ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੌਲੀ ਹੌਲੀ ਤੰਦਰੁਸਤ ਹੋ ਰਹੀ ਓਜ਼ੋਨ ਪਰਤ

07:19 AM Sep 16, 2023 IST

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

Advertisement

ਓਜ਼ੋਨ ਹਲਕੇ ਨੀਲੇ ਰੰਗ ਦੀ ਗੰਧਹੀਣ ਗੈਸ ਹੁੰਦੀ ਹੈ। ਇਹ ਆਕਸੀਜਨ ਦੇ ਤਿੰਨ ਪਰਮਾਣੂਆਂ ਦੇ ਆਪਸ ਵਿਚ ਜੁੜਨ ਨਾਲ ਬਣਦੀ ਹੈ। ਧਰਤੀ ਉੱਪਰ 15 ਤੋਂ 35 ਕਿਲੋਮੀਟਰ ਵਿਚਕਾਰ, ਵਾਯੂ ਮੰਡਲ ਵਿਚਕਾਰਲੀ ਪਰਤ ਸਮਤਾਪ ਮੰਡਲ (Stratosphere) ਅਖਵਾਉਂਦੀ ਹੈ। ਇਸ ਦੇ ਹੇਠਲੇ ਪਾਸੇ ਅਜਿਹੀ ਤਹਿ ਹੁੰਦੀ ਹੈ ਜੋ ਸੂਰਜ ਤੋਂ ਆ ਰਹੀਆਂ ਅਲਟਰਾ ਪ੍ਰਾਬੈਂਗਣੀ ਵਿਕਿਰਨਾਂ (ultra violet radiations) ਨੂੰ ਆਪਣੇ ਅੰਦਰ ਸੋਖ ਲੈਂਦੀ ਹੈ। ਇਸ ਪਰਤ ਨੂੰ ਓਜ਼ੋਨ ਪਰਤ ਵੀ ਕਿਹਾ ਜਾਂਦਾ ਹੈ। ਇਸ ਵਿਚ ਓਜ਼ੋਨ ਦੀ ਮਾਤਰਾ ਤਕਰੀਬਨ 10 ਪੀਪੀਐੱਮ (parts per million) ਹੁੰਦੀ ਹੈ; ਭਾਵ, ਵਾਯੂ ਮੰਡਲ ਦੀ ਲਗਭਗ 91% ਤੋਂ ਵੱਧ ਓਜ਼ੋਨ। ਭੂਗੋਲਿਕ ਕਾਰਨਾਂ ਕਰ ਕੇ ਜਾਂ ਮੌਸਮ ਬਦਲਣ ਨਾਲ ਇਸ ਪਰਤ ਦੀ ਮੋਟਾਈ ਬਦਲਦੀ ਰਹਿੰਦੀ ਹੈ।
ਪਹਿਲੀ ਵਾਰ ਫਰਾਂਸ ਦੇ ਭੌਤਿਕ ਵਿਗਿਆਨੀ ਚਾਰਲਸ ਫੈਬਰੀ ਅਤੇ ਹੈਨਰੀ ਬੁਸੋਨ ਨੇ ਓਜ਼ੋਨ ਪਰਤ 1913 ਵਿਚ ਖੋਜੀ ਸੀ। ਉਦੋਂ ਤੱਕ ਸੂਰਜ ਦੇ ਪ੍ਰਕਾਸ਼ ਦੇ ਵਰਣ ਪੱਟ (Spectrum) ਦਾ ਅਧਿਐਨ ਹੋ ਚੁੱਕਿਆ ਸੀ। ਸੂਰਜ ਦੇ ਵਰਣ ਪੱਟ ਵਿਚ ਕਾਲੇ ਧੱਬੇ (Sun Spots) ਦੇਖੇ ਗਏ ਸਨ। ਇਸ ਤੋਂ ਇਹ ਸਿੱਟਾ ਕੱਢਿਆ ਗਿਆ ਕਿ 310 ਨੈਨੋਮੀਟਰ ਤੋਂ ਘੱਟ ਤਰੰਗ ਲੰਬਾਈ ਵਾਲੀ ਕੋਈ ਵੀ ਵਿਕਿਰਨ ਸੂਰਜ ਤੋਂ ਧਰਤੀ ਤੱਕ ਨਹੀਂ ਪਹੁੰਚ ਰਹੀ। ਖੋਜੀਆਂ ਨੂੰ ਯਕੀਨ ਹੋ ਗਿਆ ਕਿ ਵਾਯੂ ਮੰਡਲ ਵਿਚ ਮੌਜੂਦ ਕੋਈ ਨਾ ਕੋਈ ਤੱਤ ਜ਼ਰੂਰ ਪ੍ਰਾਬੈਂਗਣੀ ਕਿਰਨਾਂ ਸੋਖ ਰਿਹਾ ਹੈ ਜਿਸ ਕਰ ਕੇ ਸੂਰਜੀ ਵਰਣ ਪੱਟ ਵਿਚ ਕਾਲੇ ਖੇਤਰ ਬਣੇ ਹਨ।
ਆਖ਼ਰਕਾਰ ਖੋਜੀਆਂ ਨੇ ਪਤਾ ਲਗਾ ਲਿਆ ਕਿ ਧਰਤੀ ਦੇ ਵਾਯੂ ਮੰਡਲ ਵਿਚ ਓਜ਼ੋਨ ਹੀ ਉਹ ਤੱਤ ਹੈ ਜੋ ਪ੍ਰਾਬੈਂਗਣੀ ਕਿਰਨਾਂ ਸੋਖ ਰਿਹਾ ਹੈ। ਓਜ਼ੋਨ ਦੇ ਗੁਣਾਂ ਦਾ ਅਧਿਐਨ ਮੌਸਮ ਵਿਗਿਆਨੀ ਜੀਐੱਮਬੀ ਡੋਬਸਨ ਨੇ ਸਾਦਾ ਸਪੈਟ੍ਰੋਫੋਟੋਮੀਟਰ ਤਿਆਰ ਕਰ ਕੇ ਕੀਤਾ।
1976 ਵਿਚ ਖੋਜੀਆਂ ਨੇ ਐਲਾਨ ਕੀਤਾ ਕਿ ਇਸ ਪਰਤ ਦਾ ਕੁਝ ਉਦਯੋਗਕ ਰਸਾਇਣਾਂ, ਮਸਲਨ ਕਲੋਰੋਫਲੋਰੋ ਕਾਰਬਨ, ਏਅਰੋਸਿਲ, ਏਅਰ ਕੰਡੀਸ਼ਨਰਾਂ, ਹੈਲੋਜਨਾਂ (ਕਲੋਰੀਨ, ਬਰੋਮੀਨ, ਫਲੋਰੀਨ ਵਾਲੇ ਯੋਗਕ) ਜਹਾਜ਼ਾਂ ’ਚੋਂ ਨਿਕਲਦੇ ਨਾਈਟ੍ਰੋਜਨ ਆਕਸਾਈਡ, ਰੈਫਰੀਜਰੇਟਰਾਂ ਵਿਚ ਵਰਤੀ ਜਾਂਦੀ ਫਰੀਓਨ ਆਦਿ ਕਰ ਕੇ ਪਤਨ ਹੋ ਰਿਹਾ ਹੈ। ਪਰਤ ਪਤਲੀ ਪੈਣ ਨਾਲ ਧਰਤੀ ’ਤੇ ਪ੍ਰਾਬੈਂਗਣੀ ਵਿਕਿਰਨਾਂ ਵੱਧ ਮਾਤਰਾ ਵਿਚ ਪਹੁੰਚਣ ਲੱਗੀਆਂ ਅਤੇ ਮਨੁੱਖੀ ਜੀਵਨ ਲਈ ਚੁਣੌਤੀ ਬਣ ਰਹੀਆਂ ਹਨ। ਇਨ੍ਹਾਂ ਕਾਰਨ ਚਮੜੀ ਦਾ ਕੈਂਸਰ ਵੱਧ ਲੋਕਾਂ ਨੂੰ ਹੋਣ ਲੱਗ ਪਿਆ। ਅੱਖਾਂ ਵਿਚ ਮੋਤੀਆ ਉਤਰਨ ਲੱਗ ਪਿਆ। ਮਨੁੱਖਾਂ ਵਿਚ ਰੋਗ ਰੋਕੂ ਸਮਰੱਥਾ ਘਟਣ ਲੱਗੀ। ਪੌਦਿਆਂ ਦਾ ਡੀਐੱਨਏ ਪ੍ਰਭਾਵਿਤ ਹੋਣ ਲੱਗਾ ਅਤੇ ਹੋਰ ਵਾਤਾਵਰਨਕ ਸਮੱਸਿਆਵਾਂ ਵਧਣ ਲੱਗੀਆਂ ਹਨ।
