ਸੰਸਦ ਮੈਂਬਰ ਔਜਲਾ ਵੱਲੋਂ ਬੀਡੀਪੀਓ ਦਫ਼ਤਰ ਅੱਗੇ ਧਰਨਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਸਤੰਬਰ
ਪੰਚਾਇਤੀ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਬੀਡੀਪੀਓ ਦਫਤਰਾਂ ਨਾਲ ਸਬੰਧਤ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਬੀਡੀਪੀਓ ਦਫ਼ਤਰ ਦੇ ਬਾਹਰ ਧਰਨਾ ’ਤੇ ਬੈਠੇ। ਉਨ੍ਹਾਂ ਦੱਸਿਆ ਕਿ ਕੁੱਝ ਸ਼ਿਕਾਇਤਾਂ ਮਿਲਣ ਮਗਰੋਂ ਉਹ ਨਿਰੀਖਣ ਕਰਨ ਵਾਸਤੇ ਬੀਡੀਪੀਓ ਦਫ਼ਤਰ ਪੁੱਜੇ, ਜਦੋਂ ਉਹ 12.45 ’ਤੇ ਬਲਾਕ ਵੇਰਕਾ ਨਾਲ ਸਬੰਧਤ ਬੀਡੀਪੀਓ ਦੇ ਰਾਣੀ ਕਾ ਬਾਗ ਦੇ ਦਫ਼ਤਰ ਪੁੱਜੇ ਤਾਂ ਉਸ ਵੇਲੇ ਸਕੱਤਰ ਆਪਣੀ ਸੀਟ ’ਤੇ ਨਹੀਂ ਸੀ। ਉਸ ਦੇ ਨਾ ਮਿਲਣ ’ਤੇ ਉਨ੍ਹਾਂ ਹੋਰ ਕਾਂਗਰਸੀ ਆਗੂਆਂ ਨਾਲ ਉਥੇ ਧਰਨਾ ਲਗਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਕੱਤਰ, ਬੀਡੀਓ ਅਤੇ ਬੀਡੀਪੀਓਜ਼ ਸੂਬਾ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਸ਼ਰੇਆਮ ਪ੍ਰੇਸ਼ਾਨ ਕਰ ਰਹੇ ਹਨ। ਫਿਰ ਐੱਸਡੀਐੱਮ ਦੇ ਆਉਣ ਤੋਂ ਬਾਅਦ ਹੜਤਾਲ ਤਾਂ ਖਤਮ ਕਰ ਦਿੱਤੀ ਗਈ ਪਰ ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਜੇ ਹਾਲਾਤ ਨਾ ਸੁਧਰੇ ਤਾਂ ਵੱਡੇ ਪੱਧਰ ’ਤੇ ਧਰਨਾ ਲਾਇਆ ਜਾਵੇਗਾ। ਸੰਸਦ ਮੈਂਬਰ ਨੇ ਕਿਹਾ ਕਿ ਲੋਕ ਸਵੇਰ ਤੋਂ ਹੀ ਉਨ੍ਹਾਂ ਦੇ ਦਫ਼ਤਰ ਆ ਕੇ ਸ਼ਿਕਾਇਤ ਕਰ ਰਹੇ ਹਨ ਕਿ ਸੈਕਟਰੀ ਆਪਣੀ ਸੀਟ ’ਤੇ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਚੁੱਲ੍ਹਾ ਟੈਕਸ ਦੀ ਰਸੀਦ ਨਹੀਂ ਮਿਲ ਰਹੀ। ਵੋਟਰ ਸੂਚੀਆਂ ਵਿੱਚ ਕਈ ਖਾਮੀਆਂ ਹਨ। ਕਈ ਲੋਕਾਂ ਦੀਆਂ ਵੋਟਾਂ ਰੱਦ ਹੋ ਚੁੱਕੀਆਂ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾਂ ਵੋਟਰ ਸੂਚੀ ਵਿੱਚ ਅਜੇ ਵੀ ਹਨ। ਜਦੋਂ ਲੋਕ ਇਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਬੀਡੀਪੀਓ ਦਫ਼ਤਰ ਪਹੁੰਚਦੇ ਹਨ ਤਾਂ ਅਧਿਕਾਰੀ ਹਾਜ਼ਰ ਨਹੀਂ ਹੁੰਦੇ।