ਮੈਰੀਟੋਰੀਅਸ ਸਕੂਲ ਘਾਬਦਾਂ ’ਚ ਵਿਦਿਆਰਥੀ ਨੇ ਫਾਹਾ ਲਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਜਨਵਰੀ
ਇਥੋਂ ਨੇੜਲੇ ਸਰਕਾਰੀ ਮੈਰੀਟੋਰੀਅਸ ਸਕੂਲ ਘਾਬਦਾਂ ਵਿਖੇ ਇੱਕ ਵਿਦਿਆਰਥੀ ਨੇ ਸਕੂਲ ਦੇ ਹੋਸਟਲ ਵਿਚ ਕਥਿਤ ਤੌਰ ’ਤੇ ਦੇਰ ਸ਼ਾਮ ਫਾਹਾ ਲੈ ਲਿਆ। ਥਾਣਾ ਸਦਰ ਪੁਲੀਸ ਨੇ ਲਾਸ਼ ਨੂੰ ਪੋਸਟ-ਮਾਰਟਮ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਨੇ ਜ਼ੀਰਕਪੁਰ-ਬਠਿੰਡਾ ਕੌਮੀ ਹਾਈਵੇਅ-7 ’ਤੇ ਪੀਜੀਆਈ ਘਾਬਦਾਂ ਨੇੜੇ ਸਥਿਤ ਮੈਰੀਟੋਰੀਅਸ ਸਕੂਲ ਘਾਬਦਾਂ ਸਕੂਲ ਦੇ ਹੋਸਟਲ ਵਿਚ ਦੇਰ ਸ਼ਾਮ ਲਿਆ। ਵਿਦਿਆਰਥੀ ਜ਼ਿਲ੍ਹਾ ਸੰਗਰੂਰ ਦੀ ਸਬ-ਡਿਵੀਜ਼ਨ ਲਹਿਰਾਗਾਗਾ ਅਧੀਨ ਪੈਂਦੇ ਪਿੰਡ ਬੱਲ੍ਹਰਾ ਦਾ ਵਾਸੀ ਹੈ। ਸਕੂਲ ਸਟਾਫ ਨੂੰ ਦੇਰ ਸ਼ਾਮ ਖੁ਼ਦਕੁਸ਼ੀ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਵਿਦਿਆਰਥੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਪੁਸ਼ਟੀ ਕਰਦਿਆਂ ਥਾਣਾ ਸਦਰ ਪੁਲੀਸ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਮੈਰੀਟੋਰੀਅਸ ਸਕੂਲ ਘਾਬਦਾਂ ਉਸ ਸਮੇਂ ਵਿਵਾਦਾਂ ’ਚ ਆਇਆ ਸੀ ਜਦੋਂ ਖ਼ਰਾਬ ਖਾਣਾ ਖਾਣ ਨਾਲ ਕਰੀਬ 73 ਵਿਦਿਆਰਥੀਆਂ ਦੀ ਸਿਹਤ ਵਿਗੜ ਗਈ ਸੀ। ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਸੀ ਅਤੇ ਉਸੇ ਦਿਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੌਰਾ ਕਰ ਕੇ ਬਿਮਾਰ ਵਿਦਿਆਰਥੀਆਂ ਦਾ ਹਾਲ ਜਾਣਿਆ ਸੀ ਜਿਨ੍ਹਾਂ ਦੇ ਆਦੇਸ਼ ’ਤੇ ਸਕੂਲ ਮੈੱਸ ਦੇ ਠੇਕੇਦਾਰ ਅਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਸੀ।