ਸ਼ਾਂਤੀ ਅਤੇ ਕੁਦਰਤੀ ਸਾਧਨਾਂ ਦੇ ਬੈਰਾਗ ਦਾ ਪ੍ਰਤੀਕ
ਜਸਵਿੰਦਰ ਸਿੰਘ ਰੁਪਾਲ
ਅਠਾਰ੍ਹਵੀਂ ਉਨ੍ਹੀਵੀਂ ਸਦੀ ਵਿੱਚ ਉੱਤਰੀ ਅਮਰੀਕਾ ਦੇ ਮੂਲ ਵਾਸੀਆਂ ਪਾਸੋਂ ਉਨ੍ਹਾਂ ਦੀ ਜੱਦੀ ਜ਼ਮੀਨ ਲੈ ਲਈ ਗਈ। ਇੱਥੇ ਆ ਕੇ ਵੱਸੇ ਯੂਰਪੀ ਗੋਰਿਆਂ ਨੇ ਕਾਫ਼ੀ ਲੰਮੇ ਸਮੇਂ ਦੇ ਤਕਰਾਰਾਂ, ਧੱਕਿਆਂ, ਸਮਝੌਤਿਆਂ ਤੋਂ ਬਾਅਦ ਇਸ ਜ਼ਮੀਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਜਿਸ ਦੇ ਬਦਲੇ ਮੂਲ ਵਾਸੀਆਂ ਨੂੰ ਛੋਟੇ ਮੋਟੇ ਅਧਿਕਾਰ ਅਤੇ ਰਾਖਵਾਂਕਰਨ ਦੇ ਵਾਅਦੇ ਬਗੈਰਾ ਕੀਤੇ ਗਏ। ਹਾਲਾਂਕਿ ਇਹ ਹੂਬਹੂ ਕਦੇ ਵੀ ਪੂਰੇ ਨਹੀਂ ਹੋਏ। ਇਨ੍ਹਾਂ ਮੂਲ ਵਾਸੀਆਂ ਵਿੱਚ ਕਈ ਜਨ-ਜਾਤੀਆਂ ਅਤੇ ਕਬੀਲਿਆਂ ਦੇ ਲੋਕ ਸਨ। ਦੁਵਾਮਿਸ਼ ਜਨ ਜਾਤੀ ਦਾ ਇੱਕ ਮੁਖੀ, ਚੀਫ ਸਿਆਟਲ ਉਸ ਸਮੇਂ ਦੇ ਜਨ-ਜਾਤੀ ਕਬੀਲਿਆਂ ਦਾ ਵਿਸ਼ਵ ਨਜ਼ਰੀਆ ਪੇਸ਼ ਕਰਨ ਵਾਲਾ ਪ੍ਰਤੀਨਿਧ ਆਗੂ ਸੀ। ਸਿਆਟਲ ਨੇ ਹੀ 1855 ਈਸਵੀ ਦੇ ਪੁਆਇੰਟ ਇਲੀਅਟ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ ਸਨ। ਇਸ ਰਾਹੀਂ ਇਨ੍ਹਾਂ ਲੋਕਾਂ ਨੂੰ ਸ਼ਿਕਾਰ ਕਰਨ ਅਤੇ ਮੱਛੀਆਂ ਫੜਨ ਦੇ ਅਧਿਕਾਰ ਦਿੱਤੇ ਗਏ ਸਨ। ਭਰੇ ਮਨ ਨਾਲ ਇਨ੍ਹਾਂ ਨੇ ਆਪਣੀ ਜ਼ਮੀਨ ਅਮਰੀਕਾ ਸਰਕਾਰ ਨੂੰ ਸੌਂਪ ਦਿੱਤੀ ਸੀ। ਇਹ ਲੋਕ ਧਰਤੀ, ਦਰਿਆਵਾਂ, ਜੰਗਲਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਸਿਆਟਲ ਹੀ ਉਹ ਵਿਅਕਤੀ ਸੀ ਜਿਸ ਦੇ ਮੂਲ ਨਿਵਾਸੀਆਂ ਅਤੇ ਯੂਰਪੀਅਨਾਂ ਵਿੱਚ ਸ਼ਾਂਤੀ ਅਤੇ ਸੁਖਾਵੇਂ ਸਬੰਧ ਬਣਾਈ ਰੱਖਣ ਦੇ ਯਤਨਾਂ ਨੂੰ ਮਾਣ ਦੇਣ ਲਈ ਡਾਕਟਰ ਮੈਨਾਰਡ, ਡੇਵਿਡ ਸਵਿਨਸਨ ਅਤੇ ਆਰਥਰ ਏ. ਡੈਨੀ ਨੇ ਅਮਰੀਕਾ ਦੇ ਸ਼ਹਿਰ ਦਾ ਨਾਂ ਉਸ ਦੇ ਨਾਮ ’ਤੇ ਸਿਆਟਲ ਰੱਖਿਆ। ਚੀਫ ਸਿਆਟਲ ਦਾ ਜਨਮ 1786 ਈਸਵੀ ਅਤੇ ਮੌਤ 1866 ਈਸਵੀ ਵਿੱਚ ਹੋਈ। ਉਹ ਆਪਣੇ ਜੀਵਨ ਕਾਲ ਵਿੱਚ ਆਪਣੇ ਕਬੀਲੇ ਦੇ ਲੋਕਾਂ ਦੇ ਲਈ ਜਿਉਂਦਾ ਰਿਹਾ ਅਤੇ ਗੋਰਿਆਂ ਨਾਲ ਚੰਗੇ ਸਬੰਧ ਬਣਾਉਣ ਲਈ ਜੱਦੋਜਹਿਦ ਕਰਦਾ ਰਿਹਾ। ਅੱਜ ਅਸੀਂ ਉਸ ਦੇ 11 ਮਾਰਚ 1854 ਦੇ ਇਤਿਹਾਸਕ ਭਾਸ਼ਣ ਨੂੰ ਯਾਦ ਕਰ ਰਹੇ ਹਾਂ ਜਿਹੜਾ ਉਸ ਨੇ ਸਿਆਟਲ ਦੇ ਖੁੱਲ੍ਹੇ ਮੈਦਾਨ ਵਿੱਚ ਹਜ਼ਾਰਾਂ ਲੋਕਾਂ ਸਾਹਮਣੇ ਆਪਣੀ ਜ਼ਮੀਨ ਗੋਰਿਆਂ ਨੂੰ ਸੌਂਪਣ ਸਮੇਂ ਦਿੱਤਾ। ਇਸ ਭਾਸ਼ਣ ਵਿੱਚੋਂ ਉਸ ਦਾ ਆਪਣੇ ਲੋਕਾਂ, ਆਪਣੀ ਧਰਤੀ ਅਤੇ
ਵਾਤਾਵਰਣ ਸਬੰਧੀ ਪਿਆਰ ਪ੍ਰਗਟ ਹੋ ਰਿਹਾ ਹੈ। ਇੱਕ ਪਰਮਾਤਮਾ ਨੂੰ ਮੰਨਣ ਦੇ ਨਾਲ ਨਾਲ ਨਸਲੀ ਵਿਤਕਰੇ ਬਾਰੇ ਉਸ ਵੱਲੋਂ ਪ੍ਰਗਟਾਇਆ ਇਤਰਾਜ਼ ਵੀ ਬਹੁਤ ਮਹੱਤਵਪੂਰਨ ਹੈ। ਇਸ ਭਾਸ਼ਣ ਦੀ ਭਾਵਨਾ ਅੱਜ ਵੀ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਓਨੀ ਹੀ ਸਾਰਥਕ ਹੈ, ਜਿੰਨੀ ਉਸ ਸਮੇਂ ਇਹ ਉੱਤਰੀ ਅਮਰੀਕੀ ਇੰਡੀਅਨ ਲੋਕਾਂ ਲਈ ਸੀ। ਇਸ ਭਾਸ਼ਣ ਦੇ ਮੂਲ ਪਾਠ ਦੀ ਪ੍ਰਮਾਣਿਕਤਾ ਬਾਰੇ ਤਾਂ ਪੂਰਾ ਦਾਅਵਾ ਨਹੀਂ ਕੀਤਾ ਜਾ ਸਕਦਾ, ਪਰ ਉਸ ਦੀ ਭਾਵਨਾ ਅਤੇ ਵਿਸ਼ਾ ਪੂਰਨ ਉਹੀ ਹੈ। ਸਮੇਂ ਦੀਆਂ ਪਰਤਾਂ ਨੇ ਸ਼ਾਇਦ ਕੁਝ ਸ਼ਬਦਾਂ ਵਿੱਚ ਤਬਦੀਲੀ ਲੈ ਆਂਦੀ ਹੋਵੇ।
ਸਿਆਟਲ ਦੇ ਭਾਸ਼ਣ ਦੇ ਤਿੰਨ ਮੁੱਖ ਹਿੱਸੇ ਹਨ। ਪਹਿਲੇ ਵਿੱਚ ਉਸ ਦਾ ਕੁਦਰਤ ਨਾਲ ਸਬੰਧ ਜ਼ਾਹਰ ਹੁੰਦਾ ਹੈ, ਦੂਜੇ ਹਿੱਸੇ ਵਿੱਚ ਇੱਕ ਦੂਜੇ ਨਾਲ ਪਿਆਰ ਅਤੇ ਤੀਸਰੇ ਹਿੱਸੇ ਵਿੱਚ ਇੱਕੋ ਪਰਮਾਤਮਾ ਰਾਹੀਂ ਸਾਂਝੀ ਤਕਦੀਰ ਦਾ ਜ਼ਿਕਰ ਹੈ।
ਕੁਦਰਤ ਨਾਲ ਸਬੰਧ: ਭਾਸ਼ਣ ਦੇ ਪਹਿਲੇ ਹਿੱਸੇ ਵਿੱਚ ਉਸ ਦਾ ਆਪਣੀ ਭੂਮੀ ਪ੍ਰਤੀ, ਉਸ ਦੇ ਦਰਿਆਵਾਂ, ਜੰਗਲ, ਪੰਛੀਆਂ, ਜਾਨਵਰਾਂ ਅਤੇ ਬਨਸਪਤੀ ਨਾਲ ਪਿਆਰ ਪ੍ਰਗਟ ਹੁੰਦਾ ਹੈ। ਆਓ ਸਿਆਟਲ ਦੇ ਸ਼ਬਦਾਂ ਨੂੰ ਮਾਣੀਏ:
‘‘ਜੇ ਤੁਹਾਡੇ ਕੋਲ ਤਾਜ਼ੀ ਹਵਾ ਦੇ ਬੁੱਲੇ ਅਤੇ ਜਲ ਦੀਆਂ ਫੁਹਾਰਾਂ ਨਹੀਂ ਹਨ, ਉਨ੍ਹਾਂ ਨੂੰ ਕਿਵੇਂ ਅਤੇ ਕਿੱਥੋਂ ਖਰੀਦੋਗੇ? ਧਰਤੀ ਦਾ ਹਰੇਕ ਟੋਟਾ ਮੇਰੇ ਲੋਕਾਂ ਲਈ ਪਾਕ ਪਵਿੱਤਰ ਹੈ। ਦੇਵਦਾਰ ਦੀਆਂ ਨੁਕੀਲੀਆਂ ਸੂਈਆਂ, ਹਰ ਰੇਤਲਾ ਕਿਨਾਰਾ, ਸੰਘਣੇ ਜੰਗਲਾਂ ਦਾ ਹਰ ਕੁਹਾਸਾ, ਹਰ ਚਰਾਗਾਹ, ਹਰ ਭਿਣ ਭਿਣ ਕਰਦਾ ਕੀਟ ਮੇਰੇ ਲੋਕਾਂ ਦੇ ਤਜਰਬੇ ਅਤੇ ਯਾਦਾਂ ਵਿੱਚ ਪਾਕ ਪਵਿੱਤਰ ਹਨ। ਸਾਨੂੰ ਅਹਿਸਾਸ ਹੈ ਕਿ ਦਰੱਖਤਾਂ ਵਿੱਚੋਂ ਵਹਿੰਦੇ ਹੋਏ ਰਸ ਨੂੰ ਅਸੀਂ ਆਪਣਾ ਖ਼ੂਨ ਸਮਝਦੇ ਹਾਂ, ਜਿਹੜਾ ਸਾਡੀਆਂ ਨਾੜੀਆਂ ਵਿੱਚੋਂ ਵਗ ਰਿਹਾ ਹੈ। ਅਸੀਂ ਇਸ ਭੂਮੀ ਦਾ ਇੱਕ ਜਿਊਂਦਾ ਜਾਗਦਾ ਹਿੱਸਾ ਹਾਂ ਅਤੇ ਇਹ ਸਾਡਾ ਹਿੱਸਾ ਹੈ। ਮਹਿਕਦੇ ਫੁੱਲ ਸਾਡੀਆਂ ਭੈਣਾਂ ਹਨ। ਰਿੱਛ, ਭਾਲੂ, ਵਿਰਾਟ ਬਾਜ਼ ਸਾਡੇ ਭਰਾ ਹਨ। ਚੱਟਾਨੀ ਉਚਾਈਆਂ ਅਤੇ ਚਰਾਂਦਾਂ, ਟੱਟੂ ਦੇ ਸਰੀਰ ਦੀ ਗਰਮੀ ਅਤੇ ਮਨੁੱਖ ਇਹ ਸਭ ਇੱਕ ਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ। ਨਦੀਆਂ ਅਤੇ ਦਰਿਆਵਾਂ ’ਚੋਂ ਵਹਿੰਦੇ ਹੋਏ ਲਹਿਲਹਾਉਂਦੇ ਪਾਣੀ ਨੂੰ ਸਿਰਫ਼ ਪਾਣੀ ਹੀ ਨਾ ਜਾਣੋ, ਇਹ ਸਾਡੇ ਵੱਡੇ ਵਡੇਰਿਆਂ ਦਾ ਖ਼ੂਨ ਹੈ। ਜੇ ਅਸੀਂ ਆਪਣੀ ਭੂਮੀ ਤੁਹਾਨੂੰ ਵੇਚਦੇ ਹਾਂ ਤਾਂ ਯਾਦ ਰੱਖਿਓ ਇਹ ਸਾਡੇ ਲਈ ਬਹੁਤ ਹੀ ਪਵਿੱਤਰ ਹੈ। ਝੀਲਾਂ ਦੇ ਸਾਫ਼ ਪਾਣੀ ਵਿੱਚ ਪੈਂਦਾ ਹਰ ਪ੍ਰਤੀਬਿੰਬ ਮੇਰੇ ਲੋਕਾਂ ਦੇ ਜੀਵਨ ਦੀਆਂ ਘਟਨਾਵਾਂ ਅਤੇ ਸਾਝਾਂ ਦੱਸਦਾ ਹੈ। ਪਾਣੀ ਦੀ ਗੜਗੜਾਹਟ ਸਾਡੇ ਪੁਰਖਿਆਂ ਦੀ ਆਵਾਜ਼ ਹੈ। ਦਰਿਆ ਸਾਡੇ ਭਰਾ ਹਨ। ਉਹ ਸਾਡੀ ਪਿਆਸ ਬੁਝਾਉਂਦੇ ਹਨ। ਉਹ ਸਾਡੇ ਬੇੜਿਆਂ ਨੂੰ ਠੇਲ੍ਹਦੇ ਅਤੇ ਸਾਡੇ ਬੱਚਿਆਂ ਨੂੰ ਪਾਲ਼ਦੇ ਹਨ। ਇਸ ਲਈ ਤੁਸੀਂ ਇਨ੍ਹਾਂ ਦਰਿਆਵਾਂ ਪ੍ਰਤੀ ਓਨੀ ਹੀ ਦਇਆ ਅਤੇ ਸੁਹਿਰਦਤਾ ਰੱਖਣੀ, ਜਿੰਨੀ ਤੁਸੀਂ ਆਪਣੇ ਭਰਾ ਪ੍ਰਤੀ ਰੱਖਦੇ ਹੋ।’’
ਆਪਸੀ ਸਬੰਧ: ਵਿਅਕਤੀ ਦੇ ਵਿਅਕਤੀ ਨਾਲ ਸਬੰਧ ਬਹੁਤ ਮਹੱਤਵਪੂਰਨ ਹਨ। ਸਿਆਟਲ ਸ਼ਹਿਰਾਂ ਦੀ ਮਸ਼ੀਨੀ ਜਿਹੀ ਸੱਭਿਅਤਾ ਨੂੰ ਪਸੰਦ ਨਹੀਂ
ਕਰਦਾ। ਉਹ ਇਹ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਇਨ੍ਹਾਂ ਵਿੱਚ ਜ਼ਿੰਦਗੀ ਦੀ ਧੜਕਣ ਨਹੀਂ ਹੈ। ਉਸ ਦੇ ਸ਼ਬਦਾਂ ਨੂੰ ਦੇਖੋ:
‘‘ਸਾਡੇ ਜੀਵਨ ਢੰਗ ਤੁਹਾਡੇ ਨਾਲੋਂ ਵੱਖਰੇ ਹਨ। ਤੁਹਾਡੇ ਸ਼ਹਿਰਾਂ ਦੀਆਂ ਨਜ਼ਰਾਂ ਰੈੱਡ ਇੰਡੀਅਨਾਂ (ਉੱਤਰੀ ਅਮਰੀਕੀ ਮੂਲ ਵਾਸੀਆਂ) ਨੂੰ ਤਕਲੀਫ਼ ਪੁਚਾਉਂਦੀਆਂ ਹਨ। ਗੋਰੇ ਲੋਕਾਂ (ਇੱਥੇ ਆ ਕੇ ਸੈੱਟ ਹੋਏ ਯੂਰਪੀਅਨਾਂ ਵੱਲ ਇਸ਼ਾਰਾ ਹੈ) ਦੇ ਸ਼ਹਿਰਾਂ ਵਿੱਚ ਕੋਈ ਵੀ ਜਗ੍ਹਾ ਸ਼ਾਂਤ ਨਹੀਂ ਹੈ। ਕੋਈ ਵੀ ਥਾਂ ਅਜਿਹੀ ਨਹੀਂ ਲੱਭਦੀ, ਜਿੱਥੇ ਬਸੰਤ ਰੁੱਤ ਵਿੱਚ ਹਵਾ ’ਚ ਖੜਕਦੇ ਪੱਤਿਆਂ ਜਾਂ ਕਿਸੇ ਕੀਟ ਦੇ ਖੰਭਾਂ ਦੀ ਭਿਣਭਿਣਾਹਟ ਸੁਣੀ ਜਾ ਸਕਦੀ ਹੋਵੇ। ਇੱਕ ਇਨਸਾਨ ਦੀ ਜ਼ਿੰਦਗੀ ਕਿਸ ਅਰਥ ਰਹਿ ਜਾਏਗੀ ਜੇ ਉਹ ਵਿਪਰਵਲ (ਇੱਕ ਅਮਰੀਕਨ ਪੰਛੀ) ਦੀ ਪਿਆਰੀ ਕੂਕ ਜਾਂ ਡੱਡੂਆਂ ਦੀ ਟਰੈਂ ਟਰੈਂ ਨਹੀਂ ਸੁਣ ਸਕਦਾ? ਭਾਰਤੀ, ਤਲਾਅ ਦੇ ਉਪਰੋਂ ਵਗਦੀ ਹੋਈ ਪੌਣ ਦੀ ਮੱਠੀ ਆਵਾਜ਼ ਅਤੇ ਦੁਪਹਿਰ ਦੇ ਮੀਂਹ ਦੁਆਰਾ ਧੋਤੀ ਹੋਈ ਹਵਾ ਦੀ ਮਹਿਕ ਨੂੰ ਮਾਣਦਾ ਅਤੇ ਪਸੰਦ ਕਰਦਾ ਹੈ। ਰੈੱਡ ਇੰਡੀਅਨ ਲਈ ਹਵਾ ਬਹੁਤ ਕੀਮਤੀ ਹੈ ਕਿਉਂਕਿ ਹਰ ਜੀਵ ਇੱਕੋ ਤਰ੍ਹਾਂ ਸਾਹ ਲੈਂਦਾ ਹੈ। ਜਾਨਵਰ, ਦਰੱਖਤ ਅਤੇ ਮਨੁੱਖ ਸਭ ਇੱਕੋ ਤਰ੍ਹਾਂ ਤਾਂ ਸਾਹ ਲੈਂਦੇ ਹਨ। ਸਿਰਫ਼ ਇੱਕ ਮਰ ਰਹੇ ਪ੍ਰਾਣੀ ਨੂੰ ਤੇਜ਼ ਅਤੇ ਅਸੁਖਾਵੀਂ ਦੁਰਗੰਧ ਵੀ ਮਹਿਸੂਸ ਨਹੀਂ ਹੁੰਦੀ। ਜੇ ਅਸੀਂ ਆਪਣੀ ਭੂਮੀ ਤੁਹਾਨੂੰ ਵੇਚੀਏ, ਤੁਸੀਂ ਯਾਦ ਰੱਖਣਾ ਕਿ ਹਵਾ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈ ਅਤੇ ਹਵਾ ਜ਼ਿੰਦਗੀ ਦੀ ਆਧਾਰ ਪ੍ਰਾਣ ਸ਼ਕਤੀ ਦਿੰਦੀ ਹੈ।
ਹਵਾ, ਜਿਸ ਵਿੱਚ ਸਾਡੇ ਪੁਰਖਿਆਂ ਨੇ ਪਹਿਲਾ ਸਾਹ ਲਿਆ, ਜਿਸ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਵੀ ਲਿਆ ਸੀ। ਜੇ ਅੱਜ ਅਸੀਂ ਆਪਣੀ ਜ਼ਮੀਨ ਤੁਹਾਨੂੰ ਵੇਚੀਏ, ਤੁਸੀਂ ਇਸ ਨੂੰ ਸੰਭਾਲ ਕੇ ਅਤੇ ਪਵਿੱਤਰਤਾ ਨਾਲ ਅਜਿਹੀ ਥਾਂ ਵਾਂਗ ਰੱਖਿਓ, ਜਿੱਥੇ ਇੱਕ ਗੋਰਾ ਵਿਅਕਤੀ (ਯੂਰਪੀਅਨ) ਵੀ ਉਸ ਹਵਾ ਦਾ ਆਨੰਦ ਲੈਣ ਜਾਵੇ, ਜਿਹੜੀ ਚਰਾਂਦਾਂ ਦੇ ਫੁੱਲਾਂ ਨਾਲ ਮਹਿਕਾਈ ਗਈ ਹੈ।
ਆਦਮੀ ਜਾਨਵਰਾਂ ਤੋਂ ਬਿਨਾਂ ਕਾਹਦੇ ਜੋਗਾ ਹੈ? ਜੇ ਸਾਰੇ ਜਾਨਵਰ ਖ਼ਤਮ ਹੋ ਗਏ ਤਾਂ ਇਸ ਮਨੁੱਖ ਦੀ ਰੂਹ ਵੀ ਇਕੱਲਤਾ ਕਰਕੇ ਹੀ ਮਰ ਜਾਵੇਗੀ। ਸਾਰੇ ਜੀਵ ਆਪਸ ਵਿੱਚ ਚੰਗੀ ਤਰ੍ਹਾਂ ਜੁੜੇ ਹੋਏ ਹਨ।
ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਉਣਾ ਕਿ ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਸਾਡੇ ਬਜ਼ੁਰਗਾਂ ਦੀ ਅੰਤਿਮ ਰਾਖ ਹੈ ਤਾਂ ਕਿ ਉਹ ਜ਼ਮੀਨ ਦਾ ਸਤਿਕਾਰ ਕਰ ਸਕਣ। ਆਪਣੇ ਬੱਚਿਆਂ ਨੂੰ ਦੱਸੋ ਕਿ ਭੂਮੀ ਸਾਡੇ ਪੁਰਖਿਆਂ ਦੀਆਂ ਜ਼ਿੰਦਗੀਆਂ ਨਾਲ ਭਰਪੂਰ ਹੈ। ਜੇ ਕੋਈ ਵਿਅਕਤੀ ਇਸ ਜ਼ਮੀਨ ’ਤੇ ਥੁੱਕਦਾ ਹੈ ਤਾਂ ਉਹ ਆਪਣੇ ਵੱਡੇ ਵਡੇਰਿਆਂ ’ਤੇ ਥੁੱਕ ਰਿਹਾ ਹੈ। ਸਾਨੂੰ ਪਤਾ ਹੈ ਕਿ ਧਰਤੀ ਵਿਅਕਤੀ ਦੀ ਨਹੀਂ ਹੈ ਸਗੋਂ ਮਨੁੱਖ ਧਰਤੀ ਦਾ ਹੈ। ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਸਾਰੀਆਂ ਚੀਜ਼ਾਂ ਅਤੇ ਸਾਰੇ ਜੀਵ ਉਸ ਖ਼ੂਨ ਵਾਂਗ ਜੁੜੇ ਹੋਏ ਹਨ, ਜਿਹੜਾ ਇੱਕ ਪਰਿਵਾਰ ਨੂੰ ਜੋੜਦਾ ਹੈ। ਸਭ ਕੁਝ ਹੀ ਆਪਸ ਵਿੱਚ ਸਬੰਧਿਤ ਹੈ।’’
ਸਾਂਝੀ ਤਕਦੀਰ: ਇਹ ਕਬੀਲੇ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਨ। ਸਿਆਟਲ ਦੇ ਮੰਨਣ ਮੁਤਾਬਿਕ ਪਰਮਾਤਮਾ ਸਭ ਨੂੰ ਇੱਕੋ ਨਜ਼ਰ ਨਾਲ ਦੇਖਦਾ ਹੈ ਅਤੇ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦਾ। ਉਹ ਨਸਲੀ ਵਿਤਕਰੇ ਵਿਰੁੱਧ ਆਪਣੇ ਪ੍ਰਭੂ ਤੋਂ ਤਾਕਤ ਲੈਂਦਾ ਹੈ, ਪਰ ਉਸ ਦਾ ਇਹ ਵਿਸ਼ਵਾਸ ਵੀ ਹੈ ਕਿ ਗੋਰਿਆਂ ਨੂੰ ਤਾਕਤਵਰ ਵੀ ਉਸ ਨੇ ਹੀ ਬਣਾਇਆ ਹੈ। ਉਸ ਦੀ ਸਾਂਝੀ ਤਕਦੀਰ ਦਾ ਬਿਆਨ ਪੜ੍ਹੋ:
‘‘ਇੱਕ ਗੋਰਾ ਵਿਅਕਤੀ ਜਿਸ ਦਾ ਰੱਬ ਉਸ ਨਾਲ ਦੋਸਤਾਂ ਵਾਂਗ ਤੁਰਦਾ ਹੈ ਅਤੇ ਦੋਸਤਾਂ ਵਾਂਗ ਗੱਲ ਕਰਦਾ ਹੈ, ਸਾਂਝੀ ਤਕਦੀਰ ਤੋਂ ਬਚ ਨਹੀਂ ਸਕਦਾ। ਆਖ਼ਰ ਅਸੀਂ ਸਾਰੇ ਹੀ ਭਰਾ ਹੋ ਸਕਦੇ ਹਾਂ। ਇੱਕ ਗੱਲ ਪੱਕੀ ਜੋ ਸਾਨੂੰ ਪਤਾ ਹੈ ਅਤੇ ਇੱਕ ਦਿਨ ਗੋਰਾ ਮਨੁੱਖ ਵੀ ਜਾਣ ਜਾਏਗਾ, ਉਹ ਇਹ ਹੈ ਕਿ ਸਾਡਾ ਰੱਬ ਵੀ ਓਹੀ ਹੈ, ਉਨ੍ਹਾਂ ਵਾਲਾ ਹੀ। ਕਿਉਂਕਿ ਤੁਸੀਂ ਸਾਡੀ ਜ਼ਮੀਨ ਲੈਣ ਦੀ ਇੱਛਾ ਰੱਖਦੇ ਹੋ, ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਰੱਬ ਦਾ ਪਿਆਰ ਗੋਰੇ ਅਤੇ ਰੈੱਡ ਆਦਮੀ ਨਾਲ ਇੱਕੋ ਜਿਹਾ ਹੈ। ਉਸ ਲਈ ਇਸ ਧਰਤ ਦੀ ਬਹੁਤ ਕੀਮਤ ਅਤੇ ਮਹੱਤਤਾ ਹੈ। ਧਰਤ ਨੂੰ ਜ਼ਰਾ ਜਿੰਨਾ ਵੀ ਖਰਾਬ ਕਰਨਾ ਉਸ ਦੀ ਹੁਕਮ ਅਦੂਲੀ ਹੈ। ਗੋਰੇ ਵੀ ਇੱਕ ਦਿਨ ਮਰ ਜਾਣਗੇ, ਸ਼ਾਇਦ ਕਬੀਲਿਆਂ ਨਾਲੋਂ ਵੀ ਛੇਤੀ ਹੀ। ਪਰ ਯਾਦ ਰੱਖਿਓ, ਆਪਣੇ ਰਹਿਣ ਦੀ ਥਾਂ ਨੂੰ ਦੂਸ਼ਿਤ ਕਰੋਗੇ ਤਾਂ ਇੱਕ ਦਿਨ ਆਪਣੇ ਹੀ ਰਹਿੰਦ-ਖੂੰਹਦ ਦੀ ਸੜ੍ਹਾਂਦ ਨਾਲ ਮਰ ਜਾਓਗੇ।
ਤੁਹਾਡੇ ਖ਼ਾਕ ਹੋਣ ਸਮੇਂ ਤੁਸੀਂ ਪਰਮਾਤਮਾ ਦੀ ਤਾਕਤ ਨਾਲ ਚਮਕਣ ਲੱਗੋਗੇ ਜਿਸ ਨੇ ਤੁਹਾਨੂੰ ਜ਼ਮੀਨ ਦਿਵਾਈ ਹੈ। ਕਿਸੇ ਖ਼ਾਸ ਕਾਰਨ ਕਰਕੇ ਇਸ ਜ਼ਮੀਨ ਅਤੇ ਰੈੱਡ ਲੋਕਾਂ ਉੱਪਰ ਅਧਿਕਾਰ ਦਿੱਤਾ ਹੈ।’’
ਇਨ੍ਹਾਂ ਸ਼ਬਦਾਂ ਵਿੱਚੋਂ ਕੁਦਰਤ ਨਾਲ ਰੂਹ ਦਾ ਪਿਆਰ ਝਲਕਦਾ ਹੈ। ਜੇ ਹਰ ਮਨੁੱਖ ਆਪਣੇ ਕੁਦਰਤੀ ਵਸੀਲਿਆਂ ਨੂੰ ਇਸ ਇਸ਼ਕ ਦੀ ਇੰਤਹਾ ਤੱਕ ਚਾਹੁਣ ਲੱਗ ਜਾਵੇ ਤਾਂ ਸਾਰੀ ਦੁਨੀਆਂ ਸਵਰਗ ਬਣ ਸਕਦੀ ਹੈ।
ਸੰਪਰਕ: 98147-15796