ਬੱਸ ਤੋਂ ਡਿੱਗ ਕੇ ਜ਼ਖ਼ਮੀ ਹੋਈ ਵਿਦਿਆਰਥਣ ਦੀ ਇਲਾਜ ਦੌਰਾਨ ਮੌਤ
ਪੱਤਰ ਪ੍ਰੇਰਕ
ਸਮਾਣਾ, 30 ਮਾਰਚ
ਬੱਸ ਤੋਂ ਡਿੱਗ ਕੇ ਜ਼ਖ਼ਮੀ ਹੋਈ 16 ਸਾਲਾ ਸਕੂਲੀ ਵਿਦਿਆਰਥਣ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਮਵੀ ਕਲਾਂ ਪੁਲੀਸ ਦੇ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਰਣਬੀਰ ਕੌਰ (16) ਦੇ ਪਿਤਾ ਦੇਸ ਰਾਜ ਵਾਸੀ ਪਿੰਡ ਭੇਡਪੁਰੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪਿੰਡ ਕੁਲਾਰਾਂ ਦੇ ਸਕੂਲ ਵਿੱਚ ਪੜ੍ਹਦੀ ਉਸ ਦੀ ਲੜਕੀ 19 ਮਾਰਚ ਨੂੰ ਇਮਤਿਹਾਨ ਦੇ ਕੇ ਪ੍ਰਾਈਵੇਟ ਬੱਸ ਰਾਹੀਂ ਘਰ ਵਾਪਸ ਆ ਰਹੀ ਸੀ। ਜਦੋਂ ਉਹ ਪਿੰਡ ਦੋਦੜਾ ਦੇ ਬੱਸ ਅੱਡੇ ’ਤੇ ਉਤਰਨ ਲੱਗੀ ਤਾਂ ਉਸ ਸਮੇਂ ਬੱਸ ਚਾਲਕ ਨੇ ਇਕਦਮ ਬੱਸ ਚਲਾ ਦਿੱਤੀ। ਇਸ ਦੌਰਾਨ ਲੜਕੀ ਦੀ ਕਮੀਜ਼ ਬੱਸ ਦੀ ਕੁੰਡੀ ਵਿੱਚ ਫਸ ਗਈ। ਚਾਲਕ ਲੜਕੀ ਨੂੰ ਕਾਫੀ ਦੂਰ ਤੱਕ ਬੱਸ ਨਾਲ ਘੜੀਸਦਾ ਲੈ ਗਿਆ। ਗੰਭੀਰ ਜ਼ਖਮੀ ਲੜਕੀ ਨੂੰ ਇਲਾਜ ਲਈ ਪਟਿਆਲਾ ਅਤੇ ਪੀ.ਜੀ.ਆਈ. ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਪਿਛਲੇ ਦਿਨੀਂ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਜਦੋਂ ਕਿ ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਹੈ।