For the best experience, open
https://m.punjabitribuneonline.com
on your mobile browser.
Advertisement

ਪਟਿਆਲਾ ਹਲਕੇ ’ਚ ਸਿਰਫ ਇੱਕ ਵਾਰ ਹੋਇਆ ਤਿਕੋਣਾ ਮੁਕਾਬਲਾ

07:52 AM Apr 18, 2024 IST
ਪਟਿਆਲਾ ਹਲਕੇ ’ਚ ਸਿਰਫ ਇੱਕ ਵਾਰ ਹੋਇਆ ਤਿਕੋਣਾ ਮੁਕਾਬਲਾ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਅਪਰੈਲ
ਪਟਿਆਲਾ ਲੋਕ ਸਭਾ ਹਲਕੇ ਦੀ ਕੇਵਲ ਇੱਕ ਚੋਣ ਹੀ ਅਜਿਹੀ ਰਹੀ ਹੈ, ਜਿਸ ਦੌਰਾਨ ਤਿਕੋਣਾ ਮੁਕਾਬਲਾ ਹੋਇਆ। ਤਿਕੋਣੇ ਮੁਕਾਬਲੇ ਵਾਲੀ ਚੋਣ 2014 ਦੀ ਰਹੀ। ਉਦੋਂ ‘ਆਪ’ ਦੇ ਡਾ. ਧਰਮਵੀਰ ਗਾਂਧੀ ਨੇ ਲਗਾਤਾਰ ਤਿੰਨ ਵਾਰ ਐੱਮਪੀ ਰਹੇ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਹਰਾਇਆ ਸੀ। ਇਸ ਦੌਰਾਨ ਡਾ. ਗਾਂਧੀ ਨੂੰ 3,65,671 ਅਤੇ ਪ੍ਰਨੀਤ ਕੌਰ ਨੂੰ 3,44,729 ਵੋਟਾਂ ਪਈਆਂ, ਉਥੇ ਹੀ ਅਕਾਲੀ ਦਲ ਦੇ ਦੀਪਿੰਦਰ ਢਿੱਲੋਂ ਵੀ 3,40,109 ਵੋਟਾਂ ਹਾਸਲ ਕਰਨ ’ਚ ਸਫਲ ਰਹੇ ਸਨ। ਕੁਝ ਹੋਰ ਚੋਣਾਂ ’ਚ ਕੱਦਾਵਰ ਨੇਤਾ ਹੋਣ ਦੇ ਬਾਵਜੂਦ ਤਿਕੋਣਾ ਮੁਕਾਬਲਾ ਨਾ ਹੋ ਸਕਿਆ। 2019 ’ਚ ਹੋਈ ਤਾਜ਼ਾ ਚੋਣ ਦੀ ਗੱਲ ਕਰੀਏ, ਤਾਂ ਉਦੋਂ ਭਾਵੇਂ ਡਾ. ਧਰਮਵੀਰ ਗਾਂਧੀ, ਪ੍ਰਨੀਤ ਕੌਰ ਵਰਗੀ ਵੱਡੀ ਕੱਦਾਵਰ ਨੇਤਾ ਨੂੰ ਹਰਾਉਣ ਮਗਰੋਂ ਅਗਲੀ ਹੀ ਚੋਣ ’ਚ ਸੀਟਿੰਗ ਐੱਮਪੀ ਵਜੋਂ ਲੜੇ ਸਨ, ਪਰ ਹਲਕੇ ਨੇ ਉਨ੍ਹਾਂ ਨੂੰ ਪਹਿਲੇ ਦੋ ਉਮੀਦਵਾਰਾਂ ਦੇ ਨੇੜੇ ਵੀ ਨਾ ਫਟਕਣ ਦਿੱਤਾ। ਇਥੋਂ ਤੱਕ ਉਨ੍ਹਾਂ ਨੂੰ ਪਈਆਂ, ਕੁੱਲ 1,61,645 ਵੋਟਾਂ ਨਾਲੋਂ ਪ੍ਰਨੀਤ ਕੌਰ ਦੀ ਜੇਤੂ ਲੀਡ (1,62,718 ) ਵੀ ਵੱਧ ਰਹੀ। ਉਦੋਂ ਪ੍ਰਨੀਤ ਕੌਰ ਨੂੰ 5,32,027 ਅਤੇ ਅਕਾਲੀ ਉਮੀਦਵਾਰ ਸੁਰਜੀਤ ਰੱਖੜਾ ਨੂੰ 3,69,309 ਵੋਟਾਂ ਮਿਲੀਆਂ ਸਨ।
