ਦਿਹਾੜੀਦਾਰ ਮੁਲਾਜ਼ਮਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ
ਜਗਮੋਹਨ ਸਿੰਘ
ਘਨੌਲੀ, 16 ਨਵੰਬਰ
ਪਾਵਰਕੌਮ ਮੈਨੇਜਮੈਂਟ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਤੋਂ ਸੇਵਾਮੁਕਤ ਹੋਣ ਉਪਰੰਤ ਦੁਬਾਰਾ ਨੌਕਰੀ ’ਤੇ ਲੱਗੇ ਮੁਲਾਜ਼ਮਾਂ ਅਤੇ ਪੈਸਕੋ ਸਕਿਉਰਿਟੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਵਾਧੇ ਉਪਰੰਤ ਦਿਹਾੜੀਦਾਰ ਕਾਮਿਆਂ ਨੇ ਆਪਣੀਆਂ ਉਜਰਤਾਂ ਵਿੱਚ ਵਾਧਾ ਕਰਾਉਣ ਲਈ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ 19 ਨਵੰਬਰ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਦਿਹਾੜੀਦਾਰ ਕਾਮਿਆਂ ਦੀ ਭੁੱਖ ਹੜਤਾਲ ਅੱਜ ਛੇਵੇਂ ਦਿਨ ਵਿੱਚ ਪੁੱਜ ਗਈ ਹੈ ਅਤੇ ਅੱਜ ਭੁੱਖ ਹੜਤਾਲ ਵਿੱਚ ਮਨਿੰਦਰ ਸਿੰਘ, ਰਾਜੂ, ਰਣਜੀਤ ਸਿੰਘ, ਰਾਜਨ ਠਾਕੁਰ ਤੇ ਵਿਸ਼ਨੂੰ ਸ਼ਾਮਲ ਹੋਏ।
ਥਰਮਲ ਸੰਘਰਸ਼ ਕਮੇਟੀ ਦੇ ਬੈਨਰ ਅਧੀਨ ਚੱਲ ਰਹੀ ਭੁੱਖ ਹੜਤਾਲ ਦੌਰਾਨ ਦਿਹਾੜੀਦਾਰ ਕਾਮਿਆਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਰਾਜ ਕੁਮਾਰ ਤਿਵਾੜੀ ਨੇ ਦੋਸ਼ ਲਾਇਆ ਕਿ ਦੁਬਾਰਾ ਨੌਕਰੀ ’ਤੇ ਲੱਗੇ ਮੁਲਾਜ਼ਮਾਂ ਤੇ ਪੈਸਕੋ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ ਤਾਂ ਵਾਧਾ ਕਰ ਦਿੱਤਾ ਹੈ, ਪਰ ਦਹਾਕਿਆਂ ਤੋਂ ਥਰਮਲ ਪਲਾਂਟ ਵਿੱਚ ਵੱਖ-ਵੱਖ ਠੇਕੇਦਾਰਾਂ, ਕੰਪਨੀਆਂ ਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਕਾਮਿਆਂ ਦੀਆਂ ਉਜਰਤਾਂ ਵਿੱਚ ਵਾਧਾ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਵੱਲੋਂ ਪਾਵਰਕੌਮ ਦੇ ਸੀਐੱਮਡੀ ਜਾਂ ਮੰਤਰੀਆਂ ਦੀ ਕਮੇਟੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹਾਲੇ ਤੱਕ ਉਨ੍ਹਾਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਭੁੱਖ ਹੜਤਾਲ ਸ਼ੁਰੂ ਕਰਨੀ ਪਈ ਹੈ। ਇਸ ਮੌਕੇ ਜਗਵਿੰਦਰ ਸਿੰਘ, ਪਵਨਪ੍ਰੀਤ ਸਿੰਘ, ਤਰੁਨ ਲੋਤਰਾ, ਮਹਿੰਦਰ ਸਿੰਘ ਤੇ ਵੀਰਪਾਲ ਸਿੰਘ ਹਾਜ਼ਰ ਸਨ।