ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਾ ਸਿਲਸਿਲਾ
ਮੁੰਬਈ, 23 ਜਨਵਰੀ
ਸਥਾਨਕ ਸ਼ੇਅਰ ਬਾਜ਼ਾਰਾਂ ਵਿਚ ਅੱਜ ਗਿਰਾਵਟ ਦਾ ਸਿਲਸਿਲਾ ਜਾਰੀ ਰਿਹਾ ਤੇ ਬੀਐੱਸਈ ਸੈਂਸੈਕਸ 1,053 ਅੰਕ ਟੁੱਟ ਕੇ 71,000 ਅੰਕਾਂ ਤੋਂ ਹੇਠਾਂ ਆ ਗਿਆ। ਮੱਧ ਪੂਰਬ ਵਿਚ ਤਣਾਅ ਵਧਣ ਦੇ ਨਾਲ ਆਲਮੀ ਪੱਧਰ ਉਤੇ ਮਿਲੇ-ਜੁਲੇ ਰੁਖ਼ ਦਰਮਿਆਨ ਸੂਚਕ ਅੰਕ ਵਿਚ ਮਜ਼ਬੂਤ ਹਿੱਸੇਦਾਰੀ ਰੱਖਣ ਵਾਲੀ ਕੰਪਨੀਆਂ ਐਚਡੀਐਫਸੀ ਬੈਂਕ, ਰਿਲਾਇੰਸ ਇੰਡਸਟਰੀਜ਼ ਤੇ ਐੱਸਬੀਆਈ ’ਚ ਸ਼ੇਅਰਾਂ ਦੀ ਵਿਕਰੀ ਕਾਰਨ ਬਾਜ਼ਾਰ ਹੇਠਾਂ ਡਿੱਗਿਆ। ਕਾਰੋਬਾਰੀਆਂ ਮੁਤਾਬਕ ਕੰਪਨੀਆਂ ਦੇ ਤਿਮਾਹੀ ਨਤੀਜੇ ਉਮੀਦ ਮੁਤਾਬਕ ਨਾ ਰਹਿਣ ਬਾਰੇ ਫ਼ਿਕਰਾਂ ਵਿਚਾਲੇ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ। 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ’ਚ ਕਰੀਬ 450 ਅੰਕਾਂ ਦੀ ਚੜ੍ਹਤ ਨਾਲ ਖੁੱਲ੍ਹਿਆ। ਪਰ ਬਾਅਦ ਵਿਚ ਇਹ 1053.10 ਅੰਕ ਜਾਂ 1.47 ਪ੍ਰਤੀਸ਼ਤ ਦੀ ਗਿਰਾਵਟ ਨਾਲ 70,370.55 ਅੰਕ ਉਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 70,234.55 ਅੰਕਾਂ ਤੱਕ ਹੇਠਾਂ ਵੀ ਆਇਆ ਤੇ 72,039.20 ਅੰਕ ਦੇ ਉੱਚੇ ਪੱਧਰ ਉਤੇ ਵੀ ਗਿਆ। ਨਿਫਟੀ ਵੀ 330.15 ਅੰਕ (1.53 ਪ੍ਰਤੀਸ਼ਤ) ਖਿਸਕ ਕੇ 21,241.65 ਅੰਕ ਉਤੇ ਬੰਦ ਹੋਇਆ। -ਪੀਟੀਆਈ