For the best experience, open
https://m.punjabitribuneonline.com
on your mobile browser.
Advertisement

ਇਮਰਾਨ ਨੂੰ ਮਿੱਠੀ ਜਿਹੀ ਫਿਟਕਾਰ...

08:00 AM Dec 04, 2023 IST
ਇਮਰਾਨ ਨੂੰ ਮਿੱਠੀ ਜਿਹੀ ਫਿਟਕਾਰ
ਇਮਰਾਨ ਖ਼ਾਨ
Advertisement

ਪਾਕਿਸਤਾਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਕਾਜ਼ੀ ਫ਼ੈਜ਼ ਈਸਾ ਨੇ ਸਾਬਕਾ ਵਜ਼ੀਰੇ ਆਜ਼ਮ ਤੇ ਪਾਕਿਸਤਾਨ ਤਹਿਰੀਕ-ਇ-ਇਨਸਾਫ਼ ਪਾਰਟੀ ਦੇ ਨੇਤਾ ਇਮਰਾਨ ਖ਼ਾਨ ਦੇ ਤੌਖ਼ਲਿਆਂ ਨੂੰ ਖਾਰਿਜ ਕਰਦਿਆਂ ਸਪਸ਼ਟ ਕੀਤਾ ਹੈ ਕਿ ਉਹ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੇ ਫ਼ਰਜ਼ਾਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਨ। ਇਮਰਾਨ ਖ਼ਾਨ ਵੱਲੋਂ ਭੇਜੀ ਗਈ ਇਕ ਦਰਖਾਸਤ ਦੇ ਜਵਾਬ ਵਿਚ ਚੀਫ ਜਸਟਿਸ ਦੇ ਦਫ਼ਤਰ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ ਵਿਚ ਜਸਟਿਸ ਫ਼ੈਜ਼ ਈਸਾ ਨੇ ਸਾਬਕਾ ਵਜ਼ੀਰੇ ਆਜ਼ਮ ਨੂੰ ਹਲਕੀ ਜਹੀ ਫਿਟਕਾਰ ਵੀ ਲਾਈ ਹੈ ਅਤੇ ਕਿਹਾ ਹੈ ਕਿ ਸੁਪਰੀਮ ਕੋਰਟ ਹਰੇਕ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨੀ ਕਾਇਦਾ-ਕਾਨੂੰਨਾਂ ਤੇ ਇਨਸਾਨੀ ਤਕਾਜ਼ਿਆਂ ਮੁਤਾਬਿਕ ਇਨਸਾਫ਼ ਦੇਣ ਦੇ ਸਮਰੱਥ ਹੈ। ਜ਼ਿਕਰਯੋਗ ਹੈ ਕਿ ਇਮਰਾਨ ਖ਼ਾਨ ਨੇ ਆਪਣੀ ਦਰਖ਼ਾਸਤ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਸਿਆਸੀ ਤੇ ਸੰਵਿਧਾਨਕ ਹੱਕਾਂ ਦੀ ਰਾਖੀ ਕੀਤੀ ਜਾਵੇ, ਇਸ ਦੇ ਕਾਰਕੁਨਾਂ ਤੇ ਪੀ.ਟੀ.ਆਈ.-ਪੱਖੀ ਮੀਡੀਆ ਕਰਮੀਆਂ ਨੂੰ ਅਗਵਾ ਤੇ ਗੁੰਮ ਕਰਨ ਦੀਆਂ ਵਾਰਦਾਤਾਂ ਰੁਕਵਾਈਆਂ ਜਾਣ ਅਤੇ ਪਾਰਟੀ ਨੂੰ ਚੋਣ ਪ੍ਰਚਾਰ ਕਰਨ ਦੀ ਖੁੱਲ੍ਹ ਦੇਣ ਦੇ ਨਾਲ ਨਾਲ ਕੌਮੀ ਚੋਣਾਂ ਵਿਚ ਸਭਨਾਂ ਪਾਰਟੀਆਂ ਨੂੰ ਪ੍ਰਚਾਰ ਕਰਨ ਦੇ ਇਕੋ ਜਿਹੇ ਹੱਕ ਪ੍ਰਦਾਨ ਕੀਤੇ ਜਾਣ। ਇਹ ਦਰਖ਼ਾਸਤਨੁਮਾ ਖ਼ਤ ਵੀਰਵਾਰ ਨੂੰ ਚੀਫ ਜਸਟਿਸ ਨੂੰ ਭੇਜਿਆ ਗਿਆ।
ਜਵਾਬ ਵਿਚ ਚੀਫ ਜਸਟਿਸ ਈਸਾ ਦੇ ਸਕੱਤਰ ਡਾ. ਮੁਸ਼ਤਾਕ ਮੁਹੰਮਦ ਅਹਿਮਦ ਨੇ ਇਕ ਦਸਤਖ਼ਤਸ਼ੁਦਾ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਇਹ ਲਿਖਿਆ ਹੈ: ‘‘ਸ਼ੁੱਕਰਵਾਰ ਨੂੰ 7 ਸਫ਼ਿਆਂ ਦੀ ਖ਼ਤਨੁਮਾ ਦਰਖ਼ਾਸਤ ਮਿਲੀ। ਇਹ ਪੀਲੇ ਰੰਗ ਦੇ ਗੱਤੇ ਵਾਲੇ ਫਾਈਲ ਕਵਰ ਦੇ ਅੰਦਰ ਸੀ। ਇਸ ਉੱਤੇ ਵੀਰਵਾਰ ਦੀ ਤਾਰੀਖ਼ ਤੇ ਦਿਨ ਦਰਜ ਸਨ। ਇਸ ਨੂੰ ‘ਗੁਪਤ’ ਵੀ ਦੱਸਿਆ ਗਿਆ ਸੀ ਅਤੇ ਪੀਲੇ ਰੰਗ ਵਾਲਾ ਕਵਰ, ਲਿਫ਼ਾਫ਼ੇ ਦੇ ਅੰਦਰ ਸੀਲਬੰਦ ਸੀ। ਸ਼ੁੱਕਰਵਾਰ ਨੂੰ ਪੁੱਜਣ ਵਾਲਾ ਇਹ ਸੀਲਬੰਦ ਖ਼ਤ ਵੀਰਵਾਰ ਨੂੰ ਮੀਡੀਆ ਕਰਮੀਆਂ ਕੋਲ ਕਿਵੇਂ ਪੁੱਜ ਗਿਆ, ਇਸ ਤੋਂ ਜ਼ਾਹਿਰ ਹੈ ਕਿ ਇਹ ਜਾਣ-ਬੁੱਝ ਕੇ ਲੀਕ ਕੀਤਾ ਗਿਆ। ਅਹਿਮ ਗੱਲ ਇਹ ਵੀ ਹੈ ਕਿ ਖ਼ਤਨੁਮਾ ਦਸਤਾਵੇਜ਼ ਉੱਪਰ ਨਾ ਕਿਸੇ ਵਕੀਲ ਦੇ ਦਸਤਖ਼ਤ ਹਨ ਅਤੇ ਨਾ ਹੀ ਇਹ ਦਰਜ ਹੈ ਕਿ ਦਰਖ਼ਾਸਤ ਲਿਖਣ ਵਾਲਾ ਸ਼ਖ਼ਸ ਕੌਣ ਹੈ। ਜਦੋਂ ਕੋਈ ਧਿਰ ਆਪਣੀਆਂ ਸਫ਼ਾਂ ਵਿਚ ਵਕੀਲਾਂ ਦੀ ਬਹੁਤਾਤ ਦੇ ਬਾਵਜੂਦ ਵਕੀਲ ਜਾਂ ਦਰਖ਼ਾਸਤਕਾਰ ਦੇ ਦਸਤਖ਼ਤਾਂ ਤੋਂ ਬਿਨਾਂ ਕੋਈ ਦਸਤਾਵੇਜ਼ ਭੇਜੇ ਤਾਂ ਦਸਤਾਵੇਜ਼ ਦੀ ਪ੍ਰਮਾਣਿਕਤਾ ’ਤੇ ਸ਼ੱਕ ਹੋਣਾ ਸੁਭਾਵਿਕ ਹੈ। ਬਹਰਹਾਲ, ਚੀਫ ਜਸਟਿਸ ਇਹ ਯਕੀਨਦਹਾਨੀ ਕਰਦੇ ਹਨ ਕਿ ਉਹ ਜਾਂ ਸੁਪਰੀਮ ਕੋਰਟ ਆਪਣੀਆਂ ਜ਼ਿੰਮੇਵਾਰੀਆਂ ਤੇ ਫ਼ਰਜ਼ ਮੁਨਸਿਫ਼ਾਨਾ ਢੰਗ ਨਾਲ ਨਿਭਾਉਣਗੇ।
ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ ਚੀਫ਼ ਜਸਟਿਸ ਨੇ ਪੀ.ਟੀ.ਆਈ. ਵੱਲੋਂ ਖੇਡੇ ਗਏ ਪੈਂਤੜੇ ਨੂੰ ਇਸ ਤਰ੍ਹਾਂ ਨਾਕਾਮ ਬਣਾ ਕੇ ਦਰਸਾ ਦਿੱਤਾ ਹੈ ਕਿ ਉਹ ਬੇਲੋੜੇ ਵਿਵਾਦ ਖੜ੍ਹੇ ਨਹੀਂ ਹੋਣ ਦੇਣਗੇ ਅਤੇ ਸੁਪਰੀਮ ਕੋਰਟ ਨੂੰ ਸਿਆਸੀ ਖਿੱਚੋਤਾਣ ਦਾ ਅਖਾੜਾ ਨਹੀਂ ਬਣਨ ਦੇੇਣਗੇ। ਜ਼ਿਕਰਯੋਗ ਹੈ ਕਿ 2019 ਵਿਚ ਇਮਰਾਨ ਖ਼ਾਨ ਦੀ ਸਰਕਾਰ ਨੇ ਰਾਸ਼ਟਰਪਤੀ ਕੋਲ ਜਸਟਿਸ ਈਸਾ ਖਿਲਾਫ਼ ਇਕ ਸ਼ਿਕਾਇਤ ਭੇਜ ਕੇ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਸੀ। ਇਸ ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਸੀ ਕਿ ਜਸਟਿਸ ਈਸਾ ਨੇ ਵਿਦੇਸ਼ਾਂ ਵਿਚਲੀ ਆਪਣੀ ਜਾਇਦਾਦ ਤੇ ਹੋਰ ਅਸਾਸਿਆਂ ਦੇ ਵੇਰਵੇ ਸਰਕਾਰ ਤੇ ਟੈਕਸ ਰਿਟਰਨਾਂ ਵਿਚ ਛੁਪਾਏ। ਇਸੇ ਸ਼ਿਕਾਇਤ ਦੇ ਆਧਾਰ ’ਤੇ ਤਤਕਾਲੀ ਚੀਫ ਜਸਟਿਸ ਉਮਰ ਅਤਾ ਬੰਦਿਆਲ ਨੇ ਜਸਟਿਸ ਕਾਜ਼ੀ ਫ਼ੈਜ਼ ਈਸਾ ਤੋਂ ਬਹੁਤ ਸਾਰੇ ਅਧਿਕਾਰ ਖੋਹ ਲਏ ਸਨ। ਇਹ ਵੱਖਰੀ ਗੱਲ ਹੈ ਕਿ ਰਾਜ ਗੱਦੀ ਤੋਂ ਲਾਹੇ ਜਾਣ ਮਗਰੋਂ 2022 ਵਿਚ ਇਮਰਾਨ ਨੇ ਕਬੂਲਿਆ ਸੀ ਕਿ ਉਪਰੋਕਤ ਸ਼ਿਕਾਇਤ ਇਕ ਵੱਡੀ ਗ਼ਲਤੀ ਸੀ ਅਤੇ ਉਸ ਨੂੰ ਨਿਆਂਪਾਲਿਕਾ ਵਿਚ ਸਿਆਸਤ ਘੁਸੇੜਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ।

