For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਦੇ ਵੰਸ਼ਜ ਵੱਲੋਂ ਰੂਹਾਨੀ ਪੇਸ਼ਕਾਰੀ

06:36 AM Mar 20, 2024 IST
ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਦੇ ਵੰਸ਼ਜ ਵੱਲੋਂ ਰੂਹਾਨੀ ਪੇਸ਼ਕਾਰੀ
ਸਮਾਗਮ ਦੌਰਾਨ ਕੀਰਤਨ ਕਰਦੇ ਹੋਏ ਸ਼ਿਵਪ੍ਰੀਤ ਸਿੰਘ। -ਫੋਟੋ: ਮਾਨਸ ਰੰਜਨ ਭੂਈ
Advertisement

ਅੰਸ਼ਿਤਾ ਮਹਿਰਾ
ਨਵੀਂ ਦਿੱਲੀ, 19 ਮਾਰਚ
ਕੈਲੀਫੋਰਨੀਆ ਦੇ ਉੱਘੇ ਗਾਇਕ, ਸੰਗੀਤਕਾਰ ਅਤੇ ਪ੍ਰਸਿੱਧ ਕਵੀ ਸ਼ਿਵਪ੍ਰੀਤ ਸਿੰਘ ਨੇ ਅੱਜ ਭਾਈ ਵੀਰ ਸਿੰਘ ਸਾਹਿਤ ਸਦਨ ਵਿੱਚ ਭਗਤੀ ਸੰਗੀਤ ਦੀ ਰੂਹਾਨੀ ਪੇਸ਼ਕਾਰੀ ਨਾਲ ਕੌਮੀ ਰਾਜਧਾਨੀ ਦੇ ਸਰੋਤਿਆਂ ਨੂੰ ਨਿਹਾਲ ਕੀਤਾ। ਸ਼ਿਵਪ੍ਰੀਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕਵੀਸ਼ਰ ਭਾਈ ਨੰਦਲਾਲ ਗੋਯਾ ਦੇ ਦਸਵੇਂ ਵੰਸ਼ਜ ਹਨ। ਇਹ ਕੀਰਤਨ ਸਮਾਗਮ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਵੇਂ ਸਾਲ ਦੇ ਜਸ਼ਨਾਂ ਨੂੰ ਸਮਰਪਿਤ ਸੀ।
ਸਮਾਗਮ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਦੀ ਸ਼ੁਰੂਆਤ ਇੱਕ ਵਿਸ਼ੇਸ਼ ਪ੍ਰਦਰਸ਼ਨੀ, ‘ਰਬਾਬ ਤੋਂ ਨਗਾਰਾ: ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਸਿੱਖ ਧਰਮ ਦੀ ਉਤਪਤੀ ਤੇ ਵਿਕਾਸ ਦੀ ਖੋਜ’ ਨਾਲ ਕੀਤੀ ਗਈ। ਇਹ ਸਮਾਗਮ ਨਵੇਂ ਨਾਨਕਸ਼ਾਹੀ ਵਰ੍ਹੇ ਨੂੰ ਸਮਰਪਿਤ ਸੀ ਜਿਸ ਦੀ ਸ਼ੁਰੂਆਤ 14 ਮਾਰਚ ਤੋਂ ਹੋਈ ਹੈ। ਇਸ ਸਮਾਗਮ ਵਿੱਚ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਤੇ ਐੱਸਐੱਸ ਹੰਸਪਾਲ, ਸਾਬਕਾ ਰਾਜਦੂਤ ਮਨਜੀਵ ਸਿੰਘ ਪੁਰੀ, ਪੰਜਾਬ ਐਂਡ ਸਿੰਧ ਬੈਂਕ ਦੇ ਗ਼ੈਰ-ਕਾਰਜਕਾਰੀ ਚੇਅਰਮੈਨ ਚਰਨ ਸਿੰਘ, ਪੰਜਾਬੀ ਸਾਹਿਤ ਸਭਾ ਦੇ ਰੇਣੂਕਾ ਸਿੰਘ, ਸ੍ਰੀ ਗੁਰੂ ਗ੍ਰੰਥ ਸਹਬਿ ਵਿਦਿਆ ਕੇਂਦਰ ਦੇ ਪ੍ਰਧਾਨ ਹਰਚਰਨ ਸਿੰਘ ਅਤੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਦੀ ਪਤਨੀ ਜਯੋਤੀ ਭੱਲਾ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਸ਼ਿਵਪ੍ਰੀਤ ਸਿੰਘ ਨੇ ਵੱਖ-ਵੱਖ ਰਾਗਾਂ (ਬਸੰਤ, ਸੂਹੀ, ਤੁਖ਼ਾਰੀ ਅਤੇ ਧਨਾਸਰੀ) ਵਿੱਚ ਸ਼ਬਦ ਗਾਇਨ ਨਾਲ ਸਰੋਤਿਆਂ/ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ। ਇਸ ਦੌਰਾਨ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਨਿਰਦੇਸ਼ਕ ਮਹਿੰਦਰ ਸਿੰਘ ਨੇ ਸਮਾਗਮ ਤੇ ਸਥਾਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, ‘‘ਇਹ ਖੋਜ ਕੇਂਦਰ ਪੰਜਾਬ ਦੇ ਮਹਾਨ ਸੰਤ ਕਵੀ ਭਾਈ ਵੀਰ ਸਿੰਘ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਸਦਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੌਮੀ ਰਾਜਧਾਨੀ ਵਿੱਚ ਪ੍ਰਮੁੱਖ ਸੰਸਥਾ ਬਣ ਗਈ ਹੈ। ਸਾਡਾ ਧਿਆਨ ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ ’ਤੇ ਹੈ ਜੋ ਨਿਸ਼ਕਾਮ ਭਾਵਨਾ ਨਾਲ ਗੁਰੂ ਜੀ ਦੇ ਸੰਦੇਸ਼ ਨੂੰ ਫੈਲਾਉਣ ਵਿੱਚ ਜੁਟੀ ਹੈ।’’
ਜ਼ਿਕਰਯੋਗ ਹੈ ਕਿ ਸ਼ਿਵਪ੍ਰੀਤ ਸਿੰਘ 14 ਮਾਰਚ ਨੂੰ ਹੈਦਰਾਬਾਦ ਵਿੱਚ ਹੋਏ ਗਲੋਬਲ ਅਧਿਆਤਮਕ ਉਤਸਵ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਸਨ। ਇਸ ਦਾ ਉਦਘਾਟਨ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਕੀਤਾ ਗਿਆ ਸੀ।

Advertisement

Advertisement
Author Image

joginder kumar

View all posts

Advertisement
Advertisement
×