ਮਨੁੱਖੀ ਜਜ਼ਬਿਆਂ ਦੀ ਕਹਾਣੀ
ਡਾ. ਅਮਰ ਕੋਮਲ
ਪੁਸਤਕ ‘ਤਿਤਲੀਆਂ ਬਹੁਰੰਗੀਆਂ (ਕਹਾਣੀਆਂ, ਯਾਦਾਂ ਤੇ ਘਟਨਾਵਾਂ)’ (ਕੀਮਤ: 250 ਰੁਪਏ; ਲਾਹੌਰ ਬੁੱਕ ਸ਼ਾਪ, ਲੁਧਿਆਣਾ) ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਗੁਰਸ਼ਰਨ ਸਿੰਘ ਨਰੂਲਾ ਤਿੰਨ ਕਾਵਿ ਸੰਗ੍ਰਹਿ, ਇੱਕ ਨਾਵਲ ਅਨੁਵਾਦ, ਦੋ ਲੇਖ ਸੰਗ੍ਰਹਿਆਂ, ਇੱਕ ਕਹਾਣੀ ਸੰਗ੍ਰਹਿ ਅਤੇ ਬੱਚਿਆਂ ਲਈ ਦੋ ਪੁਸਤਕਾਂ ਦਾ ਕਰਤਾ ਹੈ। ਇਸ ਪੁਸਤਕ ਵਿੱਚ ਆਪ ਬੀਤੀਆਂ, ਜੱਗ-ਬੀਤੀਆਂ ਘਟਨਾਵਾਂ ਹਨ। ਮਿੱਠੀਆਂ-ਕੌੜੀਆਂ ਯਾਦਾਂ ਹਨ। ਲੇਖਕ ਨੇ ਨਿੱਕੀਆਂ ਕਹਾਣੀਆਂ ਸਿਰਜ ਕੇ ਪਾਠਕਾਂ ਨੂੰ ਸਿੱਖਿਆ ਦੇਣ, ਉਨ੍ਹਾਂ ਦੇ ਤਜਰਬੇ ਨੂੰ ਵਧਾਉਣ ਅਤੇ ਨਵਾਂ ਕੁਝ ਸਿਖਾਉਣ ਲਈ ਜੱਗ-ਬੀਤੀਆਂ ਘਟਨਾਵਾਂ ਤੇ ਕਥਾਵਾਂ ਅੰਕਿਤ ਕੀਤੀਆਂ ਹਨ।
ਇਹ ਕਹਾਣੀਆਂ ਸਹਿਜ ਸੁਭਾਵਿਕ ਘਟਨਾਵਾਂ, ਮੌਕਾ-ਮੇਲ ਸਦਕਾ ਅਚਾਨਕ ਹੋਈਆਂ ਮਿਲਣੀਆਂ ਅਤੇ ਸੁਣੀਆਂ-ਸੁਣਾਈਆਂ ਬਾਤਾਂ ਉਪਰ ਆਧਾਰਿਤ ਹਨ। ਇਨ੍ਹਾਂ ਕਹਾਣੀਆਂ ਦੇ ਪਾਤਰ ਕਲਪਿਤ ਨਹੀਂ, ਹੱਡ ਮਾਸ ਦੇ ਇਸਤਰੀ-ਪੁਰਸ਼ ਹਨ। ਜੇ ‘ਹਿੰਗ ਲੱਗੇ ਨਾ ਫੱਟਕੜੀ, ਰੰਗ ਚੋਖਾ ਆਵੇ’ ਤਾਂ, ਮਰ ਗਿਆ, ਬਹੁੜੀ ਦੁਹਾਈ ਕਰਨ ਦੀ ਕੀ ਲੋੜ ਹੈ? ਦੁਨੀਆਂ ਵਿੱਚ ਸਭ ਕੁਝ ਵਾਪਰ ਸਕਦਾ ਹੈ। ਇਸ ਪੁਸਤਕ ਵਿੱਚ ਕਹਾਣੀ ਬਣਾਈਆਂ ਘਟਨਾਵਾਂ ਜਾਂ ਹਾਦਸੇ ਵਾਪਰ ਸਕਦੇ ਹਨ। ਵਾਪਰੇ ਹੋ ਸਕਦੇ ਹਨ, ਪਰ ਜ਼ਿਆਦਾਤਰ ਵਿਅਕਤੀ ਇਨ੍ਹਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ।
ਲੇਖਕ ਨੇ ਇਸ ਸੰਸਾਰ, ਸਮਾਜ, ਸ਼ਹਿਰ, ਪਿੰਡ ਵਿੱਚ ਵਿਚਰਦਿਆਂ ਕਿਸੇ ਪਾਸੇ ਕਦੇ ਨਾ ਕਦੇ ਵਾਪਰੀ ਘਟਨਾ ਨੂੰ ਨੀਝ ਨਾਲ ਦੇਖਿਆ ਹੈ। ਇਨ੍ਹਾਂ ਘਟਨਾਵਾਂ ਦਾ ਵਾਪਰਨਾ ਨਾ ਪਹਿਲਾਂ ਸੋਚਿਆ ਮਿਥਿਆ ਹੁੰਦਾ ਹੈ, ਨਾ ਯੋਜਨਾਬੱਧ ਹੁੰਦਾ ਹੈ। ‘ਇਨਸਾਨੀਅਤ ਦਾ ਰਿਸ਼ਤਾ’ ਨਾਂ ਦੀ ਕਹਾਣੀ ਲੈ ਲਉ ਜਾਂ ‘ਦਿਲਾਂ ਦੀ ਭਾਸ਼ਾ ਦਾ ਸਾਰ-ਤੱਤ’ ਜਾਂ ‘ਨਵ-ਨਵੇਲੀ ਨਾਰ’ ਅਥਵਾ ‘ਵਕਤ ਵਕਤ ਕੀ ਬਾਤ’ ਦੇ ਪ੍ਰਸੰਗ ਮੌਕਾ-ਮੇਲ ਨਾਲ ਵਾਪਰੀਆਂ ਘਟਨਾਵਾਂ ਹਨ।
ਇਸ ਪੁਸਤਕ ਵਿੱਚ ਦਰਸਾਈਆਂ ਘਟਨਾਵਾਂ ਕਈ ਵਾਰ ਭੁੱਲ ਜਾਂਦੀਆਂ ਹਨ, ਪਰ ਵਾਪਰੀ ਘਟਨਾ ਦੀ ਕਸਕ ਚੇਤੇ ਵਿੱਚ ਹਮੇਸ਼ਾਂ ਰਹਿੰਦੀ ਹੈ। ਅਜਿਹੀ ਘਟਨਾ ਲੰਮੇ ਅਰਸੇ ਪਿੱਛੋਂ ਮੁੜ ਚੇਤੇ ਆ ਜਾਂਦੀ ਹੈ।
ਇਸ ਪੁਸਤਕ ਦੀਆਂ ‘ਆਈ ਲਵ ਯੂ’, ‘ਜ਼ਿੰਦਗੀ ਇਮਤਿਹਾਨ ਲੈਂਦੀ ਹੈ’, ‘ਚਲਾਕ ਔਰਤ’, ‘ਗੁਰੂ ਕਿਰਪਾ’, ‘ਮੇਰਾ ਖਿਆਲ ਹੈ’ ਤੇ ‘ਚਿੜੀਆਂ ਦਾ ਚੰਬਾ’ ਅਤੇ ਹੋਰ ਕਹਾਣੀਆਂ ਦੇ ਆਧਾਰ ਤੱਤ ਫ਼ਿਤਰਤੀ ਜਜ਼ਬਿਆਂ ਦੀ ਸ਼ਕਤੀ ਨਾਲ ਸਬੰਧਿਤ ਹਨ। ਲੇਖਕ ਨੇ ਇਨ੍ਹਾਂ ਕਥਾਵਾਂ ਨੂੰ ਬਹੁਰੰਗੀਆਂ ਤਿਤਲੀਆਂ ਕਿਹਾ ਹੈ।
ਸੰਪਰਕ: 84378-73565, 88376-84173