16 ਮਈ 1985 ਨੂੰ ਵਿਗਿਆਨ ਰਸਾਲਾ ‘ਨੇਚਰ’ ਵਿਚ ਬ੍ਰਿਟਿਸ਼ ਐਂਟਾਰਕਟਿਕ ਸਰਵੇ ਕਰਨ ਵਾਲੇ ਵਿਗਿਆਨੀਆਂ ਨੇ ਦੱਖਣੀ ਧਰੁਵ ’ਤੇ ਓਜ਼ੋਨ ਦੇ ਅਸਾਧਾਰਨ, ਨੀਵੇਂ ਪੱਧਰ ਹੋਣ ਦਾ ਐਲਾਨ ਕੀਤਾ ਸੀ। ਵਾਤਾਵਰਨਕ ਖੇਤਰ ਵਿਚ ਇਹ ਅਹਿਮ ਐਲਾਨ ਸੀ। 1985 ਵਿਚ ਓਜ਼ੋਨ ਪਰਤ ਦੇ ਬਚਾਓ ਲਈ ਵਿਆਨਾ ਕਨਵੈਂਸ਼ਨ ਹੋਈ। ਇਸੇ ਲੜੀ ਨੂੰ ਅੱਗੇ ਤੋਰਦਿਆਂ 46 ਦੇਸ਼ਾਂ ਨੇ ਮੌਂਟ੍ਰੀਅਲ ਸਮਝੌਤੇ ’ਤੇ ਦਸਤਖ਼ਤ ਕੀਤੇ। ਇਹ ਸਮਝੌਤਾ 1989 ਵਿਚ ਲਾਗੂ ਹੋਇਆ। ਸਭ ਨੇ ਵਾਅਦਾ ਕੀਤਾ ਕਿ ਓਜ਼ੋਨ ਪਰਤ ਪਲੀਤ ਕਰਨ ਵਾਲੇ ਪਦਾਰਥ ਸਮਾਪਤ ਕੀਤੇ ਜਾਣਗੇ। ਸਮਝੌਤੇ ਨੂੰ ਕਈ ਨਵੇਂ ਖਤਰਿਆਂ ਨਾਲ ਨਜਿੱਠਣ ਲਈ ਅਪਡੇਟ ਵੀ ਕੀਤਾ ਗਿਆ। 1916 ਵਿਚ ਹਾਇਡਰੋਫਲੋਰੋ ਕਾਰਬਨਾਂ, ਸੰਭਾਵੀ ਗ੍ਰੀਨਹਾਊਸ ਗੈਸਾਂ, ਫਰਿੱਜਾਂ, ਏਅਰ ਕੰਡੀਸ਼ਨਰਾਂ ਵਿਚ ਵਰਤੀਆਂ ਜਾਂਦੀਆਂ ਗੈਸਾਂ ਨੂੰ ਨਕਾਰਨ ਲਈ ‘ਕੀਗਾਲੀ ਸੋਧ’ ਅਪਣਾਈ।
ਹੁਣ ਤੱਕ ਕੀਗਾਲੀ ਸੋਧ ਜੋ 2019 ਵਿਚ ਲਾਗੂ ਹੋਈ, ਨੂੰ 123 ਦੇਸ਼ਾਂ ਨੇ ਸਹਿਮਤੀ ਦੇ ਦਿੱਤੀ ਹੈ। ਇਸ ਨਾਲ ਘੱਟ ਊਰਜਾ ਖਪਤ ਕਰਨ ਵਾਲੇ ਹੋਰ ਪ੍ਰਭਾਵਸ਼ਾਲੀ ਕੂਲਿੰਗ ਯੰਤਰਾਂ ਦੇ ਨਿਰਮਾਣ ਨੂੰ ਬਲ ਮਿਲੇਗਾ। ਸੰਯੁਕਤ ਰਾਸ਼ਟਰ ਦੇ ਸਾਰੇ 197 ਮੈਂਬਰ ਵੀ ਗਾਹੇ-ਬਗਾਹੇ ਇਸ ਸਮਝੌਤੇ ਨੂੰ ਲਾਗੂ ਕਰਨ ਦੀ ਪੁਸ਼ਟੀ ਕਰ ਦੇਣਗੇ। ਵਿਗਿਆਨੀਆਂ ਨੇ ਉਮੀਦ ਪ੍ਰਗਟਾਈ ਹੈ ਕਿ ਓਜ਼ੋਨ ਪਰਤ ਇੱਕੀਵੀਂ ਸਦੀ ਦੇ ਅੰਤ ਤੋਂ ਪਹਿਲਾਂ ਆਪਣੇ 1980 ਵਾਲੇ ਪੱਧਰ ’ਤੇ ਪਹੁੰਚ ਜਾਵੇਗੀ।
ਸੰਪਰਕ: 98729-92593

Advertisement
Advertisement