ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸਾਫ਼-ਸੁਥਰਾ ਬਣਾਉਣ ਲਈ ਨਿਵੇਕਲੀ ਮੁਹਿੰਮ ਵਿੱਢੀ
ਦੀਪਕ ਠਾਕੁਰ
ਤਲਵਾੜਾ, 14 ਜਨਵਰੀ
ਸਵੱਛ ਭਾਰਤ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਵਾਸੀ ਰਜਿੰਦਰ ਪਿਛਲੇ ਪੰਜ ਸਾਲ ਤੋਂ ਜ਼ਿਲ੍ਹੇ ਨੂੰ ਸਾਫ਼-ਸੁਥਰਾ ਬਣਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਹਰਗੜ੍ਹ ਦੇ ਜੰਮਪਲ ਲੇਖਕ ਰਜਿੰਦਰ ਹਰਗੜ੍ਹੀਆ ਨੇ ਦੱਸਿਆ ਕਿ ਉਸ ਦਾ ਸੁਫ਼ਨਾ ਹੁਸ਼ਿਆਰਪੁਰ ਨੂੰ ਦੇਸ਼ ਦਾ ਸਭ ਤੋਂ ਸਾਫ਼ ਸੁਥਰਾ ਜ਼ਿਲ੍ਹਾ ਬਣਾਉਣ ਦਾ ਹੈ। ਇਸ ਨੂੰ ਕਾਮਯਾਬ ਕਰਨ ਲਈ ਉਹ 26 ਜਨਵਰੀ 2019 ਤੋਂ ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ’ਚ ਗੰਦਗੀ ਵਾਲੀ ਥਾਵਾਂ ਦੇ ਨਜ਼ਦੀਕ ਆਪਣੇ ਸਿਰ ’ਤੇ ਬੋਰਡ ਚੁੱਕ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਇਤਿਹਾਸ ’ਚ ਮਾਸਟਰ ਡਿਗਰੀ ਹਾਸਲ ਰਜਿੰਦਰ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ ਉਹ ਰੋਜ਼ਾਨਾ ਕਰੀਬ ਇੱਕ ਘੰਟਾ ਸਮਾਂ ਕੱਢਦਾ ਹੈ ਅਤੇ ਚੌਕਾਂ-ਚੌਰਾਹਿਆਂ ਸਣੇ ਹੋਰ ਥਾਵਾਂ ’ਤੇ ਖੜ੍ਹੇ ਹੋ ਕੇ ਲੋਕਾਂ ਨੂੰ ਆਪਣਾ ਕੂੜਾ-ਕਰਕਟ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ’ਤੇ ਸੁੱਟਣ ਲਈ ਜਾਗਰੂਕ ਕਰਦਾ ਹੈ। ਆਪਣੀ ਮੁਹਿੰਮ ਦੇ 1800 ਤੋਂ ਵੱਧ ਦਿਨਾਂ ਤਹਿਤ ਜ਼ਿਲ੍ਹੇ ਦੇ ਕਸਬਾ ਕਮਾਹੀ ਦੇਵੀ, ਗੜ੍ਹਦੀਵਾਲਾ, ਢੋਲਬਾਹਾ, ਟਾਂਡਾ, ਮਾਹਿਲਪੁਰ, ਚੱਬੇਵਾਲ ਆਦਿ ਕਰੀਬ 400 ਤੋਂ ਵੱਧ ਥਾਵਾਂ ਨੂੰ ਰਜਿੰਦਰ ਹਰਗੜ੍ਹੀਆ ਕਵਰ ਕਰ ਚੁੱਕਾ ਹੈ। ਉਹ ਕਿਸੇ ਜਗ੍ਹਾ ਪਈ ਗੰਦਗੀ ਕੋਲ ਆਪਣੇ ਪ੍ਰਦਰਸ਼ਨ ਕਰਨ ਤੋਂ ਉਦੋਂ ਤਕ ਨਹੀਂ ਹਟਦਾ ਜਦੋਂ ਤੱਕ ਪ੍ਰਸ਼ਾਸਨ ਗੰਦਗੀ ਨੂੰ ਸਾਫ਼ ਨਹੀਂ ਕਰਦਾ।
ਰਜਿੰਦਰ ਨੇ ਦੱਸਿਆ ਕਿ ਸ਼ੁਰੂਆਤੀ ਦਿਨਾਂ ’ਚ ਕਈ ਲੋਕਾਂ ਨੇ ਉਸ ਦਾ ਮਜ਼ਾਕ ਉਡਾਇਆ, ਪਰ ਉਹ ਸਭ ਕੁੱਝ ਅਣਦੇਖਿਆ ਕਰ ਕੇ ਆਪਣੀ ਮੁਹਿੰਮ ’ਚ ਡਟਿਆ ਰਿਹਾ। ਹੁਣ ਲੋਕ ਉਸ ਨੂੰ ਸਨਮਾਨ ਦੀਆਂ ਨਜ਼ਰਾਂ ਨਾਲ ਦੇਖਦੇ ਹਨ। ਸ੍ਰੀ ਹਰਗੜ੍ਹੀਆ ਨੇ ਦੱਸਿਆ ਕਿ ਬਿਨਾਂ ਮੌਸਮ ਦੀ ਪ੍ਰਵਾਹ ਕੀਤਿਆਂ ਉਹ ਪਿਛਲੇ ਪੰਜ ਸਾਲ ਤੋਂ ਨਿਰੰਤਰ ਲੋਕਾਂ ਨੂੰ ਸਵੱਛਤਾ ਬਾਰੇ ਜਾਗਰੂਕ ਕਰ ਰਿਹਾ ਹੈ। ਕਿਸੇ ਥਾਂ ’ਤੇ ਉਸ ਦਾ ਘੱਟੋ ਘੱਟ ਖੜ੍ਹੇ ਹੋਣ ਦਾ ਸਮਾਂ 24 ਮਿੰਟ ਦਾ ਹੈ। ਉਸ ਨੂੰ ਜਿੱਥੇ ਵੀ ਗੰਦਗੀ ਦੇ ਢੇਰ ਲੱਗੇ ਦਿਖਾਈ ਦਿੰਦੇ ਹਨ, ਉਹ ਉੱਥੇ ਆਪਣੇ ਹੱਥ ਵਿੱਚ ਬੋਰਡ ਲੈ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਗੰਦਗੀ ਸਾਫ਼ ਹੋਣ ਤੱਕ ਉੱਥੇ ਡਟਿਆ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਉਸ ਦੇ ਯਤਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਕਈ ਪਿੰਡਾਂ ਦੀਆਂ ਨੌਜਵਾਨ ਸਭਾਵਾਂ ਨੇ ਉਸ ਨੂੰ ਬੁਲਾ ਕੇ ਆਪਣੇ ਪਿੰਡ ਸਾਫ਼-ਸੁਥਰੇ ਰੱਖਣ ਦੇ ਅਹਿਦ ਲਏ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ 15 ਅਗਸਤ 2022 ਨੂੰ ਰਜਿੰਦਰ ਵੱਲੋਂ ਸਮਾਜ ਵਿੱਚ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਿਤ ਕੀਤਾ ਸੀ।