ਪੋਖਰਨ ’ਚ ਲੜਾਕੂ ਜਹਾਜ਼ ਵਿੱਚੋਂ ਕੋਈ ‘ਚੀਜ਼’ ਡਿੱਗੀ; ਜਾਂਚ ਦੇ ਹੁਕਮ
ਜੈਪੁਰ:
ਰਾਜਸਥਾਨ ਵਿਚ ਜੈਸਲਮੇਰ ਜ਼ਿਲ੍ਹੇ ਦੇ ਪੋਖਰਨ ਖੇਤਰ ਵਿਚ ਤਕਨੀਕੀ ਖਰਾਬੀ ਕਾਰਨ ਅੱਜ ਭਾਰਤੀ ਹਵਾਈ ਫ਼ੌਜ ਦੇ ਇੱਕ ਲੜਾਕੂ ਜਹਾਜ਼ ਤੋਂ ਕੋਈ ਚੀਜ਼ ਜ਼ਮੀਨ ’ਤੇ ਡਿੱਗ ਗਈ। ਫੌਜ ਨੇ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਹਵਾਈ ਫ਼ੌਜ ਨੇ ਕਿਹਾ ਕਿ ਇਹ ਘਟਨਾ ਸੁੰਨਸਾਨ ਖੇਤਰ ਵਿੱਚ ਵਾਪਰੀ ਅਤੇ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਸੈਨਾ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਅੱਜ ਤਕਨੀਕੀ ਖਰਾਬੀ ਕਾਰਨ ਪੋਖਰਨ ਫਾਇਰਿੰਗ ਰੇਂਜ ਦੇ ਨੇੜੇ ਭਾਰਤੀ ਹਵਾਈ ਫ਼ੌਜ ਦੇ ਲੜਾਕੂ ਜਹਾਜ਼ ਵਿੱਚੋਂ ਇੱਕ ‘ਏਅਰ ਸਟੋਰ’ ਅਚਾਨਕ ਬਾਹਰ ਆ ਗਿਆ।’’ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਜਹਾਜ਼ ਤੋਂ ਡਿੱਗਿਆ ‘ਏਅਰ ਸਟੋਰ’ ਕਿਸ ਤਰ੍ਹਾਂ ਦਾ ਸੀ। ਰਾਮਦੇਵੜਾ ਥਾਣੇ ਦੇ ਸਬ-ਇੰਸਪੈਕਟਰ ਸ਼ੰਕਰ ਲਾਲ ਨੇ ਦੱਸਿਆ ਕਿ ਪਿੰਡ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਕੁਝ ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਮੁਤਾਬਕ ਉੱਥੇ ਕਿਸੇ ਵਸਤੂ ਦੇ ਟੁਕੜੇ ਪਏ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਂਜ ਇਹ ਟੁੱਕੜੇ ਉਜਾੜ ਥਾਂ ’ਤੇ ਮਿਲੇ ਸਨ। ਲੜਾਕੂ ਜਹਾਜ਼ ’ਚੋਂ ਚੀਜ਼ ਡਿੱਗਣ ਕਾਰਨ ਉਸ ਦੀ ਸੁਰੱਖਿਆ ਉੱਤੇ ਸਵਾਲ ਖੜ੍ਹੇ ਹੋ ਗਏ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਧਮਾਕਾ ਕਿਸ ਚੀਜ਼ ਨਾਲ ਹੋਇਆ। ਲੋਕਾਂ ਨੇ ਕਿਹਾ ਕਿ ਉਹ ਧਮਾਕੇ ਨੂੰ ਸੁਣ ਕੇ ਡਰ ਗਏ ਅਤੇ ਪੁਲੀਸ ਨੂੰ ਸੂਚਨਾ ਦਿੱਤੀ। -ਪੀਟੀਆਈ