For the best experience, open
https://m.punjabitribuneonline.com
on your mobile browser.
Advertisement

ਵਿਨੇਸ਼ ਫੋਗਾਟ: ਸੌ ਗ੍ਰਾਮ ਭਾਰ ਹੇਠ ਦੱਬੀਆਂ 140 ਕਰੋੜ ਭਾਰਤੀਆਂ ਦੀਆਂ ਉਮੀਦਾਂ

06:49 PM Aug 08, 2024 IST
ਵਿਨੇਸ਼ ਫੋਗਾਟ  ਸੌ ਗ੍ਰਾਮ ਭਾਰ ਹੇਠ ਦੱਬੀਆਂ 140 ਕਰੋੜ ਭਾਰਤੀਆਂ ਦੀਆਂ ਉਮੀਦਾਂ
ਪੈਰਿਸ ਦੇ ਹਸਪਤਾਲ ’ਚ ਪਹਿਲਵਾਨ ਵਿਨੇਸ਼ ਫੋਗਾਟ ਦਾ ਹਾਲ-ਚਾਲ ਪੁੱਛਦੀ ਹੋਈ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ।
Advertisement

ਰੋਹਿਤ ਮਹਾਜਨ
ਪੈਰਿਸ, 8 ਅਗਸਤ
ਭਾਰਤੀ ਕੁਸ਼ਤੀ ਦੀ ਪ੍ਰਤੀਕ ਅਤੇ ਖੇਡ ਅਧਿਕਾਰੀਆਂ ਦੀਆਂ ਵਧੀਕੀਆਂ ਦਾ ਵਿਰੋਧ ਕਰਨ ਵਾਲੀ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਤੋਂ ਉਸ ਮੈਡਲ ਨਾਲ ਵਾਪਸ ਨਹੀਂ ਪਰਤੇਗੀ ਜਿਸ ਦੀ ਉਹ ਬਹੁਤ ਵੱਡੀ ਹੱਕਦਾਰ ਸੀ। ਬੁੱਧਵਾਰ ਸਵੇਰੇ 8.30 ਵਜੇ ਤੋਂ ਬਾਅਦ ਵਿਨੇਸ਼ ਨੂੰ ਉਸ ਦੇ ਜੀਵਨ ਦੀ ਸਭ ਤੋਂ ਮੰਦਭਾਗੀ ਖ਼ਬਰ ਮਿਲੀ ਕਿ ਉਸ ਨੂੰ 50 ਕਿਲੋਗ੍ਰਾਮ ਫ੍ਰੀ-ਸਟਾਈਲ ਫੀਲਡ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ। ਅਜੇ ਇਸ ਤੋਂ ਇਕ ਦਿਨ ਪਹਿਲਾਂ ਹੀ ਤਿੰਨ ਸ਼ਾਨਦਾਰ ਜਿੱਤਾਂ ਤੋਂ ਬਾਅਦ ਉਸ ਨੂੰ ਘੱਟੋ-ਘੱਟ ਚਾਂਦੀ ਦੇ ਤਗ਼ਮੇ ਦੀ ਗਾਰੰਟੀ ਦਿੱਤੀ ਗਈ ਸੀ।
ਵਿਨੇਸ਼ ਨੂੰ ਹੁਣ ਸੋਨ ਤਗ਼ਮਾ ਹੀ ਨਹੀਂ, ਬਲਕਿ ਕੋਈ ਤਗ਼ਮਾ ਨਹੀਂ ਮਿਲੇਗਾ ਕਿਉਂਕਿ ਉਸ ਨੂੰ ਇਨ੍ਹਾਂ ਖੇਡਾਂ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਉਸ ਦਾ ਨਾਮ ਅਮਰੀਕਾ ਦੀ ਸਾਰਾ ਹਿਲਡਰਬ੍ਰਾਂਟ ਖ਼ਿਲਾਫ਼ 50 ਕਿਲੋਗ੍ਰਾਮ ਫਾਈਨਲ ਮੁਕਾਬਲੇ ਤੋਂ ਖ਼ਾਰਜ ਕਰ ਦਿੱਤਾ ਗਿਆ। ਬੀਤੇ ਦਿਨੀਂ ਤਿੰਨ ਮੁਕਾਬਲੇ ਜਿੱਤਣ ਤੋਂ ਬਾਅਦ ਉਸ ਨੇ ਵਿਸ਼ਵ ਪੱਧਰ ’ਤੇ ਓਲੰਪਿਕ ਦੀ 50 ਕਿਲੋਗ੍ਰਾਮ ਵਰਗ ਦੀ ਚੈਂਪੀਅਨ ਜਪਾਨ ਦੀ ਯੂਈ ਸੁਸਾਕੀ ਨੂੰ ਹਰਾਇਆ ਸੀ। 29 ਸਾਲਾ ਖਿਡਾਰਨ ਨੂੰ ਪੂਰੀ ਊਰਜਾ ਨਾਲ ਰੱਸੀ ਟੱਪਦੇ ਹੋਏ ਦੇਖਿਆ ਗਿਆ। ਉਸ ਵੇਲੇ ਵਿਨੇਸ਼ ਦਾ ਵਜ਼ਨ 50 ਕਿੱਲੋ ਤੋਂ ਘੱਟ ਸੀ। ਉਸ ਨੇ ਰਾਤ ਨੂੰ ਆਈਫਲ ਟਾਵਰ ਥੱਲੇ ਮੁਕਾਬਲੇ ਵਾਲੀ ਥਾਂ ’ਤੇ ਪਸੀਨਾ ਵਹਾਇਆ ਅਤੇ ਹੋਰ ਭਾਰ ਘਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਭਾਰ ਦੋ ਕਿੱਲੋ ਦੇ ਨੇੜੇ-ਤੇੜੇ ਵਧ ਗਿਆ ਸੀ। ਕੌਮੀ ਕੋਚ ਵਰਿੰਦਰ ਸਿੰਘ ਦਹੀਆ ਅਨੁਸਾਰ ਵਿਨੇਸ਼ ਫਿਰ ਭਾਰ ਘਟਾਉਣ ਲਈ ਅੰਦਰ ਗਈ ਅਤੇ ਅੱਧੀ ਰਾਤ ਤੱਕ ਸਿਖਲਾਈ ਮੈਟ ’ਤੇ ਅਭਿਆਸ ਕੀਤਾ। ਉਹ ਰਾਤ 11.30 ਦੇ ਨੇੜੇ ਆਪਣੀ ਟੀਮ ਜਿਸ ’ਚ ਫਿਜ਼ੀਓ, ਪਾਵਰ ਅਤੇ ਕੰਡੀਸ਼ਨਿੰਗ ਕੋਚ, ਨਿੱਜੀ ਕੋਚ ਵੋਲਰ ਅਕੋਸ ਅਤੇ ਅਭਿਆਸ ਕਰਾਉਣ ਵਾਲੇ ਸਾਥੀ ਸ਼ਾਮਲ ਸਨ, ਨਾਲ ਖੇਡ ਪਿੰਡ ਲਈ ਰਵਾਨਾ ਹੋਈ। ਦਹੀਆ ਨੇ ਕਿਹਾ, ‘‘ਸਾਨੂੰ ਨਹੀਂ ਪਤਾ ਕਿ ਸਵੇਰੇ ਕੀ ਹੋਇਆ। ਉਸ ਦਾ ਭਾਰ 100 ਗ੍ਰਾਮ ਤੇ 125 ਗ੍ਰਾਮ ਵਿਚਾਲੇ ਉੱਪਰ ਸੀ।’’
