ਸਟੇਸ਼ਨ ਤੋਂ ਅਗਵਾ ਸੱਤ ਮਹੀਨਿਆਂ ਦੀ ਬੱਚੀ ਨੌਂ ਦਿਨਾਂ ਬਾਅਦ ਵੀ ਨਹੀਂ ਲੱਭੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਰੇਲਵੇ ਸਟੇਸ਼ਨ ਤੋਂ ਪਿਛਲੇ ਦਿਨੀਂ ਅਗਵਾ ਹੋਈ ਸੱਤ ਮਹੀਨਿਆਂ ਦੀ ਬੱਚੀ ਦਾ ਮਾਮਲਾ ਦਿਨੋਂ-ਦਿਨ ਉਲਝਦਾ ਜਾ ਰਿਹਾ ਹੈ। ਇਸ ਵਾਰਦਾਤ ਨੂੰ ਕਰੀਬ ਨੌਂ ਦਿਨ ਬੀਤਣ ਦੇ ਬਾਵਜੂਦ ਹਾਲੇ ਤੱਕ ਮੁਲਜ਼ਮ ਨੂੰ ਫੜਨ ਅਤੇ ਬੱਚੀ ਦਾ ਪਤਾ ਲਾਉਣ ’ਚ ਸਫਲਤਾ ਨਹੀਂ ਮਿਲੀ ਹੈ। ਜੀਆਰਪੀ ਨੇ ਮਾਮਲੇ ’ਚ ਲੰਬੀ ਭੱਜ ਦੌੜ ਤੋਂ ਬਾਅਦ ਹੁਣ ਆਮ ਲੋਕਾਂ ਦੀ ਸਹਾਇਤਾ ਮੰਗੀ ਹੈ ਤੇ ਬੱਚੀ ਦੀ ਤਸਵੀਰ ਅਤੇ ਸੰਪਰਕ ਲਈ ਮੋਬਾਈਲ ਨੰਬਰ ਜਾਰੀ ਕਰਦੇ ਹੋਏ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਬੱਚੀ ਦਾ ਨਾਮ ਖੁਸ਼ੀ ਪਟੇਲ ਹੈ। ਖੁਸ਼ੀ ਨੂੰ ਬੀਤੀ 30 ਜੂਨ ਦੀ ਸਵੇਰੇ 4.40 ਵਜੇ ਕਿਸੇ ਅਣਪਛਾਤੇ ਨੇ ਲੁਧਿਆਣਾ ਸਟੇਸ਼ਨ ਤੋਂ ਅਗਵਾ ਕੀਤਾ ਸੀ। ਉਹ ਹੇਮਕੁੰਟ ਐਕਸਪ੍ਰੈੱਸ ’ਚ ਆਪਣੇ ਪਰਿਵਾਰ ਨਾਲ ਮਾਤਾ ਵੈਸ਼ਨੋ ਦੇਵੀ ਤੋਂ ਲੁਧਿਆਣਾ ਪਰਤੀ ਸੀ। ਰਾਤ ਦਾ ਸਮਾਂ ਅਤੇ ਥਕਾਵਟ ਹੋਣ ਕਾਰਨ ਪੂਰਾ ਪਰਿਵਾਰ ਸਟੇਸ਼ਨ ’ਤੇ ਹੀ ਸੌਂ ਗਿਆ ਸੀ। ਸਵੇਰੇ ਜਦੋਂ ਉੱਠੇ ਤਾਂ ਬੱਚੀ ਗਾਇਬ ਸੀ।
ਜੀਆਰਪੀ ਨੇ ਸ਼ਿਕਾਇਤ ਤੋਂ ਬਾਅਦ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਸੀ ਪਰ ਫਿਰ ਵੀ ਬੱਚੀ ਦਾ ਕੁਝ ਪਤਾ ਨਹੀਂ ਲੱਗ ਸਕਿਆ। ਹੁਣ ਜੀਆਰਪੀ ਪੁਲੀਸ ਨੇ ਬੱਚੀ ਦੀ ਤਸਵੀਰ ਜਾਰੀ ਕਰਦੇ ਹੋਏ ਆਮ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।