ਗਮਾਡਾ ਦੇ ਮੁੱਖ ਪ੍ਰਸ਼ਾਸਕ ਵੱਲੋਂ ਪੂਰਬ ਪ੍ਰੀਮੀਅਮ ਅਪਾਰਟਮੈਂਟ ਦਾ ਅਚਨਚੇਤ ਨਿਰੀਖਣ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 29 ਜੂਨ
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਮੁੱਖ ਪ੍ਰਸ਼ਾਸਕ ਰਾਜੀਵ ਗੁਪਤਾ ਨੇ ਪੂਰਬ ਪ੍ਰੀਮੀਅਮ ਪ੍ਰਾਜੈਕਟ ਵਿੱਚ ਅਪਾਰਟਮੈਂਟਾਂ ਦੀ ਅਲਾਟਮੈਂਟ ਸਕੀਮ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਅੱਜ ਪ੍ਰਾਜੈਕਟ ਦਾ ਅਚਨਚੇਤ ਨਿਰੀਖਣ ਕੀਤਾ।
ਸ੍ਰੀ ਗੁਪਤਾ ਨੇ ਇੰਜੀਨੀਅਰਿੰਗ ਵਿੰਗ ਨੂੰ ਹਦਾਇਤ ਕੀਤੀ ਕਿ ਸਵਿਮਿੰਗ ਪੂਲ ਨੂੰ ਜਲਦੀ ਚਾਲੂ ਕਰਨ ਦੇ ਨਾਲ-ਨਾਲ ਇੱਥੇ ਤੈਰਾਕੀ ਕੋਚਾਂ ਅਤੇ ਲਾਈਫ਼ ਗਾਰਡਾਂ ਦੀ ਤਾਇਨਾਤੀ ਦਾ ਕੰਮ ਛੇਤੀ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਯੋਗਾ ਇੰਸਟਰੱਕਟਰਾਂ ਦੀ ਨਿਯੁਕਤੀ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ ਤਾਂ ਜੋ ਵਸਨੀਕ ਇੱਥੇ ਬਣੇ ਯੋਗਾ ਅਤੇ ਮੈਡੀਟੇਸ਼ਨ ਦੀ ਸੁਵਿਧਾ ਦਾ ਲਾਭ ਉਠਾ ਸਕਣ। ਸਰਵੇਖਣ ਤੋਂ ਬਾਅਦ ਮੁੱਖ ਪ੍ਰਸ਼ਾਸਕ ਨੇ ਸਬੰਧਤ ਇੰਜਨੀਅਰ ਨੂੰ ਪ੍ਰਾਜੈਕਟ ਵਿੱਚ ਢੁਕਵੀਆਂ ਥਾਵਾਂ ‘ਤੇ ਸਾਈਨੇਜ ਲਗਾਉਣ ਲਈ ਕਿਹਾ। ਉਨ੍ਹਾਂ ਬਾਗਬਾਨੀ ਡਵੀਜ਼ਨ ਨੂੰ ਹਦਾਇਤ ਕੀਤੀ ਕਿ ਹਰਿਆਲੀ ਦਾ ਪੂਰਾ ਧਿਆਨ ਰੱਖਿਆ ਜਾਵੇ। ਜ਼ਿਕਰਯੋਗ ਹੈ ਕਿ ਗਮਾਡਾ ਵੱਲੋਂ ਸੈਕਟਰ-88 ਵਿੱਚ ਸਥਿਤ ਪੂਰਬ ਪ੍ਰੀਮੀਅਮ ਪ੍ਰਾਜੈਕਟ ਵਿੱਚ 130 ਟਾਈਪ-1, 200 ਟਾਈਪ-2 ਅਤੇ 220 ਟਾਈਪ-3 ਅਪਾਰਟਮੈਂਟਾਂ ਦੀ ਅਲਾਟਮੈਂਟ ਸ਼ੁਰੂ ਕਰ ਰਿਹਾ ਹੈ, ਜਿਸ ਤਹਿਤ ਪ੍ਰਤੀ ਯੂਨਿਟ ਕ੍ਰਮਵਾਰ 54 ਲੱਖ ਰੁਪਏ, 80 ਲੱਖ ਰੁਪਏ ਅਤੇ 1.01 ਕਰੋੜ ਰੁਪਏ ਕੀਮਤ ਰੱਖੀ ਗਈ ਹੈ। ਭਲਕੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਇਹ ਸਕੀਮ 31 ਜੁਲਾਈ ਤੱਕ ਜਾਰੀ ਰਹੇਗੀ। ਇਸ ਵਿੱਚ ਸ਼ਾਮਲ ਸਾਰੇ ਅਪਾਰਟਮੈਂਟ ਬਣ ਕੇ ਤਿਆਰ ਹਨ ਅਤੇ ਸਫਲ ਅਲਾਟੀਆਂ ਨੂੰ ਅਪਾਰਟਮੈਂਟ ਦੀ ਕੁੱਲ ਕੀਮਤ ਦਾ 25 ਫੀਸਦੀ ਭੁਗਤਾਨ ਕਰਨ ‘ਤੇ ਹੀ ਅਪਾਰਟਮੈਂਟ ਦਾ ਕਬਜ਼ਾ ਦਿੱਤਾ ਜਾਵੇਗਾ।