ਸਿੱਧੂ ਮੂਸੇਵਾਲਾ ਦੇ ਮਾਪਿਆਂ ਘਰ ਪੁੱਤਰ ਨੇ ਜਨਮ ਲਿਆ
ਪੱਤਰ ਪ੍ਰੇਰਕ
ਬਠਿੰਡਾ/ਮਾਨਸਾ, 17 ਮਾਰਚ
ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਿਚ ਉਸ ਸਮੇਂ ਖੁਸ਼ੀਆਂ ਆ ਗਈਆਂ ਜਦੋਂ ਉਨ੍ਹਾਂ ਦੀ ਮਾਤਾ ਚਰਨ ਕੌਰ ਦੇ ਕੁੱਖੋਂ ਬੱਚੇ ਨੇ ਜਨਮ ਲਿਆ। ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਛੋਟੇ ਪੁੱਤਰ ਦੇ ਜਨਮ ਤੋਂ ਬਾਅਦ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਬਲਕੌਰ ਸਿੰਘ ਨੇ ਫੇਸਬੁੱਕ ’ਤੇ ਲਿਖਿਆ, ‘ਮੂਸੇਵਾਲਾ ਨੂੰ ਚਾਹੁਣ ਵਾਲੇ ਉਸ ਦੇ ਪ੍ਰਸ਼ੰਸਕਾਂ ਅਤੇ ਲੱਖਾਂ ਕਰੋੜਾਂ ਅਸੀਸਾਂ ਦੇਣ ਵਾਲਿਆਂ ਸਦਕਾ ਅਕਾਲ ਪੁਰਖ ਨੇ ਸ਼ੁਭ ਦਾ ਛੋਟਾ ਵੀਰ ਸਾਡੀ ਝੋਲੀ ਪਾਇਆ ਹੈ। ਵਾਹਿਗੁਰੂ ਦੀ ਕਿਰਪਾ ਨਾਲ ਪਰਿਵਾਰ ਤੰਦਰੁਸਤ ਹੈ, ਸਾਰੇ ਸ਼ੁਭ ਚਿੰਤਕਾਂ ਦੇ ਪਿਆਰ ਲਈ ਸ਼ੁਕਰਗੁਜ਼ਾਰ ਹਾਂ।’ ਸੋਸ਼ਲ ਮੀਡੀਆ ’ਤੇ ਬੱਚੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਦੇਸ਼ ਵਿਦੇਸ਼ ਵਿੱਚ ਬੈਠੇ ਪ੍ਰਸੰਸਕ ਵੀ ਖੁਸ਼ ਹਨ। ਇਸ ਮੌਕੇ ਜਿੱਥੇ ਸਿੱਧੂ ਮੂਸੇਵਾਲਾ ਦੇ ਪ੍ਰਸੰਸਕ ਹਸਪਤਾਲ ਪੁੱਜੇ ਉੱਥੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਲਕੌਰ ਸਿੰਘ ਨਾਲ ਖੁਸ਼ੀ ਸਾਂਝੀ ਕੀਤੀ ਗਈ। ਗੌਰਤਲਬ ਹੈ ਕਿ ਗਾਇਕ ਦੇ ਮਾਤਾ ਚਰਨ ਕੌਰ ਬਠਿੰਡਾ ਦੇ ਹਸਪਤਾਲ ਵਿਚ ਡਾ. ਰਜਨੀ ਜਿੰਦਲ ਦੀ ਨਿਗਰਾਨੀ ਹੇਠ ਇਲਾਜ ਅਧੀਨ ਸਨ। ਬੱਚਾ ਹੋਣ ਤੋਂ ਬਾਅਦ ਬਲਕੌਰ ਸਿੰਘ ਨੇ ਖੁਸ਼ੀ ਸਾਂਝੀ ਕਰਦਿਆਂ ਹਸਪਤਾਲ ਸਟਾਫ ਨਾਲ ਕੇਕ ਕੱਟਿਆ। ਡਾਕਟਰ ਰਜਨੀ ਨੇ ਦੱਸਿਆ ਕਿ ਜੱਚਾ ਤੇ ਬੱਚਾ ਦੋਵੇਂ ਠੀਕ ਹਨ ਜਿਨ੍ਹਾਂ ਨੂੰ ਜਲਦ ਹੀ ਛੁੱਟੀ ਦੇ ਦਿੱਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਸਿੱਧੂ ਮੂਸੇਵਾਲਾ ਦੀ ਪਿੰਡ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਕੋਲ ਪੁੱਜੇ ਗੁਰਦਾਸ ਮਾਨ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਪੰਜਾਬੀ ਦੇ ਉੱਘੇ ਗਾਇਕ ਗੁਰਦਾਸ ਮਾਨ ਅੱਜ ਸ਼ਾਮ ਇਥੋਂ ਦੇ ਹਸਪਤਾਲ ਵਿਚ ਸਿੱਧੂ ਮੂਸੇਵਾਲਾ ਦੇ ਪਰਿਵਾਰ ਕੋਲ ਪੁੱਜੇ। ਉਨ੍ਹਾਂ ਜਜ਼ਬਾਤੀ ਲਹਿਜ਼ੇ ’ਚ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਜਿਊਂਦੇ ਜੀਅ ਉਨ੍ਹਾਂ ਦੀ ਤਮੰਨਾ ਸੀ ਕਿ ਉਹ ਸ਼ੁਭਦੀਪ ਦੇ ਜਨਮ ਦਿਨ ’ਤੇ ਅਚਾਨਕ ਪਿੰਡ ਮੂਸੇਵਾਲਾ ਪਹੁੰਚ ਕੇ ਉਨ੍ਹਾਂ ਨੂੰ ‘ਸਰਪ੍ਰਾਈਜ਼’ ਦੇਣਗੇ ਪਰ ਬਦਕਿਸਮਤੀ ਨਾਲ ਸਿੱਧੂ ਮੂਸੇਵਾਲਾ ਇਸ ਜਹਾਨ ਤੋਂ ਸਦੀਵੀ ਰੁਖ਼ਸਤ ਹੋ ਗਿਆ। ਗੁਰਦਾਸ ਮਾਨ ਨੇ ਕਿਹਾ ਕਿ ਦਿਲ ’ਚ ਸਮੋਏ ਅਰਮਾਨਾਂ ਨੂੰ ਉਨ੍ਹਾਂ ਅੱਜ ਪੂਰਾ ਕੀਤਾ ਹੈ ਅਤੇ ਉਨ੍ਹਾਂ ਦੀ ਪ੍ਰਮਾਤਮਾ ਅੱਗੇ ਦੁਆ ਹੈ ਕਿ ਬੱਚੇ ਅਤੇ ਮਾਪਿਆਂ ਨੂੰ ਖੁਸ਼ੀਆਂ ਨਸੀਬ ਹੋਣ। ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵੱਖਰੇ ਸੁਨੇਹੇ ’ਚ ਸਿੱਧੂ ਪਰਿਵਾਰ ਨੂੰ ਬੱਚੇ ਦੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਆਪੋ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨਾਲ ਖੁਸ਼ੀ ਸਾਂਝੀ ਕੀਤੀ ਹੈ।