ਝੋਨੇ ਨਾਲ ਭਰੀ ਟਰਾਲੀ ਨਹਿਰ ’ਚ ਪਲਟੀ
ਕੇਪੀ ਸਿੰਘ
ਗੁਰਦਾਸਪੁਰ, 4 ਨਵੰਬਰ
ਇੱਥੇ ਐਤਵਾਰ ਦੇਰ ਰਾਤ ਨਿਰਮਾਣ ਅਧੀਨ ਪੁਲ ’ਤੇ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰਾਲੀ ਪਲਟ ਗਈ ਜਦੋਂਕਿ ਟਰੈਕਟਰ ਚਾਲਕ ਅਤੇ ਉਸ ਦਾ ਸਾਥੀ ਵਾਲ ਵਾਲ ਬਚ ਗਏ।
ਦੱਸਣਯੋਗ ਹੈ ਕਿ ਰਾਵੀ ਦਰਿਆ ਵਿੱਚੋਂ ਨਿਕਲਦੀ ਅੱਪਰ ਬਾਰੀ ਦੁਆਬ ਨਹਿਰ ’ਤੇ ਪਿੰਡ ਗਾਜੀਕੋਟ ਨੇੜੇ ਨਵੇਂ ਬਣ ਰਹੇ ਪੁਲ ਦਾ ਕੰਮ ਕਾਫ਼ੀ ਦਿਨਾਂ ਤੋਂ ਰੁਕਿਆ ਪਿਆ ਹੈ। ਇੱਥੇ ਮਿੱਟੀ ਪਾ ਕੇ ਆਰਜ਼ੀ ਰਸਤਾ ਗੱਡੀਆਂ ਦੇ ਆਉਣ ਜਾਣ ਲਈ ਛੱਡਿਆ ਗਿਆ ਹੈ ਪਰ ਰਸਤਾ ਉੱਬੜ ਖਾਬੜ ਹੋਣ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਬੀਤੀ ਰਾਤ ਪਿੰਡ ਸਿੱਧਵਾਂ ਮੰਡੀ ਤੋਂ ਝੋਨੇ ਦੀਆਂ ਬੋਰੀਆਂ ਲੱਦ ਕੇ ਪੰਡੋਰੀ ਮਹੰਤਾ ਨੇੜੇ ਸਥਿਤ ਮੂਲਿਆਂਵਾਲ ਦੇ ਇੱਕ ਸ਼ੈੱਲਰ ’ਤੇ ਭੇਜੀਆਂ ਜਾ ਰਹੀਆਂ ਸਨ। ਜਦੋਂ ਚਾਲਕ ਗਾਜ਼ੀਕੋਟ ਦੇ ਪੁਲ ’ਤੇ ਬਣਾਏ ਗਏ ਆਰਜ਼ੀ ਰਸਤੇ ਨੂੰ ਪਾਰ ਕਰਨ ਲੱਗਾ ਤਾਂ ਟਰੈਕਟਰ ਬੇਕਾਬੂ ਹੋ ਕੇ ਟਰਾਲੀ ਸਮੇਤ ਪਲਟ ਗਿਆ ਤੇ ਝੋਨੇ ਦੀਆਂ ਬੋਰੀਆਂ ਨਹਿਰ ਵਿੱਚ ਡਿੱਗ ਗਈਆਂ। ਸਵੇਰੇ ਜੇਸੀਬੀ ਮੰਗਾ ਕੇ ਟਰੈਕਟਰ ਟਰਾਲੀ ਸਿੱਧੇ ਕਰਵਾਏ ਗਏ ਤੇ ਦਰਜਨਾਂ ਮਜ਼ਦੂਰ ਲਗਵਾ ਕੇ ਨਹਿਰ ਵਿੱਚੋਂ ਝੋਨੇ ਦੀਆਂ ਬੋਰੀਆਂ ਕਢਵਾ ਕੇ ਦੋ ਟਰਾਲੀਆਂ ਵਿੱਚ ਭਰ ਕੇ ਮੁੜ ਸ਼ੈਲਰ ਤੇ ਭੇਜੀਆਂ ਗਈਆਂ।