ਤੇਜ਼ ਰਫ਼ਤਾਰ ਕਾਰ ਟੈਂਪੂ ਵਿੱਚ ਵੱਜੀ, ਦੋ ਹਲਾਕ
ਪੱਤਰ ਪ੍ਰੇਰਕ
ਪਾਤੜਾਂ, 5 ਜੂਨ
ਇੱਥੇ ਦਿੱਲੀ-ਸੰਗਰੂਰ ਕੌਮੀ ਮਾਰਗ ਤੇ ਪਿੰਡ ਖਾਸਪੁਰ ਨੇੜੇ ਤੇਜ਼ ਰਫ਼ਤਾਰ ਕਾਰ ਸੜਕ ਕਿਨਾਰੇ ਠੰਢੇ ਸੋਡੇ ਵੇਚਣ ਵਾਲੇ ਟੈਂਪੂ ਨਾਲ ਟਕਰਾ ਗਈ। ਇਸ ਕਾਰਨ ਇਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਤੇ ਦੂਜੇ ਦੀ ਹਸਪਤਾਲ ਜਾਂਦੇ ਸਮੇਂ ਮੌਤ ਗਈ ਹੈ ਜਦੋਂ ਕਿ ਇਕ ਜ਼ਖ਼ਮੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਖਾਸਪੁਰ ਮੋੜ ਉੱਤੇ ਇੱਕ ਵਿਅਕਤੀ ਦਿੱਲੀ-ਸੰਗਰੂਰ ਮੁੱਖ ਮਾਰਗ ਦੇ ਕਿਨਾਰੇ ਟਾਟਾ ਏਸ ਟੈਪੂ ਵਿੱਚ ਠੰਢੇ ਵੇਚ ਰਿਹਾ ਸੀ ਕਿ ਪਾਤੜਾਂ ਵੱਲੋਂ ਓਵਰ ਬ੍ਰਿਜ ਨੂੰ ਪਾਰ ਕਰਕੇ ਆਈ ਤੇਜ਼ ਰਫ਼ਤਾਰ ਕਾਰ ਉਸ ਵਿਚ ਆ ਟਕਰਾ ਗਈ। ਠੰਢੇ ਸੋਡੇ ਵੇਚਣ ਵਾਲੇ ਸਮੇਤ 3 ਵਿਅਕਤੀ ਇਸ ਹਾਦਸੇ ਦੀ ਲਪੇਟ ਵਿਚ ਆ ਗਏ । ਜਿਨ੍ਹਾਂ ਵਿੱਚੋਂ ਗੁਰਵਿੰਦਰ ਸਿੰਘ ਡੇਰਾ ਜੈਖਰ ਦੀ ਮੌਕੇ ‘ਤੇ ਦੀ ਮੌਤ ਹੋ ਗਈ। ਗੰਭੀਰ ਰੂਪ ਵਿੱਚ ਜ਼ਖ਼ਮੀ 2 ਵਿਅਕਤੀਆਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਸੁਖਵਿੰਦਰ ਸਿੰਘ ਵਾਸੀ ਖਾਸਪੁਰ ਦੀ ਗਭੀਰ ਹਾਲਤ ਨੂੰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਲੈ ਕੇ ਜਾਣ ਦੀ ਸਲਾਹ ਦਿੱਤੇ ਜਾਣ ਮਗਰੋਂ ਉਸ ਨੂੰ ਪਟਿਆਲੇ ਲੈ ਕੇ ਜਾਂਦੇ ਸਮੇਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ । ਸੂਚਨਾ ਮਿਲਣ ‘ਤੇ ਪੁਲੀਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਤੋਂ ਇਲਾਵਾ ਜਗਦੀਸ਼ ਵਾਸੀ ਵਾਰਡ 5 ਪਾਤੜਾਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਪੜਤਾਲ ਕਰਕੇ ਮੌਕੇ ਤੋਂ ਫ਼ਰਾਰ ਹੋਏ ਕਾਰ ਡਰਾਈਵਰ ਖ਼ਿਲਾਫ ਬਣਦੀ ਕਾਰਵਾਈ ਕੀਤੀ ਗਈ ਹੈ।