ਦਿੱਲੀ ’ਚ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਝਟਕਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਅੱਜ ਭਾਜਪਾ ਨੂੰ ਵੱਡਾ ਝਟਕਾ ਲੱਗਿਆ। ਭਾਜਪਾ ਦੇ ਸੀਨੀਅਰ ਆਗੂ ਅਤੇ ਦਿੱਲੀ ਪ੍ਰਦੇਸ਼ ਕਾਰਜਕਾਰਨੀ ਮੈਂਬਰ ਸੰਜੀਵ ਅਰੋੜਾ ਵਾਸੀ ਰਾਜਿੰਦਰ ਨਗਰ ਵਿਧਾਨ ਸਭਾ ਆਪਣੀ ਪੂਰੀ ਟੀਮ ਸਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪਾਰਟੀ ਹੈੱਡਕੁਆਰਟਰ ਵਿੱਚ ਸੀਨੀਅਰ ਆਗੂ ਤੇ ਸੰਸਦ ਮੈਂਬਰ ਸੰਜੈ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕੀਤਾ। ਇਸ ਮੌਕੇ ਸੀਨੀਅਰ ਆਗੂ ਅਤੇ ਰਾਜਿੰਦਰ ਨਗਰ ਤੋਂ ਉਮੀਦਵਾਰ ਦੁਰਗੇਸ਼ ਪਾਠਕ ਨੇ ਸੰਜੀਵ ਅਰੋੜਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਆਮ ਆਦਮੀ ਪਾਰਟੀ ਪਰਿਵਾਰ ਵਿੱਚ ਆਉਣ ’ਤੇ ਸਵਾਗਤ ਕੀਤਾ।
ਸੰਸਦ ਮੈਂਬਰ ਸੰਜੈ ਸਿੰਘ ਅਤੇ ਵਿਧਾਇਕ ਦੁਰਗੇਸ਼ ਪਾਠਕ ਨੇ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਸੰਜੇ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਸੀਨੀਅਰ ਆਗੂ ਅਤੇ ਸੂਬਾ ਕਾਰਜਕਾਰਨੀ ਮੈਂਬਰ ਸੰਜੀਵ ਅਰੋੜਾ ਆਪਣੀ ਪੂਰੀ ਟੀਮ ਸਣੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਸੰਜੀਵ ਅਰੋੜਾ ਪਿਛਲੇ 25 ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਹ ਭਾਜਪਾ ਯੁਵਾ ਮੋਰਚਾ ਦੀ ਰਾਸ਼ਟਰੀ ਕਾਰਜਕਾਰਨੀ ਅਤੇ ਮੀਡੀਆ ਇੰਚਾਰਜ, ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਮੀਡੀਆ ਇੰਚਾਰਜ, ਭਾਜਪਾ ਜ਼ਿਲ੍ਹਾ ਕਰੋਲ ਬਾਗ ਦੇ ਖਜ਼ਾਨਚੀ ਅਤੇ ਮੀਤ ਪ੍ਰਧਾਨ ਅਤੇ ਭਾਜਪਾ ਯੁਵਾ ਮੋਰਚਾ ਦੇ ਸੂਬਾਈ ਮੈਂਬਰ ਰਹਿ ਚੁੱਕੇ ਹਨ। ਸੰਜੀਵ ਅਰੋੜਾ ਪਿਛਲੇ ਕਰੀਬ 30 ਸਾਲਾਂ ਤੋਂ ਸਮਾਜਿਕ ਖੇਤਰ ਵਿੱਚ ਲੋਕ ਸੇਵਾ ਲਈ ਕੰਮ ਕਰ ਰਹੇ ਹਨ। ਆਪਣੀ ਸੰਸਥਾ ‘ਇੰਦਰਪ੍ਰਸਥ ਸੰਜੀਵਨੀ’ ਤਹਿਤ ਉਹ ਲਗਪਗ 50 ਹਜ਼ਾਰ ਲੋਕਾਂ ਦੀ ਟੀਮ ਨਾਲ ਪੂਰੀ ਦਿੱਲੀ ਵਿੱਚ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਸੰਜੀਵ ਅਰੋੜਾ ਕੇਪੀਐੱਸ ਗਿੱਲ ਫਾਊਂਡੇਸ਼ਨ ਅਤੇ ਨਰਾਇਣ ਵਿਹਾਰ, ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਮਹਾਮੰਡਲੇਸ਼ਵਰ ਸੰਤਾਂ ਦੇ ਆਸ਼ੀਰਵਾਦ ਨਾਲ ਗੰਗਾ ਦੇ ਪੁੱਤਰ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ ਕਿ ਸੰਜੀਵ ਅਰੋੜਾ ਪਿਛਲੇ ਕਈ ਸਾਲਾਂ ਤੋਂ ਆਪਣੀ ਐਨਜੀਓ ਰਾਹੀਂ ਰਾਜਿੰਦਰ ਨਗਰ ਅਤੇ ਕਰੋਲ ਬਾਗ ਦੇ ਖੇਤਰਾਂ ਵਿੱਚ ਸਰਗਰਮ ਹਨ ਅਤੇ ਲੋਕਾਂ ਦੀ ਬਹੁਤ ਮਦਦ ਕਰ ਚੁੱਕੇ ਹਨ।
ਭਾਜਪਾ ਨੇ ਟਿਕਟਾਂ ਦੀ ਵੰਡ ਸਹੀ ਨਹੀਂ ਕੀਤੀ: ਅਰੋੜਾ
ਇਸ ਦੌਰਾਨ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੰਜੀਵ ਅਰੋੜਾ ਨੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਚਿੰਤਤ ਹਾਂ ਕਿ ਕਿਸ ਆਧਾਰ ’ਤੇ ਟਿਕਟਾਂ ਦੀ ਵੰਡ ਕੀਤੀ ਗਈ ਅਤੇ ਉਨ੍ਹਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਹਾਲ ਹੀ ਵਿੱਚ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ।