ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਮੰਤਰੀ ਦੇ ਘਰ ਦਾ ਘਿਰਾਓ
ਪੱਤਰ ਪ੍ਰੇਰਕ
ਜਲੰਧਰ, 24 ਸਤੰਬਰ
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਸੂਬਾ ਪ੍ਰੋਗਰਾਮ ਅਨੁਸਾਰ ਫਰੰਟ ਵੱਲੋਂ ਅੱਜ ਬੂਟਾ ਮੰਡੀ ਜਲੰਧਰ ਵਿੱਚ ਰੈਲੀ ਕਰ ਕੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ, ਮਿੱਡ-ਡੇਅ ਮੀਲ ਵਰਕਰਾਂ, ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਸ਼ਮੂਲੀਅਤ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਫਰੰਟ ਦੇ ਆਗੂਆਂ ਜਰਮਨਜੀਤ ਸਿੰਘ, ਸਤੀਸ਼ ਰਾਣਾ, ਸੁਰਿੰਦਰ ਪੁਆਰੀ, ਕੁਲਵਰਨ ਸਿੰਘ, ਸ਼ਿਵ ਕੁਮਾਰ ਤਿਵਾੜੀ, ਅਮਰੀਕ ਸਿੰਘ ਕੰਗ, ਐੱਨ.ਡੀ. ਤਿਵਾੜੀ, ਅਜੀਤ ਸਿੰਘ ਸੋਢੀ, ਰਾਧੇ ਸ਼ਿਆਮ, ਗੁਰਮੇਲ ਸਿੰਘ ਮੈਲਡੇ, ਜਸਵੀਰ ਸਿੰਘ ਤਲਵਾੜਾ, ਗੁਰਵਿੰਦਰ ਸਿੰਘ, ਸੁਰਜੀਤ ਸਿੰਘ ਗਗੜਾ ਅਤੇ ਬੋਬਿੰਦਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਮਾਣ-ਭੱਤਾ ਵਰਕਰਾਂ, ਕੱਚੇ ਵਰਕਰਾਂ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਧਾਰਨ ਕੀਤੇ ਗਏ ਅੜੀਅਲ ਵਤੀਰੇ ਖਿਲਾਫ਼ ਸਾਂਝੇ ਫਰੰਟ ਵੱਲੋਂ ਪੰਜਾਬ ਅੰਦਰ ਚਾਰ ਕੈਬਨਿਟ ਮੰਤਰੀਆਂ ਦੇ ਘਰਾਂ ਦੇ ਘਿਰਾਓ ਕਰਨ ਦੇ ਫੈਸਲੇ ਤਹਿਤ ਅੱਜ ਜਲੰਧਰ ਵਿੱਚ ਸਥਾਨਕ ਸਰਕਾਰਾਂ ਦੇ ਮੰਤਰੀ ਬਲਕਾਰ ਸਿੰਘ ਮੁਹੱਲੇ ਵਿੱਚ ਦੋਆਬਾ ਜ਼ੋਨ ਦੀ ਵਿਸ਼ਾਲ ਰੈਲੀ ਕਰ ਕੇ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸਾਂਝੇ ਫਰੰਟ ਨਾਲ ਸਬੰਧਤ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਵੱਡੇ ਗਿਣਤੀ ਵਰਕਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਰੈਲੀ ਵਿੱਚ ਸ਼ਾਮਲ ਤੀਰਥ ਸਿੰਘ ਬਾਸੀ, ਹਰਿੰਦਰ ਦੁਸਾਂਝ, ਨਵਪ੍ਰੀਤ ਬੱਲੀ, ਸੁਭਾਸ਼ ਮੱਟੂ, ਵੇਦ ਪ੍ਰਕਾਸ਼, ਅਵਤਾਰ ਸਿੰਘ ਤਾਰੀ, ਦੇਵ ਰਾਜ ਲੁਧਿਆਣਾ, ਸੁੱਚਾ ਸਿੰਘ ਕਪੂਰਥਲਾ, ਕੇਵਲ ਸਿੰਘ, ਹਰਿੰਦਰਜੀਤ ਸਿੰਘ ਜਸਪਾਲ, ਫੁੱਲਾ ਸਿੰਘ ਪੱਡਾ ਅਤੇ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਂਝੇ ਫਰੰਟ ਨਾਲ ਮੀਟਿੰਗ ਕਰ ਕੇ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ 14 ਅਕਤੂਬਰ ਨੂੰ ਚੰਡੀਗੜ੍ਹ ਵਿੱਚ 50 ਹਜ਼ਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਰੈਲੀ ਕਰ ਕੇ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਤਹਿਸੀਲਦਾਰ ਜਲੰਧਰ ਗੁਰਪ੍ਰੀਤ ਸਿੰਘ ਘਿਰਾਓ ਵਿੱਚ ਪਹੁੰਚ ਕੇ ਮੰਗ ਪੱਤਰ ਪ੍ਰਾਪਤ ਕੀਤਾ।