ਇਸੇ ਤਰ੍ਹਾਂ 1999 ਵਿੱਚ ਵੀ ਭਾਵੇਂ ਇਥੇ ਤਿੰਨ ਅਹਿਮ ਉਮੀਦਵਾਰ ਲੜੇ ਪਰ ਸੀਟਿੰਗ ਐੱਮਪੀ ਹੋਣ ਦੇ ਬਾਵਜੂਦ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ 89,268 ਵੋਟਾਂ ਹੀ ਹਾਸਲ ਕਰ ਸਕੇ। ਹਾਲਾਂਕਿ 1998 ਦੀ ਚੋਣ ’ਚ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਸਨ ਪਰ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਤੀਜੇ ਪ੍ਰਮੁੱਖ ਉਮੀਦਵਾਰ ਵਜੋਂ ਪ੍ਰਵਾਨ ਨਾ ਕੀਤਾ। ਇਸ ਦੌਰਾਨ ਜੇਤੂ ਰਹੀ ਪ੍ਰਨੀਤ ਕੌਰ ਨੂੰ 3,60,125 ਵੋਟਾਂ ਮਿਲੀਆਂ ਸਨ, ਜਦੋਂਕਿ ਅਕਾਲੀ ਦਲ ਦੇ ਸੁੁਰਜੀਤ ਸਿੰਘ ਰੱਖੜਾ ਨੂੰ 2,81,217 ਵੋਟਾਂ ਮਿਲੀਆਂ ਸਨ।
1989 ’ਚ ਇਥੋਂ ਤਿੰਨ ਕੱਦਾਵਰ ਉਮੀਦਵਾਰ ਚੋਣ ਲੜੇ। ਹਾਲਾਂਕਿ ਬਲਵੰਤ ਸਿੰਘ ਰਾਮੂਵਾਲੀਆ ਉਦੋਂ ਸੰਗਰੂਰ ਤੋਂ ਸੀਟਿੰਗ ਐੱਮਪੀ ਵੀ ਸਨ, ਪਰ ਉਹ ਫੇਰ ਵੀ ਤਿਕੋਣਾ ਮੁਕਾਬਲਾ ਨਾ ਬਣਾ ਸਕੇ। ਇਸ ਮੌਕੇ ਆਜ਼ਾਦ ਉਮੀਦਵਾਰ ਅਤਿੰਦਰਪਾਲ ਨੂੰ 2,94,172, ਕਾਂਗਰਸ ਦੇ ਵਿਨੋਦ ਸ਼ਰਮਾ ਨੂੰ 2,12,912 ਜਦਕਿ ਅਕਾਲੀ ਦਲ ਵੱਲੋਂ ਬਲਵੰਤ ਸਿੰਘ ਰਾਮੂਵਾਲੀਆ (ਸੀਟਿੰਗ ਐੱਮਪੀ ਸੰਗਰੂਰ) ਨੂੰ ਕੇਵਲ 51,351 ਵੋਟਾਂ ਹੀ ਮਿਲੀਆਂ ਸਨ। ਉਦੋਂ ਅਤਿੰਦਰਪਾਲ ਜੇਲ੍ਹ ’ਚ ਬੈਠੇ ਹੀ 81260 ਵੋਟਾਂ ਨਾਲ ਜਿੱਤ ਗਏ ਸਨ। ਇਹੀ ਹਾਲ 1972 ’ਚ ਹੋਇਆ। ਉਦੋਂ ਵੀ ਮਹਿੰਦਰ ਕੌਰ ਕਾਂਗਰਸ ਦੇ ਵੱਖ ਹੋਏ ਧੜੇ ਵੱਲੋਂ ਸੀਟਿੰਗ ਐੱਮਪੀ ਵਜੋਂ ਮੈਦਾਨ ’ਚ ਉਤਰੇ, ਪਰ ਉਨ੍ਹਾਂ ਨੂੰ ਵੋਟਾਂ 36,334 ਹੀ ਮਿਲੀਆਂ ਤੇ ਤੀਜਾ ਨੰਬਰ ਵੀ ਬੇਹੱਦ ਪਛੜ ਗਿਆ ਸੀ। ਕਿਉਂਕਿ ਉਦੋਂ ਕਾਂਗਰਸੀ ਸੱਤਪਾਲ ਕਪੂਰ ਨੂੰ 1,47,436 ਤੇ ਗਿਆਨ ਸਿੰਘ ਰਾੜੇਵਾਲ਼ਾ ਨੂੰ 1,05,739 ਵੋਟਾਂ ਪਈਆਂ ਸਨ।

Advertisement

Advertisement
Author Image

joginder kumar

View all posts

Advertisement
Advertisement
×