ਹਰਿਆਣਾ ਵਿੱਚ ਹਰਿਆਲੀ ਤੀਜ ਮੌਕੇ ਸੂਬਾ ਪੱਧਰੀ ਪ੍ਰੋਗਰਾਮ ਕਰਵਾਇਆ
ਦੇਵਿੰਦਰ ਸਿੰਘ
ਯਮੁਨਾਨਗਰ, 18 ਅਗਸਤ
ਹਰਿਆਣਾ ਬਾਲ ਕਲਿਆਣ ਪਰਿਸ਼ਦ ਦੇ ਪ੍ਰਧਾਨ ਅਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਹਰਿਆਲੀ ਤੀਜ ਦੇ ਮੌਕੇ ਕਰਵਾਏ ਸੂਬਾ ਪੱਧਰੀ ਪ੍ਰੋਗਰਾਮ ’ਚ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਦੇਸ਼ ਅਤੇ ਸੂਬੇ ਦੇ ਸਾਰੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਤਰੱਕੀ ਲੈ ਕੇ ਆਵੇ। ਹਰਿਆਣਾ ਰਾਜ ਬਾਲ ਕਲਿਆਣ ਪਰਿਸ਼ਦ ਵੱਲੋਂ ਯਮੁਨਾਨਗਰ ਦੇ ਸੁਖਮਨੀ ਰਿਜ਼ੋਰਟ ਵਿੱਚ ਅਤੇ ਰਾਜ ਪੱਧਰੀ ਹਰਿਆਲੀ ਤੀਜ ਉੱਤਸਵ ਕਰਵਾਇਆ ਗਿਆ। ਇਸ ਤਿਉਹਾਰ ਮੌਕੇ ਹਰਿਆਣਾ ਭਰ ਦੇ ਵੱਖ-ਵੱਖ ਸਕੂਲਾਂ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜਪਾਲ ਨੇ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਰਾਜਪਾਲ ਨੇ ਕਿਹਾ ਕਿ ਇਹ ਤੀਜ ਤਿਉਹਾਰ ਸਾਡੇ ਜੀਵਨ ਵਿੱਚ ਪਿਆਰ, ਆਪਸੀ ਸਦਭਾਵਨਾ ਅਤੇ ਭਾਈਚਾਰੇ ਦੇ ਰੰਗ ਭਰਦਾ ਹੈ ਅਤੇ ਇਹ ਸਾਡੇ ਦੇਸ਼ ਦੀ ਮਹਾਨ ਪ੍ਰਾਚੀਨ ਸਭਿਅਤਾ, ਸੱਭਿਆਚਾਰ ਅਤੇ ਪਰੰਪਰਾਵਾਂ ਦਾ ਪ੍ਰਤੀਬਿੰਬ ਹਨ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਖਾਸ ਕਰਕੇ ਸਹੁਾਗਣ ਔਰਤਾਂ ਦਾ ਤਿਉਹਾਰ ਹੈ। ਪੂਰਬੀ ਉੱਤਰ ਪ੍ਰਦੇਸ਼ ਵਿੱਚ, ਇਸਨੂੰ ਕਾਜਲੀ ਤੀਜ ਵਜੋਂ ਵੀ ਮਨਾਇਆ ਜਾਂਦਾ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦੇ ਹੋਏ ਹਰਿਆਣਾ ਦੇ ਸਕੂਲ ਸਿੱਖਿਆ ਅਤੇ ਸੈਰ-ਸਪਾਟਾ ਮੰਤਰੀ ਕੰਵਰ ਪਾਲ ਨੇ ਹਰਿਆਲੀ ਤੀਜ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਤਿਉਹਾਰ ਸਾਡੇ ਸੱਭਿਆਚਾਰ ਦੀ ਤਾਕਤ ਹਨ, ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਕਿਹਾ ਸੀ ਕਿ ਖੁਸ਼ ਰਹਿਣਾ ਹੀ ਜ਼ਿੰਦਗੀ ਹੈ ਅਤੇ ਸਾਨੂੰ ਤਿਉਹਾਰਾਂ ਰਾਹੀਂ ਇਹ ਖੁਸ਼ੀ ਮਿਲਦੀ ਹੈ। ਇਸ ਮੌਕੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਮੇਅਰ ਮਦਨ ਚੌਹਾਨ, ਡੀਸੀ ਰਾਹੁਲ ਹੁਡਾ, ਐਸਪੀ ਮੋਹਿਤ ਹਾਂਡਾ, ਡਿਪਟੀ ਚੇਅਰਮੈਨ ਪ੍ਰਵੀਨ ਸ਼ਰਮਾ, ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ, ਬਾਲ ਕਲਿਆਣ ਪ੍ਰੀਸ਼ਦ ਦੀ ਉੱਪ ਪ੍ਰਧਾਨ ਪਰੀਸ਼ਾ ਆਰਿਆ ਨੂੰ ਸਨਮਾਨਿਤ ਕੀਤਾ। ਇਸ ਮੌਕੇ ਭਾਜਪਾ ਜਨਰਲ ਸਕੱਤਰ ਕ੍ਰਿਸ਼ਨ ਸਿੰਗਲਾ, ਬਾਲ ਕਲਿਆਣ ਅਧਿਕਾਰੀ ਸੁਖਮਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।