ਹਾਕੀ ਦੇ ਜ਼ਾਦੂਗਰ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ
ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਅਗਸਤ
ਸਰਕਾਰੀ ਰਣਬੀਰ ਕਾਲਜ, ਸੰਗਰੂਰ ਵਿੱਚ ਕਾਲਜ ਦੇ ਪ੍ਰਿੰਸੀਪਲ ਪ੍ਰੋਫ਼ੈਸਰ (ਡਾ.) ਸੁਖਵਿੰਦਰ ਸਿੰਘ ਦੀ ਅਗਵਾਈ ਵਿੱਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਪ੍ਰੋਫ਼ੈਸਰ (ਡਾ.) ਸੁਖਵਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਮੇਜਰ ਧਿਆਨ ਚੰਦ ਦੇ ਜੀਵਨ ਤੋਂ ਸੇਧ ਲੈਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੇਜਰ ਧਿਆਨ ਚੰਦ ਨੇ ਲਗਾਤਾਰ ਤਿੰਨ ਵਾਰ ਸਾਲ 1928, 1932 ਤੇ 1936 ਵਿੱਚ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਭਾਰਤ ਨੂੰ ਸੋਨ ਤਗਮਾ ਜਿਤਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪਹਿਲੀ ਵਾਰ 1928 ਵਿੱਚ ਓਲੰਪਿਕ ਖੇਡਾਂ ਵਿੱਚ ਹਾਕੀ ਵਿੱਚ ਹੀ ਪਹਿਲਾ ਤਗਮਾ ਜਿੱਤਿਆ ਸੀ। ਉਨ੍ਹਾਂ ਕੌਮੀ ਸਪੋਰਟਸ ਦਿਵਸ ਮਨਾਉਣ ਲਈ ਐੱਨਐੱਸਐੱਸ ਯੂਨਿਟ ਇੱਕ ਅਤੇ ਯੂਨਿਟ ਦੋ ਦੇ ਪ੍ਰੋਗਰਾਮ ਅਫ਼ਸਰਾਂ ਅਤੇ ਵਾਲੰਟੀਅਰਾਂ ਨੂੰ ਵਧਾਈ ਦਿੱਤੀ। ਕਾਲਜ ਦੇ ਨੈਕ ਕੋਆਰਡੀਨੇਟਰ ਅਸਿਸਟੈਂਟ ਪ੍ਰੋਫ਼ੈਸਰ ਕੁਲਦੀਪ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਐੱਨਐੱਸਐੱਸ ਵਾਲੰਟੀਅਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥਣ ਮੁਸਕਾਨ ਨੇ ਵੀ ਮੇਜਰ ਧਿਆਨ ਚੰਦ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਦਰਸ਼ਨ ਸ਼ਾਸਤਰ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਹਰਵਿੰਦਰ ਕੌਰ, ਕਾਲਜ ਦੇ ਉਪ ਪ੍ਰਿੰਸੀਪਲ ਤੇ ਮੁੱਖੀ ਫਿਜ਼ੀਕਲ ਐਜੂਕੇਸ਼ਨ ਅਸੋਸੀਏਟ ਪ੍ਰੋਫ਼ੈਸਰ (ਡਾ.)ਹਰਦੀਪ ਸਿੰਘ ਜਾਦੂਗਰ ਮੇਜਰ ਧਿਆਨ ਚੰਦ ਦੀ ਜ਼ਿੰਦਗੀ ਵਿੱਚ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ।