ਸਿਲਵਰ ਓਕਸ ਸਕੂਲਾਂ ’ਚ ਤਿੰਨ ਰੋਜ਼ਾ ਸਾਹਿਤਕ ਸਮਾਗਮ
ਸ਼ਗਨ ਕਟਾਰੀਆ
ਬਠਿੰਡਾ/ਜੈਤੋ, 10 ਅਕਤੂਬਰ
ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਵਿਦਿਆਰਥੀਆਂ ਦੀ ਰੁਚੀ ਪੈਦਾ ਕਰਨ ਲਈ ਸਿਲਵਰ ਓਕਸ ਸਕੂਲ ਗਰੁੱਪ ਵੱਲੋਂ 7 ਤੋਂ 10 ਅਕਤੂਬਰ ਤੱਕ ਆਪਣੀਆਂ ਸਮੁੱਚੀਆਂ ਸ਼ਾਖ਼ਾਵਾਂ ਦੇ ਅੰਤਰ-ਸਕੂਲ ਸਾਹਿਤਕ ਸਮਾਗਮ ਕਰਵਾਏ ਗਏ।
ਇਨ੍ਹਾਂ ਸਮਾਰੋਹਾਂ ’ਚ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਪਹਿਲੇ ਸਮਾਗਮ ਦੀ ਸ਼ੁਰੂਆਤ 7 ਅਕਤੂਬਰ ਨੂੰ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ ਬਠਿੰਡਾ ਵਿੱਚ ਹੋਈ। 8 ਅਕਤੂਬਰ ਨੂੰ ਸਿਲਵਰ ਓਕਸ ਸਕੂਲ ਸੇਵੇਵਾਲਾ (ਜੈਤੋ) ਵਿੱਚ ਅਤੇ 10 ਅਕਤੂਬਰ ਨੂੰ ਸਮਾਪਤੀ ਸਮਾਗਮ ਸਿਲਵਰ ਓਕਸ ਸਕੂਲ ਬੀਬੀਵਾਲਾ (ਬਠਿੰਡਾ) ਵਿੱਚ ਹੋਇਆ। ਜੈਤੋ ਸ਼ਾਖ਼ਾ ਵਿੱਚ ਪੰਜਾਬ ਦੇ ਲੋਕ ਗੀਤ ਅਤੇ ਨਿਊਜ਼ ਪੇਪਰ ਡਿਜ਼ਾਈਨਿੰਗ ਮੁਕਾਬਲੇ ਕਰਵਾਏ ਗਏ। ਇਸੇ ਤਰ੍ਹਾਂ ਹੋਰਨਾਂ ਬਰਾਂਚਾਂ ਵਿੱਚ ਸਟੋਰੀ ਟੈਲਿੰਗ, ਇੰਡੀਅਨ ਕਲਾਸੀਕਲ ਡਾਂਸ, ਮੌਕ ਪ੍ਰੈਸ ਕਾਨਫਰੰਸ, ਐਟਲਸ ਐਕਰੋਬੈਟ, ਈ ਡਿਜ਼ਾਇਨਿੰਗ, ਯੂਥ ਪਾਰਲੀਮੈਂਟ, ਮੈਲੋਡਿੱਕ ਮੂਵਰ, ਦੇਸ਼ ਭਗਤੀ ਸਬੰਧੀ ਗੀਤ, ਕਵਿਤਾ ਉਚਾਰਨ, ਪੌਡ ਕਾਸਟ, ਪੰਜਾਬੀ ਨਾਟਕ ਆਦਿ ਗਤੀਵਿਧੀਆਂ ਸ਼ਾਮਿਲ ਕੀਤੀਆਂ ਗਈਆਂ। ਅਖੀਰ ਵਿੱਚ ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਦੇ ਸਫ਼ਲ ਹੋਣ ਦਾ ਦਾਅਵਾ ਕਰਦਿਆਂ ਸਿਲਵਰ ਓਕਸ ਸਕੂਲ ਗਰੁੱਪ ਦੀ ਨਿਰਦੇਸ਼ਕ ਅਤੇ ਗਿਆਨ ਮੰਥਨ ਐਜੂਕੇਸ਼ਨ ਸਰਵਿਸਿਜ਼ ਦੀ ਪ੍ਰਬੰਧਕ ਬਰਨਿੰਦਰ ਪੌਲ ਸੇਖੋਂ ਨੇ ਕਿਹਾ ਕਿ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਬੁੱਧੀ ਦੇ ਪ੍ਰਦਰਸ਼ਨ ਲਈ ਇੱਕ ਮੰਚ ਮੁਹੱਈਆ ਕਰਵਾਉਣਾ ਸੀ।
ਇਸ ਮੌਕੇ ਨੀਤੂ ਬਾਂਸਲ, ਮਮਤਾ ਭਾਰਗਵ, ਡਾ. ਬੇਅੰਤ ਕੌਰ, ਨਿਰਮਲ ਨਿਮਾਣਾ, ਅਰਵਿੰਦ ਗੋਇਲ, ਸੁਸ਼ਾਂਤ ਸਿਟੀ ਸਿਲਵਰ ਓਕਸ ਸਕੂਲ ਦੀ ਪ੍ਰਿੰਸੀਪਲ ਨੀਤੂ ਅਰੋੜਾ ਤੇ ਹੋਰ ਮੌਜੂਦ ਸਨ।
ਬੱਚੇ ਸਾਿਹਤਕ ਸਮਾਗਮਾਂ ਵਿਚ ਸ਼ਾਮਲ ਹੋਣ: ਪ੍ਰਿੰਸੀਪਲ
ਸਿਲਵਰ ਓਕਸ ਸਕੂਲ ਸੇਵੇਵਾਲਾ ਦੀ ਪ੍ਰਿੰਸੀਪਲ ਪ੍ਰਿਅੰਕਾ ਮਹਿਤਾ ਨੇ ਵਿਦਿਆਰਥੀਆਂ ਨੂੰ ਅਜਿਹੇ ਸਾਹਿਤਕ ਪ੍ਰੋਗਰਾਮਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਹਿਤ ਪ੍ਰਤੀ ਲਗਾਓ ਪੈਦਾ ਕਰਦੇ ਹਨ।