ਉਨ੍ਹਾਂ ਕਿਹਾ, ‘‘ਭਾਰ ਘਟਾਉਣ ਲਈ ਵਿਨੇਸ਼ ਨੇ ਸਭ ਕੁਝ ਅਜ਼ਮਾਇਆ ਜਿਵੇਂ ਕਿ ਸੌਨਾ, ਟਰੈੱਡਮਿਲ, ਰੱਸੀ ਟੱਪਣਾ ਤੇ ਦੌੜਨਾ ਆਦਿ ਪਰ ਕੁਝ ਵੀ ਕੰਮ ਨਾ ਆਇਆ। ਕੁਝ ਹੋਰ ਗ੍ਰਾਮ ਭਾਰ ਘਟਾਉਣ ਲਈ ਉਸ ਨੇ ਵਾਲ ਵੀ ਕਟਵਾ ਲਏ। ਇੱਕ ਪਹਿਲਵਾਨ ਨੂੰ ਦੂਜੇ ਦਿਨ ਭਾਰ ਘਟਾਉਣ ਲਈ 15 ਮਿੰਟ ਮਿਲਦੇ ਹਨ - ਵਿਨੇਸ਼ ਨੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ 15 ਮਿੰਟ ਦੇ ਅੰਤ ਵਿੱਚ 100 ਗ੍ਰਾਮ ਭਾਰ ਵੀ ਬਹੁਤ ਜ਼ਿਆਦਾ ਸਾਬਤ ਹੋਇਆ ਸੀ। ਭੁੱਖੀ, ਪਿਆਸੀ ਤੇ ਪਾਣੀ ਦੀ ਕਮੀ ਕਾਰਨ ਵਿਨੇਸ਼ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਇੱਕ ਸਰੋਤ ਨੇ ਕਿਹਾ ਕਿ ਰਾਤ ਤੋਂ ਸਵੇਰ ਤੱਕ ਉਸ ਨੇ ਬਹੁਤ ਜ਼ਿਆਦਾ ਤਰਲ ਗੁਆ ਦਿੱਤਾ ਸੀ ਪਰ ਸਫਲਤਾ ਨਾ ਮਿਲਣ ਤੋਂ ਉਹ ਨਿਰਾਸ਼ ਹੋ ਗਈ ਅਤੇ ਉਸ ਦੇ ਹੰਝੂ ਨਹੀਂ ਰੁਕ ਰਹੇ ਸਨ।
24 ਘੰਟੇ ਦੀਆਂ ਸਖਤ ਕੋਸ਼ਿਸ਼ਾਂ ਅਤੇ ਭਾਵਨਾਤਮਕ ਤੌਰ ’ਤੇ ਉੱਪਰ-ਥੱਲੇ ਹੋਣ ਤੋਂ ਬਾਅਦ ਵਿਨੇਸ਼ ਦੇ ਸਰੀਰ ’ਚੋਂ ਪਾਣੀ ਬੁਰੀ ਤਰ੍ਹਾਂ ਘਟ ਚੁੱਕਾ ਸੀ। ਉਸ ਨੂੰ ਖੇਡ ਪਿੰਡ ਵਿੱਚ ਬਣੇ ਮੈਡੀਕਲ ਸੈਂਟਰ ਲਿਜਾਇਆ ਗਿਆ। ਮੈਡੀਕਲ ਟੀਮ ਦੇ ਮੁਖੀ ਡਾ. ਦਿਨਸ਼ਾਅ ਪਾਰਦੀਵਾਲਾ ਨੇ ਕਿਹਾ, ‘‘ਚੌਕਸੀ ਦੇ ਉਪਾਅ ਵਜੋਂ, ਵਿਨੇਸ਼ ਨੂੰ ਤਰਲ ਪਦਾਰਥ (ਡਰਿੱਪ ਰਾਹੀਂ) ਦਿੱਤੇ ਗਏ ਤਾਂ ਜੋ ਉਸ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਇਸ ਪ੍ਰਕਿਰਿਆ ਦੌਰਾਨ ਵਿਨੇਸ਼ ਦੇ ਸਾਰੇ ਮਾਪਦੰਡ ਆਮ ਵਾਂਗ ਸਨ ਅਤੇ ਉਹ ਬਿਲਕੁਲ ਠੀਕ ਮਹਿਸੂਸ ਕਰ ਰਹੀ ਸੀ।’’ ਕੋਚ ਦਹੀਆ ਮੁਤਾਬਕ, ਵਿਨੇਸ਼ ਪ੍ਰੇਸ਼ਾਨ ਸੀ ਅਤੇ ਲਗਾਤਾਰ ਰੋ ਰਹੀ ਸੀ।
ਵਿਨੇਸ਼ ਨੂੰ ਅਯੋਗ ਠਹਿਰਾਏ ਜਾਣ ਨਾਲ ਸਾਰਾ ਕੁਸ਼ਤੀ ਜਗਤ ਸਦਮੇ ਵਿੱਚ ਹੈ। ਇਸ ਨਾਲ ਓਨਾ ਹੀ ਵੱਡਾ ਝਟਕਾ ਲੱਗਾ ਹੈ ਜਿੰਨਾ ਕਿ ਉਸ ਨੇ ਲੰਘੇ ਦਿਨੀਂ ਜਪਾਨ ਦੀ ਆਪਣੀ ਵਿਰੋਧੀ ਖਿਡਾਰਨ ਯੀ ਸੁਸਾਕੀ ਨੂੰ ਹਰਾ ਕੇ ਦਿੱਤਾ ਸੀ। ਸੈਮੀ ਫਾਈਨਲ ਵਿੱਚ ਵਿਨੇਸ਼ ਤੋਂ ਹਾਰੀ ਕਿਊਬਾ ਦੀ ਯੁਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਆਪਣੀ ਕਿਸਮਤ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਹਾਰ ਕੇ ਵੀ ਫਾਈਨਲ ’ਚ ਪਹੁੰਚ ਗਈ। ਵਿਨੇਸ਼ ਨਾਲ ਹੋਏ ਇਸ ਘਟਨਾਕ੍ਰਮ ਕਾਰਨ ਕੁਸ਼ਤੀ ਜਗਤ ਤੋਂ ਉਸ ਨੂੰ ਕਾਫੀ ਹਮਦਰਦੀ ਮਿਲੀ ਹੈ। ਯੂਨਾਨ ਦੀ ਕੋਚ ਸੂਜ਼ੈਨ ਹਿਲਡਰਬਾਂਟ ਨੇ ਵਿਨੇਸ਼ ਲਈ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਮਹਿਲਾਵਾਂ ਲਈ ਭਾਰ ਘਟਾਉਣਾ ਮੁਸ਼ਕਿਲ ਹੈ। 53 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਹਾਰੀ ਗੁਆਮ ਦੀ ਮਿਆ ਲਾਹਨੀ ਰਾਮੋਸ ਐਕਿਊਨੋ ਨੇ ਕਿਹਾ, ‘‘ਮੈਂ ਸੌਨਾ ਬਾਥ ਰਾਹੀਂ ਇਕ ਦਿਨ ਵਿੱਚ 5 ਤੋਂ 7 ਕਿੱਲੋ ਭਾਰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਇਸ ਵਾਸਤੇ ਮੈਨੂੰ ਪਤਾ ਹੈ ਕਿ ਵਿਨੇਸ਼ ਕਿਹੜੇ ਹਾਲਾਤ ’ਚੋਂ ਨਿਕਲੀ ਹੋਵੇਗੀ। ਅਤੇ ਇਕ ਮਹਿਲਾ ਵਜੋਂ ਮੈਂ ਇਹੋ ਕਹਾਂਗੀ ਕਿ ਮਾਹਵਾਰੀ ਤੇ ਹਾਰਮੋਨਲ ਮਸਲਿਆਂ ਕਰ ਕੇ ਸਾਡਾ ਭਾਰ ਵਧਦਾ ਰਹਿੰਦਾ ਹੈ, ਸਰੀਰ ਵਿੱਚ ਵਧੇਰੇ ਪਾਣੀ ਰਹਿੰਦਾ ਹੈ। ਇਸ ਵਾਸਤੇ ਮੇਰਾ ਸੋਚਣਾ ਹੈ ਕਿ ਮਹਿਲਾਵਾਂ ਨੂੰ ਭਾਰ ਵਿੱਚ ਇੱਕ ਕਿੱਲੋ ਤੇ ਕੁਝ ਸੌ ਗ੍ਰਾਮ ਦੀ ਛੋਟ ਦੇਣੀ ਚਾਹੀਦੀ ਹੈ।’’
ਖੇਡ ਦੀ ਗਵਰਨਿੰਗ ਬਾਡੀ ਯੂਨਾਈਟਿਡ ਵਿਸ਼ਵ ਕੁਸ਼ਤੀ ਦੇ ਪ੍ਰਧਾਨ ਨੈਨਾਡ ਲਾਲੋਵਿਕ ਨੇ ਕਿਹਾ, ‘‘ਮੈਂ ਬਹੁਤ ਉਦਾਸ ਹਾਂ ਕਿ ਉਸ ਨਾਲ ਕੀ ਹੋਇਆ। ਉਸ ਦਾ ਭਾਰ ਜ਼ਿਆਦਾ ਸੀ, ਉਹ ਵੀ ਬਹੁਤ ਮਾਮੂਲੀ ਜਿਹਾ। ਪਰ ਨਿਯਮ ਤਾਂ ਨਿਯਮ ਹਨ।’’ ਉਨ੍ਹਾਂ ਕਿਹਾ, ‘‘ਸਾਨੂੰ ਨਿਯਮਾਂ ਦਾ ਸਨਮਾਨ ਕਰਨਾ ਹੋਵੇਗਾ। ਖੇਡ ਨਿਯਮ ’ਤੇ ਆਧਾਰਿਤ ਹੈ। ਜੇ ਅਸੀਂ ਨਿਯਮਾਂ ਦੀ ਉਲੰਘਣਾ ਕਰਾਂਗੇ ਤਾਂ ਅਰਾਜਕਤਾ ਫੈਲ ਜਾਵੇਗੀ।’’ ਲਾਲੋਵਿਕ ਨੇ ਕਿਹਾ ਕਿ ਅਸਲ ਵਿੱਚ ਨਿਯਮ ਹੋਰ ਸਖਤ ਹੋਣੇ ਚਾਹੀਦੇ ਹਨ ਕਿਉਂਕਿ ਘੱਟ ਭਾਰ ਵਰਗ ਵਿੱਚ ਖੇਡਣ ਲਈ ਪਹਿਲਵਾਨ ਕਾਫੀ ਭਾਰ ਘਟਾ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ, ‘‘ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਆਪਣੇ ਕੁਦਰਤੀ ਭਾਰ ਵਰਗ ਵਿੱਚ ਖੇਡਣ। ਪਹਿਲਵਾਨ ਕਾਫੀ ਭਾਰ ਘਟਾ ਰਹੇ ਹਨ ਅਤੇ ਇਹ ਉਨ੍ਹਾਂ ਦੀ ਸਿਹਤ ਲਈ ਠੀਕ ਨਹੀਂ ਹੈ।’’
ਵਿਨੇਸ਼ ਲਈ ਓਲੰਪਿਕ ਵਿੱਚ ਤਗ਼ਮਾ ਜਿੱਤਣ ਦਾ ਸੁਪਨਾ ਹੁਣ ਬੇਮਾਇਨਾ ਹੋ ਗਿਆ ਹੈ ਕਿਉਂਕਿ 2028 ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਤੱਕ ਉਹ 34 ਸਾਲਾਂ ਦੀ ਹੋ ਜਾਵੇਗੀ। ਸ਼ਾਇਦ ਉਸ ਨੂੰ ਹੁਣ ਖੇਡਣ ਤੋਂ ਅੱਗੇ ਵਧ ਕੇ ਸੋਚਣਾ ਚਾਹੀਦਾ ਹੈ ਜਿਵੇਂ ਕਿ ਖੇਡਾਂ ਵਿੱਚ ਮਹਿਲਾਵਾਂ ਦੀ ਸੁਰੱਖਿਆ।

Advertisement

Advertisement
Author Image

Advertisement
Advertisement
×