ਸੁਲਝਿਆ ਹੋਇਆ ਆਦਮੀ
ਹਰੀ ਸ਼ੰਕਰ ਪਰਸਾਈ
ਹਿੰਦੀ ਵਿਅੰਗ
ਕਈਆਂ ਨੇ ਪੁੱਛਿਆ ਕਿ ਮੇਰੀ ਨਜ਼ਰ ਐਨੀ ਸਾਫ਼ ਕਿਵੇਂ ਹੋ ਗਈ? ਅਤੇ ਮੈਂ ਐਨਾ ਸਿੱਧਾ ਸਾਦਾ ਮਨੁੱਖ ਕਿਵੇਂ ਬਣ ਗਿਆ? ਵਿਚਲੀ ਕਹਾਣੀ ਇਹ ਹੈ ਕਿ ਕਈ ਸਾਲ ਹੋ ਗਏ, ਮੈਂ ਆਪਣੇ ਆਪ ਨੂੰ ਹੀ ਕੁਝ ਆਮ ਸਵਾਲ ਪੁੱਛੇ ਸਨ। ਉਦੋਂ ਮੇਰੀ ਅੰਤਰ ਆਤਮਾ ਬੜੀ ਨਿਰਮਲ ਹੁੰਦੀ ਸੀ। ਕਈਆਂ ਦੀ ਅੰਤਰ ਆਤਮਾ ਬੁੱਢੇ ਹੋਣ ਤੀਕ ਉਵੇਂ ਦੀ ਹੀ ਰਹਿੰਦੀ ਹੈ ਜਿਹੋ ਜਿਹੀ ਜਨਮ ਵੇਲੇ ਹੁੰਦੀ ਹੈ। ਨਿੱਕੇ ਹੁੰਦੇ ਜੇ ਉਹ ਬਾਪੂ ਦਾ ਮਾਲ ਨਿਰਸੰਕੋਚ ਖਾਂਦੇ ਹਨ ਤਾਂ ਸਾਰੀ ਉਮਰ ਦੁਨੀਆਂ ਨੂੰ ਬਾਪ ਸਮਝ ਕੇ, ਉਸ ਦਾ ਮਾਲ ਬਿਨਾ ਝਜਿਕ ਮੁਫ਼ਤ ’ਚ ਹੀ ਖਾਂਦੇ ਰਹਿੰਦੇ ਹਨ। ਮੇਰੀ ਆਤਮਾ ਨੇ ਸਿੱਧੇ ਸਵਾਲਾਂ ਦੇ ਸਿੱਧੇ ਜਵਾਬ ਦੇ ਦਿੱਤੇ ਸਨ। ਜਿਵੇਂ ਬਟਨ ਦੱਬਣ ’ਤੇ ਪੱਖਾ ਚੱਲ ਪੈਂਦਾ ਹੈ। ਜਿਹੜੇ ਸਵਾਲਾਂ ਦੇ ਜਵਾਬ ਤਕਲੀਫ਼ ਦੇਣ, ਉਨ੍ਹਾਂ ਨੂੰ ਟਾਲ ਦੇਣ ਨਾਲ ਹੀ ਮਨੁੱਖ ਸੁਖੀ ਰਹਿੰਦਾ ਹੈ। ਮੈਂ ਹਮੇਸ਼ਾ ਸੁਖੀ ਰਹਿਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਸਵਾਲਾਂ ਤੋਂ ਇਲਾਵਾ ਮੈਂ ਆਤਮਾ ਨੂੰ ਹੋਰ ਸਵਾਲ ਨਹੀਂ ਕੀਤੇ, ਨਾ ਆਪਣੇ ਜਵਾਬ ਬਦਲੇ ਹਨ। ਮੇਰੀ ਸੁਲਝੀ ਹੋਈ ਨਜ਼ਰ, ਮੇਰੇ ਆਤਮ ਵਿਸ਼ਵਾਸ ਅਤੇ ਮੇਰੇ ਸੁਖ ਦਾ ਇਹੀ ਭੇਤ ਹੈ। ਦੂਜਿਆਂ ਨੂੰ ਸੁਖ ਦਾ ਰਸਤਾ ਦੱਸਣ ਲਈ ਮੈਂ ਉਹੀ ਸਵਾਲ ਅਤੇ ਉਨ੍ਹਾਂ ਦੇ ਉੱਤਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ।
? ਤੁਸੀਂ ਕਿਹੜੇ ਦੇਸ਼ ਦੇ ਬਾਸ਼ਿੰਦੇ ਹੋ। - ਭਾਰਤ ਦੇ।
? ਵਿਸ਼ਵ ਵਿੱਚ ਸਭ ਤੋਂ ਪੁਰਾਤਨ ਸੰਸਕ੍ਰਤਿੀ ਕਿਹੜੇ ਮੁਲਕ ਦੀ ਹੈ। - ਭਾਰਤ ਦੀ।
? ਤੁਹਾਡੀ ਜ਼ਾਤ - ਆਰੀਆ
? ਦੁਨੀਆਂ ਦੀ ਪ੍ਰਾਚੀਨ ਜ਼ਾਤ ਕਿਹੜੀ ਹੈ।
- ਆਰੀਆ
? ਤੁਸੀਂ ਆਪਣਾ ਖ਼ੂਨ ਟੈਸਟ ਕਰਵਾਇਆ ਹੈ
- ਹਾਂ, ਖ਼ੂਨ ਵਿੱਚ ਸੌ ਪ੍ਰਤੀਸ਼ਤ ਆਰੀਆ ਸੈੱਲ ਹਨ।
? ਦੇਵਤੇ ਭਗਵਾਨ ਅੱਗੇ ਕਿਹੜੀ ਪ੍ਰਾਰਥਨਾ ਕਰਦੇ ਹਨ
- ਕਿ ਸਾਨੂੰ ਮੁੜ ਕੇ ਭਾਰਤ ਵਿੱਚ ਜਨਮ ਦੇਈਂ।
? ਬਾਕੀ ਧਰਤੀ ਕਿਹੋ ਜਿਹੀ ਹੈ - ਪਾਪ ਭੂਮੀ ਹੈ।
? ਦੇਵਤੇ ਹੋਰ ਮੁਲਕ ਵਿੱਚ ਤਾਂ ਜਨਮ ਨਹੀਂ ਲੈਂਦੇ
- ਬਿਲਕੁਲ ਨਹੀਂ।
? ਕੀ ਦੇਵਤਿਆਂ ਕੋਲ ਕੋਈ ਰਾਜਨੀਤਕ ਨਕਸ਼ਾ ਹੈ।
- ਹਾਂ, ਉਨ੍ਹਾਂ ਕੋਲ ‘ਆਕਸਫੋਰਡ ਵਰਲਡ ਐਟਲਸ’ ਹੈ।
? ਕੀ ਉਨ੍ਹਾਂ ਨੂੰ ਪਾਕਿਸਤਾਨ ਬਣਨ ਦਾ ਪਤਾ ਲੱਗ ਗਿਆ ਹੈ।
- ਉਨ੍ਹਾਂ ਨੂੰ ਸਭ ਪਤਾ ਹੈ। ਉਹ ‘ਬਾਉਂਡਰੀ ਕਮਿਸ਼ਨ’ ਦੀ ਲਕੀਰ ਨੂੰ ਮੰਨਦੇ ਹਨ।
? ਗਿਆਨ ਵਿਗਿਆਨ ਕੀਹਦੇ ਕੋਲ ਹੈ।
- ਸਿਰਫ਼ ਆਰੀਆ ਲੋਕਾਂ ਕੋਲ਼ ਹੈ
? ਜਾਣੀ ਤੁਹਾਡੇ ਕੋਲ ਹੈ।
- ਨਹੀਂ ਸਾਡੇ ਵੱਡ ਵਡੇਰਿਆਂ ਕੋਲ
? ਉਨ੍ਹਾਂ ਤੋਂ ਇਲਾਵਾ ਕਤਿੇ ਹੋਰ ਗਿਆਨ ਵਿਗਿਆਨ ਤਾਂ ਨਹੀਂ ਹੈ। - ਕਿਸੇ ਕੋਲ ਨਹੀਂ।
? ਇਨ੍ਹਾਂ ਹਜ਼ਾਰਾਂ ਸਾਲਾਂ ਵਿੱਚ ਮਨੁੱਖ ਜਾਤੀ ਨੇ ਕੋਈ ਪ੍ਰਾਪਤੀ ਕੀਤੀ ਹੈ।
- ਕੋਈ ਨਹੀਂ। ਸਾਰੀਆਂ ਉਪਲਬਧੀਆਂ ਸਾਡੇ ਇੱਥੇ ਹੋ ਚੁੱਕੀਆਂ ਸਨ।
? ਕੀ ਹੁਣ ਸਾਨੂੰ ਕੁਝ ਸਿੱਖਣ ਦੀ ਜ਼ਰੂਰਤ ਹੈ।
- ਬਿਲਕੁਲ ਨਹੀਂ। ਸਾਡੇ ਪੁਰਖੇ ਤਾਂ ਵਿਸ਼ਵ ਦੇ ਗੁਰੂ ਸਨ।
? ਸੰਸਾਰ ਵਿੱਚ ਮਹਾਨ ਕੌਣ।
- ਅਸੀਂ, ਅਸੀਂ, ਅਸੀਂ, ਅਸੀਂ ਅਤੇ ਬੱਸ ਅਸੀਂ...
ਮੇਰਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ। ਅੱਖਾਂ ਵਿੱਚ ਅੱਥਰੂ ਆ ਗਏ। ਮੈਂ ਅੱਖਾਂ ਬੰਦ ਕਰ ਲਈਆਂ। ਮੂੰਹੋਂ ਸੁਰ ਨਿਕਲਣ ਲੱਗੇ - ਆਹ! ਵਾਹ! ਕੈਸਾ ਸੁਖ ਹੈ?
ਉਸੇ ਸਮੇਂ ਮੇਰਾ ਕੋਈ ਜਾਣੂੰ ਬੰਦਾ ਉੱਥੇ ਆ ਗਿਆ। ਬੋਲਿਆ- ਤੇਰੀਆਂ ਅੱਖਾਂ ਦੁਖਣ ਆ ਗਈਆਂ ਨੇ? ਕੋਈ ਦਵਾਈ ਪਾਈ ਹੋਈ ਹੈ?
ਮੈਂ ਕਿਹਾ- ਸੁਰਮਾ ਪਾਇਆ, ਪਰ ਬਾਹਰਲੀਆਂ ਅੱਖਾਂ ਵਿੱਚ ਨਹੀਂ, ਅੰਦਰਲੀਆਂ ਅੱਖਾਂ ਵਿੱਚ। ਬੜਾ ਸੰਤੋਖ ਹੈ। ਸਾਰਾ ਕੁਝ ਸੌਖਾ ਹੋ ਗਿਆ। ਇਤਿਹਾਸ ਸਾਹਮਣੇ ਆ ਗਿਆ। ਜ਼ਿੰਦਗੀ ਦੇ ਭੇਤ ਖੁੱਲ੍ਹ ਗਏ ਹਨ। ਨਾ ਮਨ ਵਿੱਚ ਕੋਈ ਸਵਾਲ ਉੱਠਦਾ, ਨਾ ਸ਼ੱਕ ਪੈਦਾ ਹੁੰਦਾ ਹੈ। ਜਿੰਨਾ ਜਾਣਨਯੋਗ ਸੀ, ਜਾਣ ਚੁੱਕੇ ਹਾਂ। ਸਾਡੀ ਸਾਰੀ ਜਾਤੀ ਜਾਣ ਚੁੱਕੀ ਹੈ। ਹੁਣ ਜਾਣਨ ਜੋਗਾ ਕੁਝ ਬਚਿਆ ਹੀ ਨਹੀਂ, ਨਾ ਕੁਝ ਕਰਨ ਜੋਗਾ ਬਚਿਆ ਹੈ।
ਮੈਂ ਉਸ ਨੂੰ ਉਹ ਸਵਾਲ ਜਵਾਬ ਦੱਸੇ। ਉਸ ਨੇ ਕਿਹਾ- ਠੀਕ ਹੈ। ਮੈਂ ਸਮਝ ਗਿਆ। ਆਤਮ-ਵਿਸ਼ਵਾਸ ਦੌਲਤ ਦਾ ਹੁੰਦਾ ਹੈ, ਸਿੱਖਿਆ ਦਾ ਵੀ ਅਤੇ ਬਲ ਦਾ ਵੀ। ਪਰ ਸਭ ਤੋਂ ਵੱਡਾ ਆਤਮ-ਵਿਸ਼ਵਾਸ ਨਾਸਮਝੀ ਦਾ ਹੁੰਦਾ ਹੈ।
ਇਸ ਨੂੰ ਮੈਂ ਆਪਣੀ ਵਡਿਆਈ ਸਮਝਿਆ ਅਤੇ ਆਪਣੇ ਵਿਸ਼ਵਾਸਾਂ ਵਿੱਚ ਹੋਰ ਪੱਕਾ ਹੋ ਗਿਆ। ਮੈਂ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਨ ਲੱਗ ਪਿਆ। ਲੋਕਾਂ ਨੂੰ ਮੇਰੇ ਵਿਚਾਰ ਦਿਲਚਸਪ ਲੱਗਦੇ। ਲੋਕ ਮੈਨੂੰ ਸੁਣਨ ਲਈ ਕਾਹਲੇ ਪੈਣ ਲੱਗੇ। ਮੈਨੂੰ ਇੰਜੀਨੀਅਰਾਂ ਤੋਂ ਲੈ ਕੇ ਦਾਰਸ਼ਨਿਕਾਂ ਤੱਕ ਦੇ ਇਕੱਠ ਵਿੱਚ ਬੁਲਾਇਆ ਜਾਣ ਲੱਗਾ।
ਇੱਕ ਦਿਨ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਮੈਂ ਕਿਹਾ: ‘‘ਪੱਛਮ ਮਾਣ ਕਰਦਾ ਹੈ ਕਿ ਉਸ ਨੇ ਪੈਨਸਲਿਨ ਦੀ ਖੋਜ ਕਰ ਕੇ ਇਨਸਾਨ ਦੀ ਉਮਰ ਲੰਬੀ ਕਰ ਦਿੱਤੀ ਹੈ। ਉਸ ਨੂੰ ਇਹ ਨਹੀਂ ਪਤਾ ਕਿ ਪੈਨਸਲੀਨ ਨੂੰ ਦੂਜੀ ਆਲਮੀ ਜੰਗ ਸਮੇਂ ਨਹੀਂ, ਮਹਾਂਭਾਰਤ ਦੇ ਯੁੱਧ ਸਮੇਂ ਸਾਡੇ ਇੱਥੇ ਖੋਜ ਲਿਆ ਗਿਆ ਸੀ। ਜ਼ਰਾ ਕਲਪਨਾ ਕਰੋ- ਭੀਸ਼ਮ ਪਤਿਾਮਾ ਦਾ ਸਾਰਾ ਸਰੀਰ ਜਖਮੀ ਹੋਇਆ ਪਿਆ ਸੀ। ਉਹ ਸੂਰਜ ਦੀ ਗਤੀ ਦੇਖ ਰਹੇ ਸਨ ਕਿ ਕਦੋਂ ਸੂਰਜ ਛਿਪੇ ਤੇ ਉਹ ਪ੍ਰਾਣ ਤਿਆਗੇ। ਪੂਰੇ ਇਕਵੰਜਾ ਦਿਨ ਜਿਉਂਦੇ ਰਹੇ, ਫਿਰ ਵੀ ਜ਼ਖ਼ਮਾਂ ਨਾਲ ਨਹੀਂ ਮਰੇ। ਉਨ੍ਹਾਂ ਆਪਣੀ ਇੱਛਾ ਨਾਲ ਪ੍ਰਾਣ ਤਿਆਗੇ ਸਨ। ਮੈਂ ਪੱਛਮੀ ਵਿਗਿਆਨੀਆਂ ਨੂੰ ਪੁੱਛਦਾ ਹਾਂ ਕਿ ਉਨ੍ਹਾਂ ਦੇ ਜ਼ਖ਼ਮ ਸੈਪਟਿਕ ਕਿਉਂ ਨਹੀਂ ਹੋਏ? ਸਾਡੀ ਪੈਨਸਲਿਨ ਕਾਰਨ। ਉਨ੍ਹਾਂ ਨੂੰ ਪੈਨਸਲਿਨ ਦਿੱਤੀ ਗਈ ਸੀ। ਭਾਰਤ ਨੇ ਦਸ ਹਜ਼ਾਰ ਸਾਲ ਪਹਿਲਾਂ ਜਿਹੜੀ ਪੈਨਸਲਿਨ ਦੁਨੀਆਂ ਨੂੰ ਦਿੱਤੀ, ਉਹੀ ਹੁਣ ਪੱਛਮੀ ਮੁਲਕ ਸਾਨੂੰ ਇਸ ਤਰ੍ਹਾਂ ਮੋੜ ਰਿਹਾ ਹੈ ਜਿਵੇਂ ਇਹ ਉਸ ਨੇ ਖੋਜੀ ਹੁੰਦੀ ਹੈ। ਮਿੱਤਰੋ! ਭੁੱਲਿਓ ਨਾ ਕਿ ਭਾਰਤ ਵਿਸ਼ਵ ਗੁਰੂ ਹੈ। ਸਾਨੂੰ ਕੋਈ ਕੁਝ ਨਹੀਂ ਸਿਖਾ ਸਕਦਾ। ਮੇਰੇ ਇਹ ਕਹਿਣ ’ਤੇ ਜ਼ੋਰ ਜ਼ੋਰ ਨਾਲ ਤਾੜੀਆਂ ਵੱਜੀਆਂ।
ਭਾਰਤ ਪਾਕਿਸਤਾਨ ਜੰਗ ਵੇਲੇ ਟੈਂਕ ਤੋੜਨ ਵਾਲੀ ਤੋਪ ਦੀ ਬੜੀ ਚਰਚਾ ਸੀ। ਮੈਂ ਸੁਣ ਕੇ ਹੱਸਦਾ ਸਾਂ। ਇੱਕ ਦਿਨ ਇੱਕ ਮੀਟਿੰਗ ਵਿੱਚ ਮੈਂ ਆਖ ਦਿੱਤਾ: ਜਿਹੜੀ ਟੈਂਕ ਤੋੜਨ ਵਾਲੀ ਤੋਪ ਦੀ ਤਾਰੀਫ਼ ਕਰਦੇ ਹਨ, ਉਹ ਭੁੱਲ ਜਾਂਦੇ ਹਨ ਕਿ ਟੈਂਕ ਤਾਂ ਅੱਜ ਬਣੇ ਹਨ, ਪਰ ਟੈਂਕ ਤੋੜਨ ਵਾਲੀਆਂ ਤੋਪਾਂ ਸਾਡੇ ਇੱਥੇ ਤ੍ਰੇਤਾ ਯੁੱਗ ਵਿੱਚ ਵੀ ਬਣਦੀਆਂ ਸਨ। ਕਲਪਨਾ ਕਰੋ ਉਸ ਦ੍ਰਿਸ਼ ਦੀ- ਰਾਮ ਸੁਗਰੀਵ ਨੂੰ ਕਹਿ ਰਹੇ ਹਨ ਕਿ ਮੈਂ ਬਾਲੀ ਨੂੰ ਮਾਰਾਂਗਾ। ਸੁਗਰੀਵ ਨੂੰ ਯਕੀਨ ਨਹੀਂ ਆਉਦਾ ਕਿ ਉਹ ਉਸ ਮਹਾਂਬਲੀ ਨੂੰ ਮਾਰ ਸਕਣਗੇ? ਫਿਰ ਰਾਮ ਕਮਾਨ ਚੁੱਕਦੇ ਹਨ, ਤੀਰ ਦਾ ਚਿਲਾ ਚੜ੍ਹਾ ਕੇ ਤਾੜ ਦੇ ਰੁੱਖਾਂ ਵੱਲ ਤੀਰ ਮਾਰਦੇ ਹਨ। ਤੀਰ ਸੱਤ ਤਾੜ ਦੇ ਰੁੱਖਾਂ ਤੋਂ ਪਾਰ ਲੰਘ ਜਾਂਦਾ ਹੈ। ਸਾਰੇ ਹੈਰਾਨ ਹਨ। ਮਿੱਤਰੋ! ਉਨ੍ਹਾਂ ਕੋਲ ਮੋਟੇ ਤੋਂ ਮੋਟਾ ਟੈਂਕ ਤੋੜਨ ਵਾਲੀ ਤੋਪ ਕਿਉਂ ਨਹੀਂ ਹੋਵੇਗੀ? ਅਸੀਂ ਵਿਸ਼ਵ ਦੇ ਗੁਰੂ ਹਾਂ। ਕੋਈ ਸਾਨੂੰ ਕੁਝ ਨਹੀਂ ਸਿਖਾ ਸਕਦਾ। ਖ਼ੂਬ ਤਾੜੀਆਂ ਵੱਜੀਆਂ।
ਇੱਕ ਦਿਨ ਮਨੋਵਿਗਿਆਨੀਆਂ ਨੇ ਇੱਕ ਸਮਾਗਮ ਕਰਾਇਆ। ਪ੍ਰੋਫੈਸਰ ਲੋਕ ਲੰਬੇ ਲੰਬੇ ਭਾਸ਼ਣ ਦੇ ਰਹੇ ਸਨ। ਮੈਥੋਂ ਬਰਦਾਸ਼ਤ ਨਹੀਂ ਹੋਇਆ। ਮੈਂ ਵੀ ਮੰਚ ’ਤੇ ਜਾ ਚੜ੍ਹਿਆ। ਮੈਂ ਕਿਹਾ, ‘‘ਸਾਈਕੋਲੋਜੀ... ਹੂੰਅ... ਮਨੋਵਿਗਿਆਨ... ਹੂੰਅ! ਲੋਕ ਕਹਿੰਦੇ ਇਹ ਆਧੁਨਿਕ ਵਿਗਿਆਨ ਹੈ। ਮੈਂ ਪੁੱਛਦਾ ਹਾਂ, ਕੀ ਪੁਰਾਤਨ ਭਾਰਤ ਵਿੱਚ ‘ਸਾਈਕਾਲੋਜੀ’ ਨਹੀਂ ਸੀ। ਜ਼ਰੂਰ ਹੈਗੀ ਸੀ। ਜ਼ਰਾ ਸੋਚੋ! ਸੁੰਨਾ ਜੰਗਲ ਹੈ, ਸਾਫ਼ ਪੱਥਰ ’ਤੇ ਰਿਸ਼ੀ ਤੇ ਉਸ ਦੀ ਪਤਨੀ ਬੈਠੇ ਹੋਏ ਹਨ। ਚੰਨ ਚਾਨਣੀ ਖਿਲਰੀ ਪਈ ਹੈ। ਸੁਗੰਧ ਸਮੀਰ ਵਹਿ ਰਿਹਾ ਹੈ। ਇਸ ਮੌਕੇ ਰਿਸ਼ੀ ਅਤੇ ਉਸ ਦੀ ਪਤਨੀ ਦੇ ਦਿਲ ਵਿੱਚ ਕੀ ਭਾਵਨਾਵਾਂ ਉੱਠ ਰਹੀਆਂ ਹੋਣਗੀਆਂ। ਬੱਸ ਇਹੀ ਤਾਂ ਸਾਈਕੋਲੋਜੀ ਹੈ। ਸਾਡੇ ਦੇਸ਼ ਵਿੱਚ ਇਹ ਹਜ਼ਾਰਾਂ ਸਾਲ ਪਹਿਲਾਂ ਸੀ, ਇਸ ਨੂੰ ਤੁਸੀਂ ਆਧੁਨਿਕ ਕਹਿ ਰਹੇ ਹੋ। ਤੁਸੀਂ ਭੁੱਲਦੇ ਹੋ, ਸਾਨੂੰ ਕੋਈ ਕੁਝ ਨਹੀਂ ਸਿਖਾ ਸਕਦਾ। ਖ਼ੂਬ ਤਾੜੀਆਂ ਵੱਜੀਆਂ।
