ਵਤਸਲ ਸੇਠ ਤੇ ਇਸ਼ਿਤਾ ਦੇ ਘਰ ਪੁੱਤਰ ਨੇ ਜਨਮ ਲਿਆ
ਮੁੰਬਈ: ਟੀਵੀ ਅਦਾਕਾਰ ਵਜੋਂ ਮਕਬੂਲ ਹੋਈ ਜੋੜੀ ਵਤਸਲ ਸੇਠ ਅਤੇ ਇਸ਼ਿਤਾ ਦੱਤਾ ਦੇ ਘਰ ਬੱਚੇ ਨੇ ਜਨਮ ਲਿਆ ਹੈ। ਵਤਸਲ ਨੇ ਇੰਸਟਾਗ੍ਰਾਮ ’ਤੇ ਹਸਪਤਾਲ ਵਿੱਚ ਨਵਜੰਮੇ ਬੱਚੇ ਨਾਲ ਆਪਣੀ ਤੇ ਪਤਨੀ ਦੀ ਫੋਟੋ ਸਾਂਝੀ ਕੀਤੀ ਹੈ ਪਰ ਇਸ ਫੋਟੋ ਵਿਚ ਵਤਸਲ ਨੇ ਆਪਣੇ ਲੜਕੇ ਦਾ ਮੂੰਹ ਦਿਲ ਦੀ ਇਮੋਜੀ ਨਾਲ ਢੱਕ ਦਿੱਤਾ ਹੈ। ਇਹ ਜਾਣਕਾਰੀ ਮਿਲੀ ਹੈ ਕਿ ਇਸ਼ਿਤਾ 19 ਜੁਲਾਈ ਨੂੰ ਮਾਂ ਬਣੀ ਹੈ ਤੇ ਉਸ ਨੂੰ ਭਲਕੇ ਹਸਪਤਾਲੋਂ ਛੁੱਟੀ ਮਿਲਣ ਦੀ ਉਮੀਦ ਹੈ। ਵਤਸਲ ਨੇ ਫੋਟੋ ਦੀ ਕੈਪਸ਼ਨ ਵਿਚ ਲਿਖਿਆ, ‘ਸਾਡੇ ਘਰ ਲੜਕੇ ਨੇ ਜਨਮ ਲਿਆ ਹੈ, ਤੁਹਾਡਾ ਸਾਰਿਆਂ ਦਾ ਪਿਆਰ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ।’ ਇਸ ਤਸਵੀਰ ਦੇ ਅਪਲੋਡ ਹੋਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਮਿੱਤਰਾਂ ਨੇ ਪਿਆਰ ਭਰੀਆਂ ਟਿੱਪਣੀਆਂ ਕੀਤੀਆਂ ਤੇ ਬੱਚੇ ਨੂੰ ਆਸ਼ੀਰਵਾਦ ਦਿੱਤਾ। ਜਾਣਕਾਰੀ ਅਨੁਸਾਰ ਇਸ਼ਿਤਾ ਅਤੇ ਵਤਸਲ ਦਾ ਸਾਲ 2017 ਵਿੱਚ ਵਿਆਹ ਹੋਇਆ ਸੀ। ਇਹ ਦੋਵੇਂ ਇਸ ਤੋਂ ਪਹਿਲਾਂ ਟੀਵੀ ਸ਼ੋਅ ‘ਰਿਸ਼ਤੋਂ ਕਾ ਸੌਦਾਗਰ-ਬਾਜ਼ੀਗਰ’ ਦੀ ਸ਼ੂਟਿੰਗ ਵੇਲੇ ਮਿਲੇ ਸਨ ਤੇ ਦੋਵਾਂ ਵਿਚ ਪਿਆਰ ਹੋ ਗਿਆ। ਇਸ਼ਿਤਾ ਨੇ ਇਸ ਸਾਲ 31 ਮਾਰਚ ਨੂੰ ਇੰਸਟਾਗ੍ਰਾਮ ’ਤੇ ਆਪਣੇ ਗਰਭਵਤੀ ਹੋਣ ਦੀ ਫੋਟੋ ਸ਼ੇਅਰ ਕੀਤੀ ਸੀ। ਵਰਕ ਫਰੰਟ ’ਤੇ ਇਸ਼ਿਤਾ ਨੂੰ ਆਖਰੀ ਵਾਰ ਅਜੈ ਦੇਵਗਨ ਅਤੇ ਤੱਬੂ ਨਾਲ ਥ੍ਰਿਲਰ ਫਿਲਮ ‘ਦ੍ਰਿਸ਼ਯਮ 2’ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਪਾਠਕ ਨੇ ਕੀਤਾ ਸੀ ਤੇ ਇਹ ਫਿਲਮ ਬਲਾਕਬਸਟਰ ਰਹੀ ਸੀ। ਦੂਜੇ ਪਾਸੇ ਵਤਸਲ ਨੇ ਹਾਲ ਹੀ ਵਿੱਚ ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਨਾਲ ਫਿਲਮ ‘ਆਦਿਪੁਰਸ਼’ ਵਿੱਚ ਕੰਮ ਕੀਤਾ ਸੀ। -ਏਐੱਨਆਈ