ਸੰਗਰੂਰ ਵਿੱਚ ਸਰਪੰਚਾਂ ਲਈ ਕੁੱਲ 575 ਅਤੇ ਪੰਚਾਂ ਲਈ 1279 ਨਾਮਜ਼ਦਗੀਆਂ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਅਕਤੂਬਰ
ਪਹਿਲੀ ਅਕਤੂਬਰ ਤੱਕ ਜ਼ਿਲ੍ਹਾ ਸੰਗਰੂਰ ਵਿੱਚ ਸਰਪੰਚਾਂ ਲਈ ਕੁੱਲ 575 ਅਤੇ ਪੰਚਾਂ ਲਈ ਕੁੱਲ 1279 ਨਾਮਜ਼ਦਗੀਆਂ ਰਿਟਰਨਿੰਗ ਅਫ਼ਸਰਾਂ ਨੂੰ ਪ੍ਰਾਪਤ ਹੋਈਆਂ ਹਨ। ਦੋ ਦਿਨਾਂ ਦੀ ਸਰਕਾਰੀ ਛੁੱਟੀ ਸੀ ਅਤੇ ਭਲਕੇ 4 ਅਕਤੂਬਰ ਨੂੰ ਨਾਮਜ਼ਦਗੀਆਂ ਦਾਖਲ ਕਰਵਾਉਣ ਦਾ ਆਖ਼ਰੀ ਦਿਨ ਹੈ। ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ। ਉਧਰ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਚੁੱਲ੍ਹਾ ਟੈਕਸ ਭਰਨ ਅਤੇ ਐਨ.ਓ.ਸੀ. ਸਰਟੀਫਿਕੇਟ ਲੈਣ ਲਈ ਬੀਡੀਪੀਓ ਦਫ਼ਤਰ ਵਿੱਚ ਛੁੱਟੀ ਵਾਲੇ ਦਿਨ ਵੀ ਰੌਣਕਾਂ ਲੱਗੀਆਂ ਰਹੀਆਂ। ਲੰਘੇ ਸ਼ਨਿਚਰਵਾਰ ਅਤੇ ਐਤਵਾਰ ਵਾਲੇ ਦਿਨ ਵੀ ਬੀਡੀਪੀਓ ਦਫ਼ਤਰ ਖੁੱਲ੍ਹਾ ਰਿਹਾ ਅਤੇ 2 ਅਤੇ 3 ਅਕਤੂਬਰ ਨੂੰ ਵੀ ਛੁੱਟੀ ਵਾਲੇ ਦਿਨ ਬੀਡੀਪੀਓ ਸਮੇਤ ਸਮੁੱਚਾ ਸਟਾਫ਼ ਦਫ਼ਤਰ ਵਿੱਚ ਹਾਜ਼ਰ ਰਹਿ ਕੇ ਕੰਮ-ਕਾਜ ਵਿੱਚ ਜੁਟਿਆ ਰਿਹਾ।
ਉਨ੍ਹਾਂ ਦੱਸਿਆ ਕਿ ਚੋਣਾਂ ਲਈ ਤਾਇਨਾਤ ਕੀਤੇ ਜਾਣ ਵਾਲੇ ਅਮਲੇ ਦੀ ਰਿਹਰਸਲ 5 ਅਕਤੂਬਰ ਨੂੰ ਕਰਵਾਈ ਜਾਵੇਗੀ। ਦੂਜੀ ਰਿਹਰਸਲ 10 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਮੂਨਕ ਬਲਾਕ ਦੇ ਚੋਣ ਅਮਲੇ ਦੀ ਰਿਹਰਸਲ ਸੰਧੂ ਪੈਲੇਸ, ਪਾਤੜਾਂ ਰੋਡ, ਮੂਨਕ ਵਿੱਤ ਹੋਵੇਗੀ। ਬਲਾਕ ਭਵਾਨੀਗੜ੍ਹ ਦੇ ਚੋਣ ਅਮਲੇ ਦੀ ਰਿਹਰਸਲ ਅਗਰਵਾਲ ਭਵਨ, ਸੁਨਾਮ ਰੋਡ ਭਵਾਨੀਗੜ੍ਹ, ਬਲਾਕ ਧੂਰੀ ਅਤੇ ਬਲਾਕ ਸ਼ੇਰਪੁਰ ਦੇ ਚੋਣ ਅਮਲੇ ਦੇ ਰਿਹਰਸਲ ਯੂਨੀਵਰਸਿਟੀ ਕਾਲਜ ਬੇਨੜਾ, ਬਲਾਕ ਦਿੜ੍ਹਬਾ ਦੇ ਚੋਣ ਅਮਲੇ ਦੀ ਰਿਹਰਸਲ ਗੀਤਾ ਭਵਨ ਲਿੰਕ ਰੋਡ ਦਿੜ੍ਹਬਾ, ਬਲਾਕ ਲਹਿਰਾ ਦੇ ਚੋਣ ਅਮਲੇ ਦੀ ਰਿਹਰਸਲ ਬਾਬਾ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ, ਬਲਾਕ ਸੰਗਰੂਰ ਦੇ ਚੋਣ ਅਮਲੇ ਦੀ ਰਿਹਰਸਲ ਰਣਬੀਰ ਕਾਲਜ ਸੰਗਰੂਰ ਦੇ ਰੂਸਾ ਬਲਾਕ ਤੇ ਬਲਾਕ ਸੁਨਾਮ ਦੇ ਚੋਣ ਅਮਲੇ ਦੀ ਰਿਹਰਸਲ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿੱਚ ਸਵੇਰੇ 9 ਵਜੇ ਤੋਂ ਆਰੰਭ ਹੋਵੇਗੀ। ਉਨ੍ਹਾਂ ਗ੍ਰਾਮ ਪੰਚਾਇਤ ਚੋਣਾਂ ਨੂੰ ਪਾਰਦਰਸ਼ੀ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਉਣ ਲਈ ਤਾਇਨਾਤ ਕੀਤੇ ਗਏ ਚੋਣ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਆਪਸੀ ਤਾਲਮੇਲ ਨਾਲ ਨਿਭਾਉਣ ਦੀ ਹਦਾਇਤ ਕੀਤੀ।