ਕੈਨੇਡਾ ’ਚ ਕੋਕੀਨ ਤਸਕਰੀ ਕਰਨ ਦੇ ਦੋਸ਼ ਹੇਠ ਪੰਜਾਬੀ ਮੂਲ ਦੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਸ਼ੁਰੂ
ਟੋਰਾਂਟੋ, 11 ਜਨਵਰੀ
ਭਾਰਤੀ ਮੂਲ ਦੇ 35 ਸਾਲਾ ਟਰੱਕ ਡਰਾਈਵਰ ਨੂੰ ਕੈਨੇਡਾ ਵਿੱਚ 65 ਲੱਖ ਡਾਲਰ ਦੀ ਕੋਕੀਨ ਸਮਗਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਧਿਕਾਰੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਚਾਰਜਸ਼ੀਟ ਕੀਤਾ ਗਿਆ ਹੈ। ਸੁਖਵਿੰਦਰ ਧੰਜੂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐੱਸਏ) ਨੇ ਪਿਛਲੇ ਸਾਲ 26 ਸਤੰਬਰ ਨੂੰ ਓਨਟਾਰੀਓ ਸੂਬੇ ਦੇ ਨਿਆਗਰਾ-ਆਨ-ਦਿ-ਲੇਕ 'ਚ ਕੁਈਨਸਟਨ-ਲੇਵਿਸਟਨ ਬ੍ਰਿਜ ਬੰਦਰਗਾਹ 'ਤੇ ਗ੍ਰਿਫਤਾਰ ਕੀਤਾ ਸੀ। ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰਸੀਐੱਮਪੀ) ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਕਿ ਟਰੱਕ ਦੀ ਜਾਂਚ ਮਗਰੋਂ ਉਸ ਵਿਚੋਂ 202 ਇੱਟਾਂ ਦੇ ਆਕਾਰ ਦੀਆਂ ਵਸਤੂਆਂ ਮਿਲੀਆਂ, ਜੋ ਕੋਕੀਨ ਨਿਕਲੀ। ਇਸ ਦਾ ਕੁੱਲ ਭਾਰ 233 ਕਿਲੋਗ੍ਰਾਮ ਸੀ। ਧੰਜੂ ਨੂੰ ਫਿਰ ਸੀਬੀਐਸਏ ਨੇ ਗ੍ਰਿਫਤਾਰ ਕੀਤਾ ਸੀ। ਪਿਛਲੇ ਸਾਲ 19 ਦਸੰਬਰ ਨੂੰ ਬਰੈਂਪਟਨ ਨਿਵਾਸੀ ਧੰਜੂ 'ਤੇ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼ ਲਗਾਇਆ ਸੀ। ਧੰਜੂ ਨੂੰ ਸਖ਼ਤ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਅਤੇ ਉਸ ਦੀ ਅਗਲੀ ਅਦਾਲਤ ਦੀ ਤਰੀਕ 2 ਫਰਵਰੀ ਨੂੰ ਓਨਟਾਰੀਓ ਦੇ ਸੇਂਟ ਕੈਥਰੀਨਜ਼ ਵਿਖੇ ਤੈਅ ਕੀਤੀ ਗਈ ਹੈ। ਪਿਛਲੇ ਮਹੀਨੇ ਓਨਟਾਰੀਓ ਵਿੱਚ ਅਧਿਕਾਰੀਆਂ ਵੱਲੋਂ 100 ਪੌਂਡ ਤੋਂ ਵੱਧ ਕੋਕੀਨ ਜ਼ਬਤ ਕਰਨ ਤੋਂ ਬਾਅਦ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਸੀ। ਮਨਪ੍ਰੀਤ ਸਿੰਘ (27) ਨੂੰ ਆਰਸੀਐਮਪੀ ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਉੱਤੇ ਰਸਮੀ ਤੌਰ 'ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਗਿਆ। ਧੰਜੂ ਅਤੇ ਮਨਪ੍ਰੀਤ ਸਿੰਘ ਦੋਵੇਂ ਬਰੈਂਪਟਨ ਸ਼ਹਿਰ ਦੇ ਵਸਨੀਕ ਹਨ। ਦਸੰਬਰ 2023 ਵਿੱਚ ਬਜ਼ੁਰਗ ਸਿੱਖ ਟਰੱਕ ਡਰਾਈਵਰ ਵਿਰੁੱਧ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 15 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਭੱਜ ਗਿਆ ਸੀ। ਸਰੀ ਦੇ ਰਹਿਣ ਵਾਲੇ ਰਾਜ ਕੁਮਾਰ ਮਹਿਮੀ ਨੂੰ ਪਿਛਲੇ ਸਾਲ ਨਵੰਬਰ ਵਿੱਚ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿੱਚ 80 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਕਰਨ ਲਈ ਸਜ਼ਾ ਸੁਣਾਈ ਗਈ ਸੀ।