Advertisement

ਜਸਟਿਸ ਫ਼ੈਜ਼ ਈਸਾ

ਏਅਰਲਾਈਨਜ਼ ਮੁਲਾਜ਼ਮ ਲਾਪਤਾ

ਪਾਕਿਸਤਾਨੀ ਕੰਪਨੀਆਂ, ਖ਼ਾਸ ਕਰਕੇ ਹਵਾਬਾਜ਼ੀ ਕੰਪਨੀਆਂ ਦੇ ਕਰਮਚਾਰੀਆਂ ਵੱਲੋਂ ਉੱਤਰ ਅਮਰੀਕੀ ਜਾਂ ਯੂਰੋਪੀਅਨ ਮੁਲਕਾਂ ਵਿਚੋਂ ਲਾਪਤਾ ਹੋਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਾਕਿਸਤਾਨ ਦੀ ਕੌਮੀ ਹਵਾਬਾਜ਼ੀ ਕੰਪਨੀ ਪੀ.ਆਈ.ਏ. ਦਾ ਇਕ ਮੁਲਾਜ਼ਮ ਜੁਨੈਦ ਕੁਰੈਸ਼ੀ, ਪਾਕਿਸਤਾਨੀ ਅਧਿਕਾਰੀਆਂ ਤੇ ਕੈਨੇਡੀਅਨ ਪੁਲੀਸ ਵੱਲੋਂ ਗੁੰਮਸ਼ੁਦਾ ਕਰਾਰ ਦਿੱਤਾ ਗਿਆ ਹੈ। ਉਹ ਵੀਰਵਾਰ ਨੂੰ ਪੀ.ਆਈ.ਏ. ਦੀ ਲਾਹੌਰ-ਟੋਰਾਂਟੋ ਉਡਾਨ ਅਮਲੇ ਦੇ ਮੈਂਬਰ ਵਜੋਂ ਟੋਰਾਂਟੋ ਪਹੁੰਚਿਆ ਸੀ, ਪਰ ਸ਼ਨਿੱਚਰਵਾਰ ਨੂੰ ਵਾਪਸੀ ਉਡਾਨ ਵੇਲੇ ਉਹ ਹਾਜ਼ਰ ਨਹੀਂ ਹੋਇਆ। ਉਸ ਦਾ ਫ਼ੋਨ ਵੀ ਬੰਦ ਹੈ ਅਤੇ ਜਿਸ ਪਤੇ ’ਤੇ ਉਸ ਨੇ ਰਾਤ ਰਹਿਣੀ ਸੀ ਉਸ ਦੇ ਵੇਰਵੇ ਵੀ ਗ਼ਲਤ ਨਿਕਲੇ ਹਨ। ਪਹਿਲਾਂ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਪੀ.ਆਈ.ਏ. ਦੇ ਹੀ ਦੋ ਹੋਰ ਕਰਮਚਾਰੀ- ਖ਼ਾਲਿਦ ਅਫ਼ਰੀਦੀ ਤੇ ਫ਼ਿਦਾ ਸ਼ਾਹ ਇਸਲਾਮਾਬਾਦ-ਟੋਰਾਂਟੋ ਉਡਾਨ ਦੇ ਟੋਰਾਂਟੋ ਪੁੱਜਣ ਤੋਂ ਬਾਅਦ ਲਾਪਤਾ ਹੋ ਗਏ ਸਨ। ਅਖ਼ਬਾਰ ‘ਪਾਕਿਸਤਾਨ ਆਬਜ਼ਰਵਰ’ ਦੀ ਰਿਪੋਰਟ ਅਨੁਸਾਰ ਸਾਲ 2023 ਦੌਰਾਨ 17 ਪਾਕਿਸਤਾਨੀ ਕੰਪਨੀਆਂ ਦੇ 283 ਕਰਮਚਾਰੀ ਵਿਦੇਸ਼ੀ ਦੌਰਿਆਂ ਦੌਰਾਨ ਲਾਪਤਾ ਹੋਏ ਹਨ। ਪਾਕਿਸਤਾਨੀ ਵਿਦੇਸ਼ ਦਫ਼ਤਰ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਅਜਿਹੀਆਂ ਗੁੰਮਸ਼ੁਦਗੀਆਂ ਦੀ ਸੰਜੀਦਗੀ ਨਾਲ ਜਾਂਚ ਕਰਵਾ ਰਹੀ ਹੈ ਤਾਂ ਜੋ ਇਨ੍ਹਾਂ ਕਾਰਨ ਹੋਣ ਵਾਲੀ ਪਾਕਿਸਤਾਨ ਦੀ ਬਦਨਾਮੀ ਰੋਕੀ ਜਾ ਸਕੇ।

Advertisement

ਬਿਲਾਵਲ ਦੇ ਤਿੱਖੇ ਤੇਵਰ

ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਮੁਖੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਹੈ ਕਿ ਕੌਮੀ ਸੰਵਿਧਾਨ ਦੀ 18ਵੀਂ ਤਰਮੀਮ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਜੇ ਇਹ ਤਰਮੀਮ ਖ਼ਤਮ ਹੋ ਗਈ ਤਾਂ ਭ੍ਰਿਸ਼ਟ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਜਵਾਬਦੇਹੀ ਵੀ ਖ਼ਤਮ ਹੋ ਜਾਵੇਗੀ। ਕੋਇਟਾ ਵਿਚ ਸ਼ਨਿੱਚਰਵਾਰ ਨੂੰ ਆਪਣੀ ਪਾਰਟੀ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਕਿਹਾ ਕਿ ਜੇਕਰ ਪੀ.ਐਮ.ਐੱਲ.-ਐੱਨ. ਦੇ ਨੇਤਾ ਨਵਾਜ਼ ਸ਼ਰੀਫ਼ 8 ਫਰਵਰੀ 2024 ਦੀਆਂ ਆਮ ਚੋਣਾਂ ਮਗਰੋਂ ਮੁਲਕ ਦੇ ਨੇਤਾ ਬਣ ਗਏ ਤਾਂ ਉਹ ਮੁਲਕ ਨੂੰ ਲੁੱਟ ਕੇ ਖਾ ਜਾਣਗੇ। ਉਨ੍ਹਾਂ ਮੰਨਿਆ ਕਿ ਪੀ.ਟੀ.ਆਈ. ਨੇਤਾ ਇਮਰਾਨ ਖ਼ਾਨ ਨੂੰ ਗੱਦੀਓਂ ਲਾਹੁਣ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦਾ ਭਰਪੂਰ ਸਾਥ ਦਿੱਤਾ, ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਲਿਹਾਜ਼ਾ, ਨਵਾਜ਼ ਸ਼ਰੀਫ਼ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਕੌਮੀ ਚੋਣਾਂ ਦੌਰਾਨ ਸਭ ਕੁਝ ਉਸ ਦੀ ਪਾਰਟੀ ਲਈ ਭਲਾ ਹੋਵੇਗਾ।

ਕੌਮੀ ਅਸੈਂਬਲੀ ਦੀਆਂ ਸੀਟਾਂ ਘਟੀਆਂ

ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਨਵੀਂ ਹੱਦਬੰਦੀ ਮਗਰੋਂ ਕੌਮੀ ਅਸੈਂਬਲੀ ਦੀਆਂ ਸੀਟਾਂ ਘਟਾ ਕੇ 336 ਕਰ ਦਿੱਤੀਆਂ ਹਨ। ਪਹਿਲਾਂ ਇਹ 342 ਸਨ। ਰੋਜ਼ਨਾਮਾ ‘ਦੁਨੀਆ’ ਦੀ ਰਿਪੋਰਟ ਅਨੁਸਾਰ ਈ.ਸੀ.ਪੀ. ਨੇ ਕੌਮੀ ਅਸੈਂਬਲੀ ਦੀਆਂ ਅਸਲ ਸੀਟਾਂ 272 ਤੋਂ ਘਟਾ ਕੇ 266 ਕੀਤੀਆਂ ਸਨ। ਬਾਕੀ 70 ਸੀਟਾਂ ਦੋਹਰੀ ਪ੍ਰਤੀਨਿਧਤਾ ਵਾਲੀਆਂ ਹਨ। ਇਨ੍ਹਾਂ ਵਿਚੋਂ 60 ਖ਼ਵਾਤੀਨ (ਔਰਤਾਂ) ਲਈ ਰਾਖਵੀਆਂ ਹਨ। ਸਭ ਤੋਂ ਵੱਡੀ 6 ਸੀਟਾਂ ਦੀ ਕਟੌਤੀ ਖ਼ੈਬਰ-ਪਖ਼ਤੂਨਖ਼ਵਾ ਸੂਬੇ ਵਿਚ ਕੀਤੀ ਗਈ ਹੈ। ਉੱਥੋਂ ਦੀਆਂ ਪਾਰਲੀਮਾਨੀ ਸੀਟਾਂ ਦੀ ਗਿਣਤੀ ਹੁਣ 51 ਦੇ ਮੁਕਾਬਲੇ 45 ਹੋਵੇਗੀ। ਪੰਜਾਬ, ਸਿੰਧ ਤੇ ਬਲੋਚਿਸਤਾਨ ਸੂਬਿਆਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਸੀਟਾਂ ਦੀ ਸੂਬੇਵਾਰ ਗਿਣਤੀ ਹੁਣ ਇਸ ਤਰ੍ਹਾਂ ਹੋਵੇਗੀ: ਪੰਜਾਬ 141, ਸਿੰਧ 61, ਖ਼ੈਬਰ ਪਖ਼ਤੂਨਖ਼ਵਾ 45, ਬਲੋਚਿਸਤਾਨ 16 ਅਤੇ ਇਸਲਾਮਾਬਾਦ ਕੈਪੀਟਲ ਏਰੀਆ- ਤਿੰਨ।
- ਪੰਜਾਬੀ ਟ੍ਰਿਬਿਊਨ ਫੀਚਰ

Advertisement
Author Image

Advertisement