ਵਪਾਰ ਮੰਡਲ ਵੱਲੋਂ ਸਿਮਰਨਜੀਤ ਮਾਨ ਨੂੰ ਚਾਂਦੀ ਦੀ ਬਾਲਟੀ ਭੇਟ
ਖੇਤਰੀ ਪ੍ਰਤੀਨਿਧ
ਬਰਨਾਲਾ, 18 ਨਵੰਬਰ
ਚੋਣ ਪ੍ਰਚਾਰ ਦੇ ਆਖਰੀ ਦਿਨ ਸ਼ਹੀਦੀ ਦਿਹਾੜਾ ਮਨਾਉਣ ਉਪਰੰਤ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਆਪਣੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਦੇ ਹੱਕ ਵਿੱਚ ਸਥਾਨਕ ਹੰਡਿਆਇਆ ਬਾਜ਼ਾਰ ਵਿੱਚ ਚੋਣ ਰੈਲੀ ਕੀਤੀ ਗਈ। ਰੈਲੀ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਸੰਸਦ ਮੈਂਬਰ ਰਹਿੰਦਿਆਂ ਗਰਾਂਟਾਂ ਦੀ ਵੰਡ ਸਮੇਂ ਕੋਈ ਧਾਰਮਿਕ ਪੱਖਪਾਤ ਨਹੀਂ ਕੀਤਾ। ਉਨ੍ਹਾਂ ਕੇਂਦਰੀ ਤੇ ਸੂਬਾ ਸਰਕਾਰ ਨੂੰ ਵੀ ਰਗੜੇ ਲਾਏ ਅਤੇ ਪਾਰਟੀ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਮੀਦਵਾਰ ਗੋਵਿੰਦ ਸਿੰਘ ਸੰਧੂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਇਸ ਮੌਕੇ ਬੁਲਾਰਿਆਂ ਵਿੱਚ ਲੱਖਾ ਸਿਧਾਣਾ, ਡਾ. ਹਰਜਿੰਦਰ ਸਿੰਘ ਜੱਖੂ, ਜ਼ਿਲ੍ਹਾ ਜਥੇਦਾਰ ਦਰਸ਼ਨ ਸਿੰਘ ਮੰਡੇਰ ਤੇ ਪ੍ਰੋ. ਮਹਿੰਦਰਪਾਲ ਸਿੰਘ ਵੀ ਸ਼ਾਮਲ ਸਨ। ਰੈਲੀ ਪ੍ਰਬੰਧਕ ਵਪਾਰ ਮੰਡਲ ਤੇ ਗਊ ਰੱਖਿਅਕ ਦਲ ਪ੍ਰਧਾਨ ਅਨਿਲ ਤੇ ਬਲਵਿੰਦਰ ਸ਼ਰਮਾ ਨੇ ਸ਼ਹਿਰ ਵਾਸੀਆਂ ਵੱਲੋਂ ਸਿਮਰਨਜੀਤ ਸਿੰਘ ਮਾਨ ਅਤੇ ਗੋਵਿੰਦ ਸਿੰਘ ਸੰਧੂ ਨੂੰ ਚਾਂਦੀ ਦੀ ਬਾਲਟੀ ਭੇਟ ਕੀਤੀ, ਮਗਰੋਂ ਬਾਜ਼ਾਰਾਂ ਵਿੱਚ ਰੋਡ ਸ਼ੋਅ ਵੀ ਕੱਢਿਆ।