ਇੱਕ ਵਾਰ ਵਿਦੇਸ਼ ਤੋਂ ਕੋਈ ਬਨਸਪਤੀ ਵਿਗਿਆਨੀ ਇੱਥੇ ਆਇਆ। ਉਸ ਦਾ ਇੱਕ ਭਾਸ਼ਨ ਆਯੋਜਤਿ ਕੀਤਾ ਗਿਆ। ਮੈਨੂੰ ਪਤਾ ਲੱਗਾ ਕਿ ਉਹ ‘ਪਥਰਾਟਾਂ’ (fossils) ਦਾ ਮਾਹਿਰ ਹੈ। ਜਾਣੀ ਕਿ ਚਟਾਨਾਂ ਵਿਚਾਲੇ ਦੱਬੇ ਹੋਏ ਪੌਦੇ ਤੇ ਜੀਵਾਂ ਦੇ ਬਚੇ-ਖੁਚੇ ਅਵਸ਼ੇਸ਼ਾਂ ਦਾ ਮਾਹਿਰ। ਮੈਂ ਉਸ ਦਾ ਭਾਸ਼ਣ ਸੁਣਿਆ। ਮੇਰੇ ਅੰਦਰ ਹਲਚਲ ਪੈਦਾ ਹੋਣ ਲੱਗੀ। ਉਹ ਪੱਛਮ ਦੇ ਵਿਗਿਆਨੀਆਂ ਦੇ ਨਾਮ ਲਈ ਜਾਵੇ। ਪੱਛਮ ਦੇ ਹੀ ਫਾਸਿਲ ਦਿਖਾਉਂਦਾ ਰਿਹਾ। ਮੈਂ ਬੋਲਣ ਲਈ ਖੜ੍ਹਾ ਹੋ ਗਿਆ। ਮੈਂ ਕਿਹਾ- ‘‘ਅਸੀਂ ਅੱਜ ਬਾਟਨੀ ਦਾ ਮਹਾਨ ਲੈਕਚਰ ਸੁਣਿਆ। ਪਤਾ ਲੱਗਾ ਕਿ ਫਾਸਿਲ ਕਿਹੋ ਜਿਹੇ ਹੁੰਦੇ ਹਨ? ਮੈਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਪੁਰਾਤਨ ਭਾਰਤ ਵਿੱਚ ਬਾਟਨੀ ਨਹੀ? ਭਗਵਾਨ ਰਾਮ ਨੇ ਆਹਿਲਿਆ ਫਾਸਿਲ ਲੱਭੀ, ਉਸ ਨੂੰ ਮੁੜ ਔਰਤ ਬਣਾ ਦਿੱਤਾ ਸੀ। ਐਸੇ ਚਮਤਕਾਰ ਐਥੇ ਹੋਏ ਹਨ। ਅਸੀਂ ਵਿਸ਼ਵ ਗੁਰੂ ਰਹੇ ਹਾਂ। ਸਾਨੂੰ ਕੋਈ ਕੁਝ ਨਹੀਂ ਸਿਖਾ ਸਕਦਾ। ਮੇਰੀ ਦਲੀਲ ਸੁਣ ਕੇ ਲੋਕਾਂ ਨੇ ਬੜੀਆਂ ਤਾੜੀਆਂ ਮਾਰੀਆਂ। ਵਿਦੇਸ਼ੀ ਮਾਹਿਰ ਵੀ ਮੰਨ ਗਿਆ ਕਿ ਸਾਨੂੰ ਕੋਈ ਕੁਝ ਨਹੀਂ ਸਿਖਾ ਸਕਦਾ।
ਇੱਕ ਦਿਨ ਅਜਿਹੀ ਥਾਂ ਪਹੁੰਚ ਗਿਆ ਜਿੱਥੇ ਪਹਿਲਵਾਨ ਕਿਸਮ ਦੇ ਦੋ ਆਦਮੀਆਂ ਨੇ ਭਾਸ਼ਨ ਦੇਣਾ ਸੀ। ਮੈਨੂੰ ਪਤਾ ਲੱਗਿਆ ਕਿ ਉਹ ਬਾਹਰਲੇ ਮੁਲਕਾਂ ਤੋਂ ਬਾਡੀ ਬਿਲਡਿੰਗ ਦੀ ਪੜ੍ਹਾਈ ਕਰਕੇ ਆਏ ਸਨ। ਉਨ੍ਹਾਂ ਨੇ ਦੱਸਣਾ ਸੀ ਕਿ ਸਰੀਰ ਨੂੰ ਰਿਸ਼ਟ ਪੁਸ਼ਟ ਕਿਵੇਂ ਰੱਖੀਦਾ ਹੈ? ਮੈਂ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਿਹਾ। ਅੰਤ ਮੈਂ ਬੋਲ ਪਿਆ- ਸਰੀਰ ਨੂੰ ਤਾਂ ਸਾਡੇ ਵੱਡ ਵਡੇਰੇ ਸੰਭਾਲਦੇ ਸਨ। ਸਾਡੇ ਕੋਲ ਨਾ ਸਰੀਰ ਹੈ ਨਾ ਅਸੀਂ ਉਸ ਨੂੰ ਬਣਾ ਸਕਦੇ ਹਾਂ। ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਤੁਸੀਂ ਭਗਵਾਨ ਰਾਮ ਅਤੇ ਕ੍ਰਿਸ਼ਨ ਦੀਆਂ ਐਨੀਆਂ ਤਸਵੀਰਾਂ ਦੇਖੀਆਂ ਹੋਣਗੀਆਂ। ਉਨ੍ਹਾਂ ਵਿੱਚ ਸਰੀਰ ਬਣਿਆ ਨਜ਼ਰ ਆਉਂਦਾ ਹੈ ਕਿ ਨਹੀਂ? ਤੁਸੀਂ ਕੋਟ ਪੈਂਟ ਪਾਈ ਬੈਠੇ ਹੋ। ਤੁਹਾਡੇ ਸਰੀਰ ਵਿੱਚ ਦਿਖਾਉਣ ਨੂੰ ਕੀ ਹੈ?
ਖ਼ੂਬ ਤਾੜੀਆਂ ਵੱਜੀਆਂ। ਸਭ ਮੰਨ ਗਏ ਕਿ ਸਾਨੂੰ ਕੋਈ ਕੁਝ ਨਹੀਂ ਸਿਖਾ ਸਕਦਾ। ਮੇਰੀ ਦ੍ਰਿਸ਼ਟੀ ਐਨੀ ਸਾਫ਼ ਤੇ ਸੁਲਝ ਗਈ ਹੈ ਕਿ ਮੇਰੀ ਹਰ ਗੱਲ ਤਰਕ ਤੋਂ ਉੱਪਰ ਹੁੰਦੀ ਹੈ। ਉਸ ’ਤੇ ਯਕੀਨ ਕਰਨਾ ਹੀ ਪੈਂਦਾ ਹੈ। ਜਿੱਥੇ ਮੈਂ ਇੱਕ ਵਾਰੀ ਭਾਸ਼ਨ ਦੇ ਆਉਂਦਾ ਹਾਂ, ਉੱਥੇ ਦੇ ਲੋਕ ਮੰਨ ਲੈਂਦੇ ਹਨ ਕਿ ਸਾਨੂੰ ਕੋਈ ਕੁਝ ਨਹੀਂ ਸਿਖਾ ਸਕਦਾ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਮੇਰੀਆਂ ਗੱਲਾਂ ਸੁਣ ਕੇ ਸਾਨੂੰ ਕੁਝ ਵੀ ਸਿਖਾਉਣਾ ਬੰਦ ਕਰ ਦਿੱਤਾ ਹੈ।
- ਪੰਜਾਬੀ ਰੂਪ: ਹਰੀ ਕ੍ਰਿਸ਼ਨ ਮਾਇਰ
ਈ-ਮੇਲ: mayer_hk@yahoo.com