ਖਿਉਵਾਲੀ ਵਿੱਚ ਸਕੂਲ ਦੇ ਪਖਾਨੇ ਦੀ ਕੰਧ ਡਿੱਗਣ ਕਾਰਨ ਵਿਦਿਆਰਥੀ ਦੀ ਮੌਤ
ਪੱਤਰ ਪ੍ਰੇਰਕ
ਕਾਲਾਂਵਾਲੀ, 3 ਅਗਸਤ
ਪਿੰਡ ਖਿਉਵਾਲੀ ਦੇ ਸਰਕਾਰੀ ਹਾਈ ਸਕੂਲ ਵਿੱਚ ਪਖਾਨੇ ਦੀ ਕੰਧ ਹੇਠਾਂ ਦੱਬਣ ਕਰਕੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਘਟਨਾ ਸ਼ਾਮ ਨੂੰ ਛੁੱਟੀ ਤੋਂ ਬਾਅਦ ਵਾਪਰੀ। ਪਰਿਵਾਰਕ ਮੈਂਬਰਾਂ ਨੇ ਬਿਨਾਂ ਪੋਸਟਮਾਰਟਮ ਦੇ ਵਿਦਿਆਰਥੀ ਦਾ ਸਸਕਾਰ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਬੀਤੀ ਸ਼ਾਮ 9ਵੀਂ ਜਮਾਤ ਦਾ ਵਿਦਿਆਰਥੀ ਪਵਨ ਕੁਮਾਰ ਪਖਾਨੇ ਜਾਣ ਲਈ ਸਕੂਲ ਦੀ ਕੰਧ ’ਤੇ ਚੜ੍ਹਿਆ ਸੀ, ਇਸ ਦੌਰਾਨ ਪਖਾਨੇ ਦੇ ਸਾਹਮਣੇ ਕਰੀਬ 5 ਫੁੱਟ ਉੱਚੀ ਕੰਧ ਅਚਾਨਕ ਪਵਨ ’ਤੇ ਡਿੱਗ ਪਈ। ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੀਆਂ ਦੁਕਾਨਾਂ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਪਵਨ ਨੂੰ ਹਸਪਤਾਲ ਪਹੁੰਚਾਇਆ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਰਸਾ ਅਤੇ ਫਿਰ ਰੋਹਤਕ ਰੈਫਰ ਕਰ ਦਿੱਤਾ ਗਿਆ, ਜਿਸ ਦੌਰਾਨ ਵਿਦਿਆਰਥੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਬਿਨਾਂ ਕਿਸੇ ਵਿਭਾਗੀ ਕਾਰਵਾਈ ਦੇ ਦੇਰ ਰਾਤ ਪਵਨ ਦਾ ਸਸਕਾਰ ਕਰ ਦਿੱਤਾ। ਮ੍ਰਿਤਕ ਦੇ ਮਾਤਾ-ਪਿਤਾ ਦਿਹਾੜੀਦਾਰ ਮਜ਼ਦੂਰੀ ਕਰਦੇ ਹਨ। ਘਟਨਾ ਤੋਂ ਬਾਅਦ ਪਰਿਵਾਰ ਸਦਮੇ ’ਚ ਹੈ। ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਪਵਨ ’ਤੇ ਡਿੱਗੀ ਪਖਾਨੇ ਦੀ ਕੰਧ ਕਮਜ਼ੋਰ ਸੀ, ਜਿਸ ਕਰਕੇ ਕੰਧ ਡਿੱਗ ਪਈ। ਸਕੂਲ ਇੰਚਾਰਜ ਪੁਨੀਤ ਚੰਦਨਾ ਨੇ ਮੰਨਿਆ ਕਿ ਪਖਾਨੇ ਕਾਫੀ ਪੁਰਾਣੇ ਹਨ। ਇਸ ਸਬੰਧੀ ਐਸਐਮਸੀ ਕਮੇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਵਿਭਾਗ ਨੂੰ ਭੇਜਿਆ ਜਾਵੇਗਾ। ਉਸ ਦਾ ਕਹਿਣਾ ਹੈ ਕਿ ਇਹ ਘਟਨਾ ਸਕੂਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵਾਪਰੀ।