ਜੁੱਤਾ ਕਾਰੋਬਾਰੀ ਵੱਲੋਂ ਪੁਲੀਸ ’ਤੇ ਗ਼ੈਰ-ਕਾਨੂੰਨੀ ਹਿਰਾਸਤ ’ਚ ਰੱਖਣ ਦਾ ਦੋਸ਼
ਟ੍ਰਿਬਿਊਨ ਨਿਊਜ ਸਰਵਿਸ
ਲੁਧਿਆਣਾ, 19 ਨਵੰਬਰ
ਸ਼ਹਿਰ ਦੇ ਸਲੇਮ ਟਾਬਰੀ ਇਲਾਕੇ ਵਿੱਚ ਜੁੱਤੀਆਂ ਦੇ ਕਾਰੋਬਾਰੀ ਮੌਂਟੀ ਕੱਕੜ ਨੇ ਪੁਲੀਸ ’ਤੇ ਉਸ ਨੂੰ ਦੋ ਘੰਟੇ ਜ਼ਬਰਦਸਤੀ ਥਾਣੇ ਵਿੱਚ ਬਿਠਾ ਕੇ ਹਿਰਾਸਤ ਵਿੱਚ ਰੱਖਣ ਦੇ ਦੋਸ਼ ਲਾਏ ਹਨ। ਕਾਰੋਬਾਰੀ ਨੇ ਕਿਹਾ ਕਿ ਵਾਰ-ਵਾਰ ਪੁੱਛਣ ’ਤੇ ਵੀ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਦੋ ਘੰਟਿਆਂ ਬਾਅਦ ਖਾਲੀ ਕਾਗਜ਼ ’ਤੇ ਉਸ ਤੋਂ ਦਸਤਖ਼ਤ ਕਰਵਾ ਕੇ ਇਹ ਕਹਿ ਦਿੱਤਾ ਗਿਆ ਕਿ ਉਸ ਨੂੰ ਗਲਤੀ ਨਾਲ ਹਿਰਾਸਤ ’ਚ ਲੈ ਲਿਆ ਗਿਆ ਸੀ। ਕਾਰੋਬਾਰੀ ਨੇ ਦੋਸ਼ ਲਾਇਆ ਕਿ ਉਸ ਦੇ ਕੁਝ ਪੈਸੇ ਵੀ ਪੁਲੀਸ ਮੁਲਾਜ਼ਮਾਂ ਨੇ ਆਪਣੇ ਕੋਲ ਰੱਖ ਲਏ ਹਨ। ਪੁਲੀਸ ਵੱਲੋਂ ਛੱਡੇ ਜਾਣ ਮਗਰੋਂ ਕਾਰੋਬਾਰੀ ਨੇ ਸਿਵਲ ਹਸਪਤਾਲ ਜਾ ਕੇ ਆਪਣਾ ਮੈਡੀਕਲ ਕਰਵਾਇਆ ਹੈ। ਉਸ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।
ਕਾਰੋਬਾਰੀ ਨੇ ਦੱਸਿਆ ਕਿ ਅਕਾਲਗੜ੍ਹ ਮਾਰਕੀਟ ਵਿੱਚ ਉਸ ਦੀ ਮੌਂਟੀ ਸ਼ੂ ਨਾਂ ਦੀ ਦੁਕਾਨ ਹੈ। ਬੀਤੀ ਰਾਤ ਉਹ ਬੱਚਿਆਂ ਲਈ ਚਿਕਨ ਪੈਕ ਕਰਵਾਉਣ ਲਈ ਆਪਣੇ ਘਰ ਦੇ ਨੇੜੇ ਸਲੇਮ ਟਾਬਰੀ ਸਥਿਤ ਇੱਕ ਦੁਕਾਨ ’ਤੇ ਗਿਆ ਸੀ ਜਿਥੇ ਪੁਲੀਸ ਦੀ ਇੱਕ ਜਿਪਸੀ ਆਈ ਤੇ ਪੁਲੀਸ ਮੁਲਾਜ਼ਮ ਉਸ ਨੂੰ ਜ਼ਬਰਦਸਤੀ ਫੜ ਕੇ ਸਲੇਮ ਟਾਬਰੀ ਥਾਣੇ ਲੈ ਗਏ। ਮੌਂਟੀ ਕੱਕੜ ਨੇ ਦੋਸ਼ ਲਾਇਆ ਕਿ ਪੁਲੀਸ ਨੇ ਉਸ ਨੂੰ ਦੋ ਘੰਟੇ ਥਾਣੇ ਵਿੱਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ। ਉਹ ਪੁਲੀਸ ਨੂੰ ਬਾਰ-ਬਾਰ ਪੁੱਛਦਾ ਰਿਹਾ ਕਿ ਉਸ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦਾ ਜੁਰਮ ਕੀ ਹੈ ਪਰ ਪੁਲੀਸ ਮੁਲਾਜ਼ਮਾਂ ਨੇ ਕੋਈ ਜਵਾਬ ਨਹੀਂ ਦਿੱਤਾ। ਮੌਂਟੀ ਨੇ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਛੱਡੇ ਜਾਣ ਮਗਰੋਂ ਉਹ ਮੈਡੀਕਲ ਕਰਵਾਉਣ ਲਈ ਹਸਪਤਾਲ ਗਿਆ।
ਸੜਕ ’ਤੇ ਸ਼ਰਾਬ ਪੀ ਰਹੇ ਵਿਅਕਤੀਆਂ ਨੂੰ ਲਿਆ ਸੀ ਹਿਰਾਸਤ ਵਿੱਚ: ਪੁਲੀਸ
ਸਲੇਮ ਟਾਬਰੀ ਥਾਣੇ ਦੇ ਐੱਸਐੱਚਓ ਇੰਸਪੈਕਟਰ ਬਿਟਨ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਕਿਸੇ ਨੂੰ ਵੀ ਨਾਜਾਇਜ਼ ਹਿਰਾਸਤ ਵਿੱਚ ਨਹੀਂ ਰੱਖਿਆ ਹੈ। ਕੁਝ ਲੋਕ ਸੜਕ ’ਤੇ ਖੜ੍ਹੇ ਹੋ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਮੌਂਟੀ ਕੱਕੜ ਹੀ ਨਹੀਂ ਬਲਕਿ ਕੁਝ ਹੋਰ ਨੌਜਵਾਨਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਕੋਰੇ ਕਾਗਜ਼ ’ਤੇ ਜ਼ਬਰਦਸਤੀ ਦਸਤਖ਼ਤ ਕਰਵਾਉਣ ਸਬੰਧੀ ਇੰਸਪੈਕਟਰ ਬਿਟਨ ਕੁਮਾਰ ਨੇ ਕਿਹਾ ਕਿ ਕਿਸੇ ਕਰਮਚਾਰੀ ਨੇ ਜ਼ਬਰਦਸਤੀ ਦਸਤਖ਼ਤ ਨਹੀਂ ਕਰਵਾਏ ਪਰ ਮੌਂਟੀ ਕੱਕੜ ਨੇ ਖ਼ੁਦ ਮੁਆਫੀਨਾਮਾ ਲਿਖ ਕੇ ਪੁਲੀਸ ਨੂੰ ਦਿੱਤਾ ਹੈ ਤੇ ਹੁਣ ਉਹ ਪੁਲੀਸ ’ਤੇ ਝੂਠੇ ਦੋਸ਼ ਲਗਾ ਰਿਹਾ ਹੈ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਇਸ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪੁਲੀਸ ਮੁਲਾਜ਼ਮ ਕਾਰੋਬਾਰੀ ਨੂੰ ਵਾਲਾਂ ਤੋਂ ਫੜ ਕੇ ਜਿਪਸੀ ਵਿੱਚ ਬੈਠਣ ਲਈ ਮਜਬੂਰ ਕਰਦੇ ਦਿਖਾਈ ਦੇ ਰਹੇ ਹਨ। ਕਾਰੋਬਾਰੀ ਨੇ ਲੁਧਿਆਣਾ ਸੀਪੀ ਨੂੰ ਇਨਸਾਫ਼ ਦੀ ਅਪੀਲ ਕਰਦਿਆਂ ਦੋਸ਼ੀ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।