ਜਰਮਨੀ ਦੀ ਇੱਕ ਮਿੱਠੀ ਯਾਦ
ਜਗਵੰਤ ਸਿੰਘ
ਇਹ ਗੱਲ ਸਾਲ 2019 ਦੀਆਂ ਗਰਮੀਆਂ ਦੀਆਂ ਛੁੱਟੀਆਂ ਦੀ ਹੈ ਜਦੋਂ ਸਾਨੂੰ ਜਰਮਨੀ ਰਹਿੰਦੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਦਾ ਮੌਕਾ ਮਿਲਿਆ। ਪਹਿਲੀ ਵਾਰ ਵਿਦੇਸ਼ ਯਾਤਰਾ ਕਰਨ ਲਈ ਅਸੀਂ ਬਹੁਤ ਉਤਸ਼ਾਹਿਤ ਸੀ। ਮਹੀਨਾ ਪਹਿਲਾਂ ਹੀ ਅਸੀਂ ਉੱਥੇ ਜਾਣ ਲਈ ਖਰੀਦਦਾਰੀ ਕਰਨੀ ਅਤੇ ਯੂਰੋਪ ਘੁੰਮ ਚੁੱਕੇ ਆਪਣੇ ਦੋਸਤਾਂ ਤੋਂ ਸਲਾਹ ਲੈਣੀ ਸ਼ੁਰੂ ਕਰ ਦਿੱਤੀ ਸੀ ਜਿਵੇਂ ਕੀ-ਕੀ ਲੈ ਕੇ ਜਾਈਏ, ਮੌਸਮ ਕਿਸ ਤਰ੍ਹਾਂ ਦਾ ਹੈ? ਕੱਪੜੇ ਕਿਸ ਤਰ੍ਹਾਂ ਦੇ ਲੈ ਕੇ ਜਾਈਏ? ਆਦਿ। ਸਾਰਿਆਂ ਨੇ ਆਪੋ-ਆਪਣੀ ਸਲਾਹ ਦਿੱਤੀ। ਯੂਰੋਪ ’ਚ ਕਿਸੇ ਦੇਸ਼ ਵਿੱਚ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਸੰਗਠਨ ਦੇ ਮੁਖੀ ਦੀ ਪੱਗ ਦਾ ਅੰਦਾਜ਼ ਪੰਜਾਬੀ ਪੱਗ ਨਾਲ ਮਿਲਦਾ ਜੁਲਦਾ ਹੋਣ ਕਾਰਨ ਇੱਕ ਜਾਣਕਾਰ ਨੇ ਮੈਨੂੰ ਸਲਾਹ ਦਿੱਤੀ ਕਿ ਪੱਗਾਂ ਦੇ ਨਾਲ ਨਾਲ ਇੱਕ-ਦੋ ਟੋਪੀਆਂ ਲਿਜਾਣਾ ਠੀਕ ਰਹੇਗਾ, ਇਉਂ ਉੱਥੋਂ ਦੇ ਲੋਕ ਓਪਰਾ ਵੀ ਨਹੀਂ ਮੰਨਣਗੇ। ਇਹ ਸੁਣ ਕੇ ਪੱਗ ਵਾਲੀ ਸਲਾਹ ’ਤੇ ਮੈਂ ਇੱਕੋ ਜਵਾਬ ਦਿੰਦਾ ਸੀ, ‘‘ਨਾ ਬਾਈ, ਪੱਗ ਨਾਲ ਕੋਈ ਸਮਝੌਤਾ ਨਹੀਂ।’’ ਚਲੋ ਕਰਦੇ ਕਰਾਉਂਦੇ ਜਹਾਜ਼ ਚੜ੍ਹਨ ਦਾ ਦਿਨ ਆਇਆ। ਅਸੀਂ ਦਿੱਲੀ ਤੋਂ ਮਿਊਨਿਖ (ਜਰਮਨੀ) ਵਾਇਆ ਆਬੂਧਾਬੀ ਜਾਣ ਵਾਲੇ ਹਵਾਈ ਜਹਾਜ਼ ਵਿੱਚ ਬੈਠ ਗਏ। ਦਿੱਲੀ ਤੋਂ ਆਬੂਧਾਬੀ ਵਾਲੇ ਹਵਾਈ ਜਹਾਜ਼ ਵਿੱਚ ਕਈ ਸਰਦਾਰ ਯਾਤਰੀ ਸਨ, ਪਰ ਜਦੋਂ ਆਬੂਧਾਬੀ ਤੋਂ ਜਰਮਨੀ ਵਾਲੇ ਹਵਾਈ ਜਹਾਜ਼ ਵਿੱਚ ਬੈਠੇ ਤਾਂ ਮੈਂ ਇਕੱਲਾ ਹੀ ਪੱਗ ਵਾਲਾ ਯਾਤਰੀ ਸੀ। ਪਹਿਲੀ ਹਵਾਈ ਯਾਤਰਾ ਹੋਣ ਕਰਕੇ ਮੈਂ ਕਾਫ਼ੀ ਉਤਸ਼ਾਹਿਤ ਸੀ। ਇਸ ਲਈ ਮੈਂ ਜਹਾਜ਼ ਬਾਰੇ ਅੰਦਰੋਂ ਚੰਗੀ ਤਰ੍ਹਾਂ ਦੇਖਣਾ ਚਾਹੁੰਦਾ ਸੀ। ਮੇਰੀ ਉਤਸੁਕਤਾ ਨੂੰ ਦੇਖਦਿਆਂ ਜਹਾਜ਼ ਦੇ ਅਮਲੇ ਦੇ ਮੈਂਬਰ ਮੁੰਡੇ ਕੁੜੀਆਂ ਨੇ ਮੈਨੂੰ ਇਸ ਬਾਰੇ ਕਾਫ਼ੀ ਕੁਝ ਦੱਸਿਆ। ਹੋਰ ਤਾਂ ਹੋਰ ਉਨ੍ਹਾਂ ਨੇ ਮੈਨੂੰ ਆਪਣੀ ਰਸੋਈ ਵੀ ਦਿਖਾਈ ਜਿੱਥੇ ਮੈਂ ਆਪ ਕੌਫੀ ਬਣਾਉਣ ਵਾਲੀ ਮਸ਼ੀਨ ਨਾਲ ਕੌਫੀ ਵੀ ਬਣਾਈ ਕਿਉਂਕਿ ਉਹ ਫਿੱਕੀ ਕੌਫੀ ਬਣਾਉਂਦੇ ਸੀ ਤੇ ਮੈਨੂੰ ਤੇਜ਼ ਮਿੱਠੇ ਵਾਲੀ ਕੌਫੀ ਪਸੰਦ ਸੀ। ਇਸ ਸਭ ਵਿੱਚ ਕਦੋਂ 15 ਘੰਟੇ ’ਚ ਜਰਮਨੀ ਪਹੁੰਚ ਗਏ ਪਤਾ ਹੀ ਨਹੀਂ ਲੱਗਿਆ।
ਪਹਿਲੀ ਵਾਰ ਵਿਦੇਸ਼ ਦੀ ਧਰਤੀ ’ਤੇ ਆਉਣ ਦੀ ਉਤਸੁਕਤਾ ਵਿੱਚ ਅਸੀਂ ਆਪਣੇ ਬੈਗ ਲੈਣ ਪਹੁੰਚੇ ਤਾਂ 40-45 ਮਿੰਟ ਉਡੀਕਣ ਮਗਰੋਂ ਪਤਾ ਲੱਗਿਆ ਕਿ ਸਾਡੇ ਬੈਗ ਤਾਂ ਆਬੂਧਾਬੀ ਹਵਾਈ ਅੱਡੇ ’ਤੇ ਰਹਿ ਗਏ ਹਨ। ਹੁਣ ਸਾਡੀ ਸਾਰੀ ਉਤਸੁਕਤਾ ਫ਼ਿਕਰ ਵਿੱਚ ਬਦਲ ਗਈ ਸੀ ਕਿਉਂਕਿ ਨਾ ਤਾਂ ਸਾਡੇ ਫੋਨ ਚੱਲ ਰਹੇ ਸਨ ਤੇ ਨਾ ਹੀ ਸਾਨੂੰ ਉੱਥੇ ਕੋਈ ਅੰਗਰੇਜ਼ੀ ਬੋਲਣ ਵਾਲਾ ਮਿਲਿਆ। ਦਰਅਸਲ, ਯੂਰੋਪ ’ਚ ਜ਼ਿਆਦਾਤਰ ਲੋਕ ਆਪੋ-ਆਪਣੀ ਭਾਸ਼ਾ ਬੋਲਣਾ ਪਸੰਦ ਕਰਦੇ ਹਨ। ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਕੀ ਕਰੀਏ। ਉਦੋਂ ਹੀ ਇੱਕ ਆਵਾਜ਼ ਆਈ, ‘‘ਬਾਈ ਜੀ, ਤੁਹਾਡੇ ਬੈਗ ਵੀ ਨਹੀਂ ਆਏ?’’ ਇਹ ਆਵਾਜ਼ ਇੱਕ ਪੰਜਾਬੀ ਮੁੰਡੇ ਦੀ ਸੀ ਜੋ ਉੱਥੇ ਨੌਕਰੀ ਕਰਦਾ ਸੀ। ਉਹ ਸਾਡੀ ਹੀ ਫਲਾਈਟ ਵਿੱਚ ਆਇਆ ਸੀ ਤੇ ਉਸ ਦਾ ਸਾਮਾਨ ਵੀ ਪਿੱਛੇ ਰਹਿ ਗਿਆ ਸੀ। ਪੁੱਛਣ ’ਤੇ ਪਤਾ ਲੱਗਾ ਕਿ ਉਹ ਪੰਜਾਬ ’ਚ ਨਵਾਂਸ਼ਹਿਰ ਤੋਂ ਸੀ। ਉਸ ਵੀਰ ਨੇ ਹਵਾਈ ਅੱਡੇ ’ਤੇ ਸਾਡੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਿਸ ਦੇ ਨਤੀਜੇ ਵਜੋਂ ਅਗਲੇ ਦਿਨ ਸਵੇਰੇ ਹੀ ਸਾਡੇ ਬੈਗ ਸਾਡੇ ਜਰਮਨੀ ਵਾਲੇ ਪਤੇ ’ਤੇ ਪਹੁੰਚ ਗਏ। ‘‘ਬੇਗਾਨੇ ਮੁਲਕ ’ਚ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈ’’ ਵਾਲਾ ਫਿਲਮੀ ਡਾਇਲਾਗ ਉੱਥੇ ਸੱਚ ਹੋ ਗਿਆ ਸੀ। ਮਿਊਨਿਖ (ਜਰਮਨੀ) ਤੋਂ ਅਰਲਾਂਗਨ (ਸਾਡੀ ਰਿਹਾਇਸ਼) ਲਗਭਗ 200 ਕਿਲੋਮੀਟਰ ਸੀ ਅਤੇ ਅਸੀਂ ਅੱਗੇ ਰੇਲਗੱਡੀ ਰਾਹੀਂ ਜਾਣਾ ਸੀ। ਬਿਨਾਂ ਆਵਾਜ਼ ਤੋਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਰੇਲਗੱਡੀ ਦੇ ਬਾਹਰ ਦੇ ਨਜ਼ਾਰੇ ਬਹੁਤ ਖ਼ੂਬਸੂਰਤ ਸਨ। ਅਗਲੇ ਸਟੇਸ਼ਨ ’ਤੇ ਕੁਝ ਜਰਮਨ ਮੁੰਡੇ ਸਾਡੇ ਡੱਬੇ ਵਿੱਚ ਚੜ੍ਹੇ ਅਤੇ ਸਾਡੇ ਵੱਲ ਓਪਰੀ ਜਿਹੀ ਨਿਗ੍ਹਾ ਨਾਲ ਦੇਖਦੇ-ਦੇਖਦੇ ਅੱਗੇ ਚਲੇ ਗਏ। ਉਸ ਸਮੇਂ ਮੈਨੂੰ ਆਪਣੇ ਦੋਸਤ ਵੱਲੋਂ ਪੱਗ ਬਾਰੇ ਦਿੱਤੀ ਗਈ ਸਲਾਹ ਯਾਦ ਆ ਰਹੀ ਸੀ। ਅਜੇ ਮੈਂ ਇਹ ਸਭ ਸੋਚ ਹੀ ਰਿਹਾ ਸੀ ਕਿ ਉਨ੍ਹਾਂ ਮੁੰਡਿਆਂ ਦੀ ਟੋਲੀ ਵਿੱਚੋਂ ਇੱਕ ਮੁੰਡਾ ਮੇਰੇ ਵੱਲ ਆਉਣ ਲੱਗਾ। ਉਸ ਸਮੇਂ ਇੱਕ ਵਾਰ ਲਈ ਲੱਗਿਆ ਕਿ ਬਸ ਹੋ ਗਈ ਉਹੀ ਗੱਲ ਜਿਸ ਦਾ ਡਰ ਸੀ। ਉਹ ਮੁੰਡਾ ਆ ਕੇ ਮੈਨੂੰ ਜਰਮਨ ਭਾਸ਼ਾ ਵਿੱਚ ਕਹਿਣ ਕੁਝ ਲੱਗਿਆ। ਉਸ ਦਾ ਕਿਹਾ ਮੈਨੂੰ ਸਮਝ ਤਾਂ ਕੁਝ ਨਹੀਂ ਆਇਆ, ਪਰ ਉਸ ਦੇ ਹਾਵ-ਭਾਵ ਤੋਂ ਇਹ ਸਮਝ ਜ਼ਰੂਰ ਆ ਗਈ ਕਿ ਕੋਈ ਬੇਨਤੀ ਵਰਗੀ ਗੱਲ ਕਰ ਰਿਹਾ ਹੈ। ਉਸ ਵੱਲੋਂ ਦੁਬਾਰਾ ਅੰਗਰੇਜ਼ੀ ’ਚ ਬੋਲਣ ’ਤੇ ਪਤਾ ਲੱਗਿਆ ਕਿ ਉਸ ਨੂੰ ਮੇਰੀ ਪੱਗ ਬੰਨ੍ਹੀ ਬਹੁਤ ਵਧੀਆ ਲੱਗੀ ਸੀ ਤੇ ਹੁਣ ਤੱਕ ਉਸ ਨੇ ਪੱਗਾਂ ਵਾਲੇ ਟੀ.ਵੀ. ਉੱਤੇ ਗਾਣਿਆਂ ’ਚ ਹੀ ਦੇਖੇ ਸਨ। ਨਾਲ ਹੀ ਉਹ ਮੈਨੂੰ ਬੇਨਤੀ ਕਰ ਰਿਹਾ ਸੀ ਕਿ ਮੈਂ ਉਸ ਦੇ ਸਿਰ ’ਤੇ ਵੀ ਪੱਗ ਬੰਨ੍ਹਾਂ। ਬਸ ਫਿਰ ਕੀ ਸੀ ਇਹ ਗੱਲ ਸੁਣਦਿਆਂ ਸਾਰ ਮੇਰੇ ਚਿਹਰੇ ’ਤੇ ਸਵੈ-ਮਾਣ ਭਰੀ ਮੁਸਕਾਨ ਆ ਗਈ। ਉਸ ਦੀ ਉਤਸੁਕਤਾ ਨੂੰ ਦੇਖਦਿਆਂ ਮੈਂ ਉਸ ਨੂੰ ਦੱਸਿਆ ਕਿ ਪੱਗ ਵਾਸਤੇ 6-7 ਮੀਟਰ ਦਾ ਕੱਪੜਾ ਚਾਹੀਦਾ ਹੈ ਅਤੇ ਸਾਡੇ ਬੈਗ ਸਾਡੇ ਕੋਲ ਨਹੀਂ ਹਨ। ਮੇਰੀ ਇਹ ਗੱਲ ਸੁਣ ਕੇ ‘‘ਵੇਟ ਏ ਮਿਨਟ’’ ਕਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਅਗਲੇ ਹੀ ਮਿੰਟ ਖੱਦਰ ਦੀ ਚਾਦਰ ਵਰਗਾ ਕੱਪੜਾ ਆਪਣੇ ਬੈਗ ਵਿੱਚੋਂ ਲੈ ਆਇਆ। ਉੱਥੇ ਅਸੀਂ ਚਲਦੀ ਗੱਡੀ ਵਿੱਚ ਉਸ ਕੱਪੜੇ ਦੀ ਪੂਣੀ ਕੀਤੀ ਅਤੇ ਮੈਂ ਉਸ ਦੇ ਪੱਗ ਬੰਨ੍ਹਣੀ ਸ਼ੁਰੂ ਕਰ ਦਿੱਤੀ। ਉਸੇ ਸਮੇਂ ਮੈਂ ਉਸ ਨੂੰ ਪੱਗ ਦੀ ਮਹੱਤਤਾ ਬਾਰੇ ਵੀ ਦੱਸਿਆ। ਮੋਟੇ ਕੱਪੜੇ ਦੀ ਪੱਗ ਬੰਨ੍ਹਣ ਵਿੱਚ ਮੁਸ਼ਕਿਲ ਤਾਂ ਆਈ, ਪਰ ਕਿਵੇਂ ਨਾ ਕਿਵੇਂ ਬੰਨ੍ਹੀ ਗਈ। ਰੇਲਗੱਡੀ ਦੇ ਉਸ ਡੱਬੇ ਦੇ ਸਾਰੇ ਯਾਤਰੀ ਪੂਰੀ ਦਿਲਚਸਪੀ ਨਾਲ ਸਾਡੇ ਵੱਲ ਦੇਖ ਰਹੇ ਸਨ। ਕਈ ਆਪੋ-ਆਪਣੇ ਮੋਬਾਈਲਾਂ ’ਚ ਫੋਟੋਆਂ ਵੀ ਖਿੱਚ ਰਹੇ ਸਨ। ਅਸੀਂ ਵੀ ਕੁਝ ਫੋਟੋਆਂ ਖਿੱਚੀਆਂ। ਉਸ ਟੋਲੀ ਦੇ ਕੁਝ ਹੋਰ ਮੁੰਡੇ ਵੀ ਪੱਗ ਬੰਨ੍ਹਵਾਉਣਾ ਚਾਹੁੰਦੇ ਸਨ, ਪਰ ਸਾਡਾ ਸਟੇਸ਼ਨ ਆ ਗਿਆ ਸੀ। ਇਸ ਲਈ ਸਮਾਂ ਨਹੀਂ ਸੀ। ਉਨ੍ਹਾਂ ਤੋਂ ਮਾਫ਼ੀ ਮੰਗਦਿਆਂ ਅਤੇ ਕਦੇ ਫਿਰ ਮਿਲਣ ਦੀ ਆਸ ਕਰਦਿਆਂ ਅਸੀਂ ਰੇਲਗੱਡੀ ’ਚੋਂ ਉਤਰ ਆਏ। ਕੁਝ ਕੁ ਸਕਿੰਟਾਂ ਵਿੱਚ ਗੱਡੀ ਆਪਣੇ ਅਗਲੀ ਮੰਜ਼ਿਲ ਵੱਲ ਚਲੀ ਗਈ। ਇਹ ਕੁਝ ਕੁ ਮਿੰਟਾਂ ਦੀ ਮੁਲਾਕਾਤ ਸਾਡੇ ਲਈ ਇੱਕ ਅਭੁੱਲ ਯਾਦ ਬਣ ਗਈ।
ਸੰਪਰਕ: 90412-82398