂੰ ਸਮੇਂ ਸਿਰ ਟਰੱਕ ਨੂੰ ਰੋਕਣਾ ਚਾਹੀਦਾ ਸੀ। ਪਤਾ ਲੱਗਾ ਹੈ ਕਿ ਅੱਗ ਲੱਗਣ ਦੇ ਬਾਵਜੂਦ ਟਰੱਕ ਚੱਲਦਾ ਰਿਹਾ। ਹੁਣ ਜਦੋਂ ਉਨ੍ਹਾਂ ਮੌਕੇ ’ਤੇ ਆ ਕੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਉਸ ਦਾ 7 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ।